• Home
  • ਕੈਪਟਨ ਸਥਿਤੀ ਦਾ ਜਾਇਜ਼ਾ ਲੈਣ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ 3 ਦਿਨ ਸਰਹੱਦੀ ਇਲਾਕੇ ‘ਚ ਡੇਰਾ ਲਾਉਣਗੇ- ਹਵਾਈ ਫੌਜ਼ ਦੇ ਹਮਲੇ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਅਤਿ ਚੌਕਸੀ ਦੇ ਹੁਕਮ ਜਾਰੀ

ਕੈਪਟਨ ਸਥਿਤੀ ਦਾ ਜਾਇਜ਼ਾ ਲੈਣ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ 3 ਦਿਨ ਸਰਹੱਦੀ ਇਲਾਕੇ ‘ਚ ਡੇਰਾ ਲਾਉਣਗੇ- ਹਵਾਈ ਫੌਜ਼ ਦੇ ਹਮਲੇ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਅਤਿ ਚੌਕਸੀ ਦੇ ਹੁਕਮ ਜਾਰੀ

ਚੰਡੀਗੜ੍ਹ, 26 ਫਰਵਰੀ:ਅਸਲ ਕਬਜ਼ੇ ਵਾਲੀ ਰੇਖਾ ਤੋਂ ਪਾਰ ਜਾ ਕੇ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਇਕ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਸਰਕਾਰ ਦੇ ਵਿਸ਼ਵਾਸ ਪੈਦਾ ਕਰਨ ਦੇ ਕਦਮਾਂ ਵਜੋਂ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਡੇਰਾ ਲਾਉਣਗੇ |ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਅਤਿ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਫੌਜ ਵੱਲੋਂ ਕੀਤੇ ਹਮਲੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਕੇਂਦਰੀ ਗ੍ਰਹਿ ਅਤੇ ਰੱਖਿਆ ਮੰਤਰਾਲਿਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ | ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਿਵਲ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਥਿਤੀ ਦੀਆਂ ਜ਼ਮੀਨੀ ਹਕੀਕਤਾਂ ਦਾ ਅਨੁਮਾਨ ਲਾਉਣ ਲਈ ਨਾਜ਼ੁਕ ਸਰਹੱਦੀ ਇਲਾਕਿਆਂ ਵਿੱਚ ਡੇਰਾ ਲਾਉਣ ਦਾ ਫੈਸਲਾ ਕੀਤਾ | ਮੁੱਖ ਮੰਤਰੀ ਭਲਕੇ ਸਵੇਰੇ ਪਠਾਨਕੋਟ ਲਈ ਰਵਾਨਾ ਹੋਣਗੇ ਅਤੇ ਇਸ ਜ਼ਿਲ੍ਹੇ ਅਤੇ ਅੰਮਿ੍ਤਸਰ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦਾ ਸੜਕ ਰਾਹੀਂ ਦੌਰਾ ਕਰਨਗੇ | ਅਗਲੇ ਦਿਨ ਉਹ ਤਰਨ ਤਾਰਨ ਇਲਾਕੇ ਵਿੱਚ ਜਾਣਗੇ ਅਤੇ ਰਾਤ ਫਰੀਦਕੋਟ ਵਿਖੇ ਠਹਿਰਨਗੇ | ਕੈਪਟਨ ਅਮਰਿੰਦਰ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਸ਼ੁਕਰਵਾਰ ਨੂੰ ਵਾਪਸ ਚੰਡੀਗੜ੍ਹ ਆਉਣਗੇ |ਇਸ ਮੀਟਿੰਗ ਵਿੱਚ ਹਾਜ਼ਰ ਰਵੀਨ ਠੁਕਰਾਲ ਨੇ ਇਹ ਵੀ ਦੱਸਿਆ ਕਿ ਅਸਲ ਕਬਜ਼ੇ ਵਾਲੀ ਰੇਖਾ 'ਤੇ ਹਾਲ ਹੀ ਦੀਆਂ ਹਾਲਤਾਂ ਦੇ ਮੱਦੇਨਜ਼ਰ ਕਿਸੇ ਵੀ ਅਚਾਨਕ ਵਾਪਰਨ ਵਾਲੀ ਘਟਨਾ ਨਾਲ ਨਿਪਟਨ ਲਈ ਸੂਬੇ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਦਮ ਚੁੱਕਣ ਵਾਸਤੇ ਹੁਕਮ ਜਾਰੀ ਕਰ ਦਿੱਤੇ ਹਨ | ਸਰਹੱਦੀ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਸਾਰੇ ਕਦਮ ਚੁੱਕਣ ਲਈ ਆਖਿਆ |ਮੀਡੀਆ ਸਲਾਹਕਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੇ ਭੈਅ ਵਿੱਚ ਨਾ ਆਉਣ ਅਤੇ ਸਰਹੱਦੀ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਾਹਰ ਨਾ ਕੱਢਣ ਦਾ ਫੈਸਲਾ ਕੀਤਾ ਗਿਆ | ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਗ੍ਰਹਿ ਸਕੱਤਰ ਐਨ.ਐਸ. ਕਲਸੀ, ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਦੇ ਸਾਰੇ ਪੱਖਾਂ 'ਤੇ ਵਿਚਾਰ ਕੀਤੀ |ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ 'ਤੇ ਨੇੜਿਉਂ ਨਿਗਰਾਨੀ ਰੱਖਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਿਸੇ ਵੀ ਹਾਲਤ ਵਿੱਚ ਕੋਈ ਵੀ ਢਿੱਲ ਨਾ ਵਰਤਨ ਲਈ ਆਖਿਆ |

ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਸਥਿਤੀ ਨਾਲ ਨਿਪਟਨ ਲਈ ਪੂਰੀ ਤਰ੍ਹਾਂ ਤਿਆਰ ਹੈ | ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਰਾਹੀਂ ਸਰਜੀਕਲ ਸਟ੍ਰਾਈਕ ਦਾ ਪੂਰਾ ਸਮਰਥਨ ਕਰਦਿਆਂ ਕਿਹਾ,''ਭਾਰਤ ਹਵਾਈ ਫੌਜ ਨੇ ਵੱਡਾ ਮਾਅਰਕਾ ਮਾਰਿਆ ਹੈ | ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਅਤੇ ਇਸ ਦੀ ਸ਼ਰਨ ਵਿਚਲੇ ਅੱਤਵਾਦੀਆਂ ਨੂੰ ਅਤਿ ਲੋੜੀਂਦਾ ਸੰਕੇਤ ਦੇ ਦਿੱਤਾ ਹੈ ਅਤੇ ਉਹ ਇਹ ਨਾ ਸੋਚਣ ਕਿ ਪੁਲਵਾਮਾ ਵਰਗੇ ਦਹਿਸ਼ਤੀ ਹਮਲਿਆਂ ਤੋਂ ਬਾਅਦ ਉਹ ਭੱਜ ਕੇ ਨਿਕਲ ਜਾਣਗੇ | ਭਾਰਤੀ ਹਵਾਈ ਫੌਜ ਦੇ ਜਵਾਨਾਂ ਨੂੰ ਥਾਪੜਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਲਈ ਉਹ ਉਨ੍ਹਾਂ ਦੀ ਡਟਵੀਂ ਹਮਾਇਤ ਕਰਦੇ ਹਨ |''ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਹੋਏ ਦਹਿਸ਼ਤੀ ਹਮਲੇ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਫੌਜ ਦੇ ਸਾਬਕਾ ਕੈਪਟਨ ਹਨ, ਨੇ ਸਪੱਸ਼ਟ ਕੀਤਾ ਸੀ ਕਿ ਉਹ ਸਖਤ ਜਵਾਬੀ ਕਾਰਵਾਈ ਦੇ ਹੱਕ ਵਿੱਚ ਹਨ ਅਤੇ ਕੇਂਦਰ ਸਰਕਾਰ ਦੇ ਕਾਰਵਾਈ ਬਾਰੇ ਕਿਸੇ ਵੀ ਫੈਸਲੇ ਨੂੰ ਕਾਂਗਰਸ ਪਾਰਟੀ ਸਮਰਥਨ ਕਰੇਗੀ | ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਸਾਡੇ 41 ਜਵਾਨ ਮਾਰੇ ਹਨ ਅਤੇ ਸਾਨੂੰ ਉਨ੍ਹਾਂ ਦੇ 82 ਮਾਰਨੇ ਚਾਹੀਦੇ ਹਨ | ਜਜ਼ਬਾਤੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੈਸ਼-ਏ-ਮੁਹੰਮਦ ਦੇ ਮੁਖੀ ਜੋ ਪਾਕਿਸਾਨ ਦੀ ਧਰਤੀ ਤੋਂ ਦਹਿਸ਼ਤੀ ਕਾਰਵਾਈਆਂ ਚਲਾਉਂਦਾ ਹੈ, ਨੂੰ ਗਿ੍ਫਤਾਰ ਨਹੀਂ ਕਰ ਸਕਦਾ ਤਾਂ ਫਿਰ ਉਸ ਲਈ ਇਹ ਕੰਮ ਅਸੀਂ ਕਰਾਂਗੇ |