• Home
  • ਜਸਟਿਸ ਜੋਰਾ ਸਿੰਘ ਨੇ ਖੋਲੇ ਰਾਜ਼-ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲਿਆਂ ਦੀ ਨਹੀਂ ਹੋ ਸਕੀ ਸਹੀ ਢੰਗ ਨਾਲ ਜਾਂਚ 

ਜਸਟਿਸ ਜੋਰਾ ਸਿੰਘ ਨੇ ਖੋਲੇ ਰਾਜ਼-ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲਿਆਂ ਦੀ ਨਹੀਂ ਹੋ ਸਕੀ ਸਹੀ ਢੰਗ ਨਾਲ ਜਾਂਚ 

ਚੰਡੀਗੜ : ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਸਟਿਸ ਜੋਰਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਬਾਦਲ ਪਰਵਾਰ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜਿਸ ਵੇਲੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਉਨਾਂ ਨੂੰ ਕਮਿਸ਼ਨ ਗਠਿਤ ਕਰ ਕੇ ਉਸ ਦਾ ਇੰਚਾਰਜ ਲਾਇਆ ਤਾਂ ਉਨਾਂ ਤਨਦੇਹੀ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ। ਉਨਾਂ ਕਿਹਾ ਕਿ ਉਨਾਂ ਵਲੋਂ ਪੇਸ਼ ਕੀਤੀ ਰਿਪੋਰਟ ਨੂੰ ਅਕਾਲੀ ਦਲ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਨਾਂ ਖ਼ੁਲਾਸਾ ਕੀਤਾ ਕਿ ਅਧਿਕਾਰੀਆਂ ਨੇ ਸ਼ੱਕੀਆਂ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਜਿਸ ਕਾਰਨ ਸਹੀ ਨਤੀਜੇ ਸਾਹਮਣੇ ਨਹੀਂ ਆ ਸਕੇ। ਜੋਰਾ ਸਿੰਘ ਨੇ ਇਨਾਂ ਸੱਕੀਆਂ ਦੇ ਨਾਂ ਵੀ ਦੱਸੇ। ਇਹ ਸਨ-ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਗ੍ਰੰਥੀ ਰਣਜੀਤ ਸਿੰਘ ਅਤੇ ਇੱਕ ਟੇਲਰ ਮਾਸਟਰ।
ਸੇਵਾਮੁਕਤ ਜਸਟਿਸ ਨੇ ਕਿਹਾ ਕਿ ਉਨਾਂ ਵਲੋਂ ਤਨਦੇਹੀ ਨਾਲ ਤਿਆਰ ਕੀਤੀ ਰਿਪੋਰਟ ਉਹ ਜਦੋਂ ਮੁੱਖ ਮੰਤਰੀ ਨੂੰ ਸੌਂਪਣ ਗਏ ਤਾਂ ਅਧਿਕਾਰੀਆਂ ਨੇ ਉਨਾਂ ਨੂੰ ਮਿਲਣ ਨਹੀਂ ਦਿੱਤਾ ਤੇ ਉਹ ਪੰਜ ਘੰਟੇ ਬਾਹਰ ਬੈਠੇ ਰਹੇ ਤੇ ਅਖ਼ੀਰ ਰਿਪੋਰਟ ਚਪੜਾਸੀ ਨੂੰ ਦੇ ਕੇ ਆ ਗਏ। ਉਨਾਂ ਇਸ ਕੋਤਾਹੀ ਲਈ ਬਾਦਲ ਪਰਵਾਰ ਨੂੰ ਜ਼ਿੰਮੇਵਾਰ ਦਸਿਆ।
ਜੋਰਾ ਸਿੰਘ ਨੇ ਕਿਹਾ ਕਿ ਜਾਂਚ ਵੇਲੇ ਜ਼ਿਆਦਾਤਰ ਪੁਲਿਸ ਅਧਿਕਾਰੀਆਂ ਨੇ ਵੀ ਉਨਾਂ ਦਾ ਸਾਥ ਨਾ ਦਿੱਤਾ ਜਿਸ ਕਾਰਨ ਜਾਂਚ 'ਚ ਕਈ ਗੱਲਾਂ ਅਧੂਰੀਆਂ ਰਹਿਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਨਾ ਕੇਵਲ ਅਕਾਲੀ ਸਰਕਾਰ ਨੇ ਉਨਾਂ ਦੀ ਰਿਪੋਰਟ ਨੂੰ ਅਣਗੌਲਾ ਕੀਤਾ ਬਲਕਿ ਕਾਂਗਰਸ ਸਰਕਾਰ ਨੇ ਵੀ ਉਨਾਂ ਦੀ ਰਿਪੋਰਟ ਨੂੰ ਨਿਕਾਰ ਦਿੱਤਾ।