• Home
  • ਸੁਖਪਾਲ ਸਿੰਘ ਖਹਿਰੇ ਦੇ ਭਵਿੱਖ ਦਾ ਸਵਾਲ.. ?

ਸੁਖਪਾਲ ਸਿੰਘ ਖਹਿਰੇ ਦੇ ਭਵਿੱਖ ਦਾ ਸਵਾਲ.. ?

1989 ‘ਚ ਸਿਮਰਨਜੀਤ ਸਿੰਘ ਮਾਨ ਨੇ ਤਰਨਤਾਰਨ ਲੋਕ ਸਭਾ ਹਲਕੇ ਤੋਂ ਬਹੁਤ ਵੱਡੇ ਅੰਤਰ ਨਾਲ ਚੋਣ ਜਿੱਤ ਕੇ ਸਭ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਸੀ। ਪਰ 1995 ‘ਚ ਵਿਧਾਨ ਸਭਾ ਦੀ ਮੱਧ-ਵਰਤੀ ਚੋਣ ਵਿੱਚ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਇੱਜਤ ਦਾ ਸਵਾਲ ਬਣੀ ਗਿੱਦੜਵਾਹਾ ਚੋਣ ਵਿੱਚ ਕੇਵਲ 2115 ਵੱਟਾਂ ਦੇ ਫਰਕ ਨਾਲ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਹਰਾ ਦੇਣ ਨਾਲ ਬੇਅੰਤ ਸਿੰਘ ਨੇ ਆਪਣੀ ਵੱਡੀ ਹੇਠੀ ਮੰਨੀ ਸੀ ਅਤੇ ਰਾਜਨੀਤੀ ਵਿੱਚ ਬਿਲਕੁੱਲ ਨਵੇਂ ਚਿਹਰੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿੱਚ ਹਵਾ ਦਾ ਰੱਖ ਬਦਲ ਦਿੱਤਾ ਸੀ।ਇਸੇ ਤਰ੍ਹਾਂ 1998 ਵਿੱਚ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਦਮਪੁਰ ਵਾਲੀ ਮੱਧ ਵਰਤੀ ਚੋਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਚਹੇਤੇ ਗੁਰਨਾਮ ਸਿੰਘ ਧੀਰੋਵਾਲ ਦੀ ਕੇਵਲ ਪੰਜ ਵੋਟਾਂ ਨਾਲ ਗੋਡਣੀ ਲਵਾਕੇ ਖੁੱਦ ਨੂੰ ਭਵਿੱਖ ਦਾ ਮੁੱਖ ਮੰਤਰੀ ਪੇਸ਼ ਕਰ ਦਿੱਤਾ ਸੀ।ਇਸੇ ਲੜੀ ਵਿੱਚ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ 1999 ਵਿੱਚ ਜਗਮੀਤ ਬਰਾੜ ਹੱਥੋਂ ਫਰੀਦਕੋਟ ਦੀ ਲੋਕ ਸਭਾ ਸੀਟ ਤੋਂ ਸੁਖਬੀਰ ਬਾਦਲ ਦੀ ਹਾਰ ਨੇ ਜਗਮੀਤ ਬਰਾੜ ਦੀ ਗੁੱਡੀ ਸੱਤਵੇਂ ਅਸਮਾਨ ‘ਤੇ ਚਾੜ੍ਹ ਦਿੱਤੀ ਸੀ, ਚਾਰੇ ਪਾਸੇ ਬਰਾੜ-ਬਰਾੜ ਹੋਈ ਪਈ ਸੀ, ਕਈ ਤਾਂ ਉਸ ਨੂੰ ਭਵਿੱਖ ਦਾ ਮੁੱਖ ਮੰਤਰੀ ਵੀ ਆਖਣ ਲੱਗ ਪਏ ਸਨ।

ਪਰ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਨੂੰ ਅੱਖਾਂ ਦਿਖਾ ਕੇ ਵਿੱਤ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਲਾਏ ਸਾਰੇ ਜ਼ੋਰ ਅਤੇ ਰੈਲੀ ਵਾਲੇ ਮੈਦਾਨ ‘ਚ ਰਾਤ ਨੂੰ ਜਾਣਬੁੱਝ ਕੇ ਛੱਡੇ ਪਾਣੀ ਦੇ ਬਾਵਜੂਦ ਖਟਕੜ ਕਲਾਂ ਦੀ ਧਰਤੀ ‘ਤੇ ਵੱਡਾ ਇਕੱਠ ਕਰਕੇ ਮਨਪ੍ਰੀਤ ਬਾਦਲ ਨੇ ਇੱਕ ਵਾਰ ਤਾਂ ਬਹੁਤ ਉੱਚੀ ਪਤੰਗ ਅਸਮਾਨ ਵਿੱਚ ਚਾੜ੍ਹ ਦਿੱਤੀ ਸੀ। ਪਰ ਆਖਰ ਮਨਪ੍ਰੀਤ ਉਥੇ ਪਹੁੰਚ ਗਿਆ ਜਿਥੋਂ ਉਹਦਾ ਤਾਇਆ 1959 ‘ਚ ਤੁਰਿਆ ਸੀ।ਪਾਰਟੀ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਨੂੰ ਟਿੱਚ ਜਾਣ ਕੇ ਸਿੱਧਾ ਸੋਨੀਆਂ ਗਾਂਧੀ ਨਾਲ ਗੱਲ ਕਰਨ ਵਾਲੇ ਜਗਮੀਤ ਬਰਾੜ ਨੇ ਮਮਤਾ ਬੈਨਰਜੀ ਦੀ ਤਿਰਣਾਮੂਲ ਕਾਂਗਰਸ ਦੇ ਰੱਥ ‘ਤੇ ਚੜ੍ਹਨ ਦਾ ਸੁਆਦ ਵੀ ਦੇਖ ਲਿਆ ਹੈ ਪਰ ਹੁਣ ਉਸ ਦੀ ਹਾਲਤ ਬਾਰੇ ਕੋਈ ਬਿਆਨ ਦੇਣਾ ਮੈਨੂੰ ਤਾਂ ਮੁਸ਼ਕਲ ਹੀ ਜਾਪਦਾ ਹੈ।ਪੰਜਾਬ ਦੇ ਲੋਕਾਂ ਨੂੰ ਕਿਸੇ ਵੇਲੇ ਬੜਬੋਲੇ ਜਗਮੀਤ ਬਰਾੜ ਵਿੱਚੋਂ ਵੀ ਪੰਜਾਬ ਦਾ ਭਵਿੱਖ ਉਸੇ ਤਰ੍ਹਾਂ ਦਿੱਸਦਾ ਸੀ ਜਿਵੇਂ ਅੱਜ-ਕੱਲ੍ਹ ਕਈਆਂ ਨੂੰ ਸੁਖਪਾਲ ਖਹਿਰਾ ਵਿੱਚੋਂ ਦਿੱਸਦਾ ਹੈ। ਪਰ ਮੈਨੂੰ ਸੁਖਪਾਲ ਖਹਿਰਾ ਵਿੱਚੋਂ ਜਗਮੀਤ ਬਰਾੜ ਵਾਲਾ ਭਵਿੱਖ ਪਤਾ ਨਹੀਂ ਕਿਉਂ ਦਿਖਾਈ ਦੇ ਰਿਹਾ ਹੈ ?
ਬੜਬੋਲੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਵੀ ਉਂਜ ਤਾਂ ਮੇਰੀ ਨਿਗਾਹ ਵਿੱਚ ਠਹਿਰੇ ਹੋਏ ਹਨ।ਮਨਪ੍ਰੀਤ ਬਾਦਲ, ਬੀਰਦਵਿੰਦਰ, ਬਡਾਲਾ,ਜਥੇਦਾਰ ਤਲਵੰਡੀ,  ਜਥੇਦਾਰ ਟੌਹੜਾ ਅਤੇ ਸਿਮਰਨਜੀਤ ਸਿੰਘ ਮਾਨ ……………… ਵੀ ਪੰਜਾਬੀਆਂ ਦੀ ਕਿਸੇ ਵੇਲੇ ਪਹਿਲੀ ਪਸੰਦ ਰਹੇ ਹਨ, ਹੁਣ ਸੁਖਪਾਲ ਖਹਿਰਾ ਬਾਰੇ ਵੀ ਕੁਝ ਕਹਿਣਾ ਹਾਲ ਦੀ ਘੜ੍ਹੀ ਔਖਾ ਜਿਹਾ ਲੱਗਦਾ ਹੈ……… ਬਾਕੀ ਰੱਬ ਭਲੀ ਕਰੇ। ਪੰਜਾਬੀਆਂ ਦੀ ਪਸੰਦ ਹੁੰਦੀ ਜੱਗੋਂ-ਤੇਰ੍ਹਵੀਂ ਹੀ ਹੈ!

ਸੰਤੋਖ ਗਿੱਲ

94172-75584