• Home
  • ਕੌਮੀ ਲੋਕ ਅਦਾਲਤ ਵਿੱਚ 2804 ਕੇਸਾਂ ਵਿਚੋਂ 565 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਕੌਮੀ ਲੋਕ ਅਦਾਲਤ ਵਿੱਚ 2804 ਕੇਸਾਂ ਵਿਚੋਂ 565 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਬਠਿੰਡਾ, 9 ਮਾਰਚ ,ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀ ਦਿੱਲੀ ਅਤੇ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, (ਮੋਹਾਲੀ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਇਸ ਕੌਮੀ ਲੋਕ ਅਦਾਲਤ ਵਿਚ 9 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨਾਂ ਵਿਚ ਸਬ-ਡਵੀਜ਼ਨ ਫੂਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਿਲ ਹਨ। ਕੌਮੀ ਲੋਕ ਅਦਾਲਤ ਵਿਚ ਸਿਵਲ ਅਤੇ ਕਰੀਮੀਨਲ ਸਮੇਤ ਅਪੀਲ ਅਤੇ ਬੈਕ ਰਿਕਵਰੀ ਕੇਸ, ਪ੍ਰੀ-ਲਿਟੀਗੇਟੀਵ ਕੇਸਾਂ ਨਾਲ ਸਬੰਧਿਤ ਕੇਸ਼ਾਂ ਦਾ ਨਿਪਟਾਰਾ ਕੀਤਾ ਗਿਆ।  ਅੱਜ ਲਗਾਈ ਗਈ ਇਸ ਕੌਮੀ ਲੋਕ ਅਦਾਲਤ ਵਿਚ ਕੁੱਲ 2804 ਕੇਸ ਲਗਾਏ ਗਏ ਅਤੇ 565ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 185589125/ ਰੁਪਏ ਦਾ ਅਵਾਰਡ ਪਾਸ ਕੀਤੇ ਗਏ। ਸ੍ਰੀਮਤੀ ਮਨੀਲਾ ਚੁੱਘ, ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਦੱਸਿਆ ਕਿ ਹਰੇਕ ਦੋ ਮਹੀਨਿਆਂ ਪਿੱਛੋਂ ਕੌਮੀ ਲੋਕ ਅਤੇ ਹਰੇਕ ਮਹੀਨੇ ਵਿਚ ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਕਿਸੇ ਧਿਰ ਨੇ ਆਪਣਾ ਕੇਸ ਲੋਕ ਅਦਾਲਤ ਵਿਚ ਲਗਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ। ਲੋਕ ਅਦਾਲਤ ਦੇ ਫੈਸਲੇ ਨਾਲ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਇਸ ਫੈਸਲੇ ਨਾਲ ਸਮੇਂ ਅਤੇ ਪੈਸੇ ਦਾ ਬਚਾਅ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ ਹੈ। ਇਨਾਂ ਲੋਕ ਅਦਾਲਤਾਂ ਵਿੱਚ ਪਹਿਲਾਂ ਹੀ ਅਦਾਲਤਾਂ ਵਿਚ ਚੱਲ ਰਹੇ ਕੇਸ ਅਤੇ ਹੋਰ ਜਿਹੜੇ ਨਵੇਂ ਕੇਸ ਜੋ ਕਿ ਅਦਾਲਤਾਂ ਵਿੱਚ ਨਹੀਂ ਚੱਲ ਰਹੇ, ਉਨਾਂ ਕੇਸਾਂ ਦੇ ਨਿਪਟਾਰੇ ਲਈ ਲਗਾਈਆਂ ਜਾਂਦੀਆਂ ਹਨ। ਇਨਾਂ ਲੋਕ ਅਦਾਲਤਾਂ ਰਾਹੀਂ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਰਾਜੀਨਾਮੇ ਕਰਵਾਏ ਜਾਂਦੇ ਹਨ। ਇਸ ਤਰਾਂ ਕਰਨ ਨਾਲ ਦੋਹਾਂ ਧਿਰਾਂ ਦੀ ਜਿੱਤ ਹੁੰਦੀ ਹੈ, ਦੋਹਾਂ ਧਿਰਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਵੀ ਹੁੰਦੀ ਹੈ। ਇਨਾਂ ਲੋਕ ਅਦਾਲਤਾਂ ਦੇ ਫੈਸਲੇ ਰਾਹੀਂ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਇਸਦੇ ਫੈਸਲੇ ਦੀ ਕਿਤੇ ਵੀ ਕੋਈ ਵੀ ਅਪੀਲ ਦਾਇਰ ਨਹੀਂ ਕੀਤੀ ਜਾ ਸਕਦੀ।   ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਰਮਾਨੈਂਟ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਏ.ਡੀ.ਆਰ. ਸੈਂਟਰ ਵਿਚ ਸਥਾਪਿਤ ਕੀਤੀ ਹੋਈ ਹੈ, ਉਨਾਂ ਵਿਚ ਪਬਲਿਕ ਸਰਵਿਸਜ਼ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹਨ ਜਿਵੇਂ ਕਿ ਪਾਣੀ, ਬਿਜਲੀ, ਟੈਲੀਫੋਨ, ਟਰਾਂਸਪੋਰਟ, ਬੀਮਾਂ, ਅਧਾਰ ਕਾਰਡ ਅਤੇ ਹਸਪਤਾਲ ਆਦਿ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਇਸ ਪਰਮਾਂਨੈਂਟ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ)  ਵਿਚ 1 ਕਰੋੜ ਰੁਪਏ ਤੱਕ ਦੇ ਪੈਸਿਆਂ ਦੇ ਕਲੇਮ ਪਾਸ ਕੀਤੇ ਜਾ ਸਕਦੇ ਹਨ।