• Home
  • ਸਰਾਭਾ ਨਗਰ ਮਾਰਕੀਟ ਦੀ ਕਾਇਆ ਕਲਪ ਅਤੇ ਮਲਹਾਰ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ-ਕੈਬਨਿਟ ਮੰਤਰੀ ਆਸ਼ੂ ਤੇ ਮੈਂਬਰ ਪਾਰਲੀਮੈਂਟ ਬਿੱਟੂ ਨੇ ਕਰਵਾਈ ਸ਼ੁਰੂਆਤ

ਸਰਾਭਾ ਨਗਰ ਮਾਰਕੀਟ ਦੀ ਕਾਇਆ ਕਲਪ ਅਤੇ ਮਲਹਾਰ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ-ਕੈਬਨਿਟ ਮੰਤਰੀ ਆਸ਼ੂ ਤੇ ਮੈਂਬਰ ਪਾਰਲੀਮੈਂਟ ਬਿੱਟੂ ਨੇ ਕਰਵਾਈ ਸ਼ੁਰੂਆਤ

ਲੁਧਿਆਣਾ, 2 ਮਾਰਚ -ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਸਰਾਭਾ ਨਗਰ ਮਾਰਕੀਟ ਦੀ ਕਾਇਆ ਕਲਪ ਦਾ ਕੰਮ ਅਤੇ ਮਲਹਾਰ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਸ੍ਰ. ਰਵਨੀਤ ਸਿੰਘ ਬਿੱਟੂ ਵੱਲੋਂ ਸਰਾਭਾ ਨਗਰ ਮਾਰਕੀਟ ਵਿਖੇ ਆਯੋਜਿਤ ਸਮਾਗਮ ਦੌਰਾਨ ਕੀਤਾ ਗਿਆ। ਇਸ ਪ੍ਰੋਜੈਕਟ ’ਤੇ ਕੁੱਲ 38.62 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਸ਼ਹਿਰ ਦੇ ਇਸ ਖੇਤਰ ਦੀ ਨੁਹਾਰ ਬਦਲ ਜਾਵੇਗੀ।  ਇਸ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ‘ਸਮਾਰਟ ਸਿਟੀ ਪ੍ਰੋਜੈਕਟ’ ਦਾ ਮੁੱਖ ਨਿਸ਼ਾਨਾ ਲੁਧਿਆਣਾ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਜ਼ਿੰਦਗੀ ਜੀਣ ਦੇ ਮਿਆਰ ਵਿੱਚ ਸੁਧਾਰ ਲਿਆਉਣਾ ਹੈ ਤੇ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਸਾਫ-ਸੁੱਥਰਾ ਵਾਤਾਵਰਣ ਮੁਹੱਈਆ ਕਰਵਾਉਣਾ, ਸਮਾਰਟ ਫੀਚਰਜ਼ ਅਤੇ ਜ਼ਰੂਰੀ ਸਹੂਲਤਾਂ ਦੇਣੀਆਂ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਰੋਡ ਤੋਂ ਹੀਰੋ ਬੇਕਰੀ ਚੌਂਕ ਤੱਕ ਦੀ 1.13 ਕਿਲੋਮੀਟਰ ਰੋਡ ਦਾ ਨਵੀਨੀਕਰਨ ਕੀਤਾ ਜਾਵੇਗਾ।  ਮਲਹਾਰ ਸੜਕ ਦੇ ਨਵੀਨੀਕਰਨ ਦੀ ਜਾਣਕਾਰੀ ਦਿੰਦਿਆਂ ਸ੍ਰ. ਬਿੱਟੂ ਨੇ ਦੱਸਿਆ ਕਿ ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੜਕ ਦੇ ਦੋਨੋਂ ਪਾਸੇ ਵਧੀਆ ਆਵਾਜਾਈ ਸਹੂਲਤ ਲਈ ਮੋਟਰ ਸਾਈਕਲ, ਸਕੂਟਰ ਤੇ ਗੱਡੀਆਂ ਦੇ ਆਉਣ-ਜਾਣ ਲਈ ਖਾਕਾ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਕਿੰਗ ਦਾ ਵੱਖਰਾ-ਵੱਖਰਾ ਪ੍ਰਬੰਧ ਹੋਵੇਗਾ। ਉਹਨਾਂ ਦੱਸਿਆ ਕਿ ਸਾਈਕਲ ਚਾਲਕਾਂ ਲਈ ਵੱਖਰਾ ਟਰੈਕ ਬਣਇਆ ਜਾਵੇਗਾ ਅਤੇ ਪੈਦਲ ਆਉਣ-ਜਾਣ ਵਾਲਿਆਂ ਲਈ ਸੁਰੱਖਿਅਤ ਰਸਤਾ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਦਾ ਮੁੱਖ ਨਿਸ਼ਾਨਾ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਤੇ ਸਾਫ-ਸੁੱਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਦੋਨਾਂ ਨੇਤਾਵਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।