• Home
  • ਦਰਸ਼ਨੀ ਡਿਓੜੀ ਨੂੰ ਢਾਹੁਣ ਦੇ ਮਾਮਲੇ ’ਤੇ ਦਖਲ ਨਹੀਂ ਦੇਵਾਂਗੇ-ਕੈਪਟਨ ਅਮਰਿੰਦਰ ਸਿੰਘ

ਦਰਸ਼ਨੀ ਡਿਓੜੀ ਨੂੰ ਢਾਹੁਣ ਦੇ ਮਾਮਲੇ ’ਤੇ ਦਖਲ ਨਹੀਂ ਦੇਵਾਂਗੇ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 3 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਗੁਰਦੁਆਰਾ ਦਰਬਾਰ ਸਾਹਿਬ ਦੀ ‘ਦਰਸ਼ਨੀ ਡਿਓੜੀ ਨੂੰ ਢਾਹੇ ਜਾਣ ਨੂੰ ਮੰਦਭਾਗੀ ਘਟਨਾ ਦਸਦੇ ਹੋਏ ਉਨਾਂ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦਖਲ ਦਿੱਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨਾਂ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਜੋ ਕਿ ਪੂਰੀ ਤਰਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਘੇਰੇ ਵਿੱਚ ਆਉਂਦਾ ਹੈ।
ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ ਦੇ ਗਰੁੱਪ ਵੱਲੋਂ ਮੁੱਖ ਦੁਆਰ ਦੇ ਸਦੀ ਪੁਰਾਣੇ ਢਾਂਚੇ ਨੂੰ ਢਾਹੇ ਜਾਣ ਤੋਂ ਬਾਅਦ ਪੈਦਾ ਹੋਏ ਵਿਵਾਦ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਨਾਂ ਦੀ ਸਰਕਾਰ ਇਸ ਮੁੱਦੇ ’ਤੇ ਕੋਈ ਵੀ ਦਖਲ ਨਹੀਂ ਦੇਵੇਗੀ ਕਿਉਂਕਿ ਇਹ ਪੂਰੀ ਤਰਾਂ ਸਿੱਖਾਂ ਦੀ ਮਿਨੀ ਸੰਸਦ ਐਸ.ਜੀ.ਪੀ.ਸੀ ਦੇ ਘੇਰੇ ਹੇਠ ਆਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੋਣ ਦੇ ਨਾਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਕਰਨ ’ਚ ਵਿਸ਼ਵਾਸ ਨਹੀ ਰਖਦੀ ਅਤੇ ਉਨਾਂ ਦੀ ਸਰਕਾਰ ਪੂਰੀ ਤਰਾਂ ਪਾਰਟੀ ਸਿਧਾਂਤਾਂ ਦੇ ਨਾਲ ਜੁੜੀ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਧਾਰਮਿਕ ਵਿਸ਼ਵਾਸਾਂ ਨਾਲ ਸਬੰਧਤ ਕਿਸੇ ਵੀ ਮੁੱਦੇ ਵਿੱਚ ਦਖਲ ਅੰਦਾਜੀ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨਾਂ ਕਿਹਾ ਕਿ ਇਸ ਮੁੱਦੇ ’ਤੇ ਇੱਕਲਿਆਂ ਐਸ.ਜੀ.ਪੀ.ਸੀ ਕੋਈ ਫੈਸਲਾ ਲੈਣਾ ਹੈ ਕਿਉਂਕਿ ਇਹ ਧਾਰਮਿਕ ਮਾਮਲਾ ਹੈ ਅਤੇ ਇਸ ਨਾਲ ਧਾਰਮਿਕ ਤੌਰ ’ਤੇ ਹੀ ਨਿਪਟਿਆ ਜਾਣਾ ਲੋੜੀਂਦਾ ਹੈ।
ਇਸ ਮੁੱਦੇ ’ਤੇ ਮੀਡੀਆ ਅਤੇ ਵਿਰੋਧੀ ਧਿਰ ਦੇ ਸਵਾਲਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਪਿਛਲੇ ਸਮੇਂ ਤੋਂ ਹੀ ਲਗਾਤਾਰ ਧਾਰਮਿਕ ਮੁੱਦਿਆਂ ਤੋਂ ਆਪਣੇ-ਆਪ ਨੂੰ ਪਾਸੇ ਰੱਖਦੀ ਆਈ ਹੈ ਅਤੇ ਇਹ ਮੁੱਦਾ ਐਸ.ਜੀ.ਪੀ.ਸੀ ਦੇ ਘੇਰੇ ਵਿੱਚ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਦਾ ਇਸ ਮੁੱਦੇ ਦੇ ਸਬੰਧ ਵਿੱਚ ਕੋਈ ਵੀ ਦਖਲ ਦੇਣ ਦਾ ਇਰਾਦਾ ਨਹੀਂ ਹੈ ਕਿਉਂਕਿ ਇਹ ਕੇਵਲ ਤੇ ਕੇਵਲ ਧਾਰਮਿਕ ਮੁੱਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜੀ ਭਾਰਤੀ ਸੰਵਿਧਾਨ ਦੀ ਬੁਨਿਆਦੀ ਭਾਵਨਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਖਿਲਾਫ ਹੈ ਅਤੇ ਉਨਾਂ ਦੀ ਸਰਕਾਰ ਇਨਾਂ ਭਾਵਨਾਵਾਂ ਅਤੇ ਵਿਸ਼ਵਾਸਾਂ ਨੂੰ ਹਰ ਕੀਮਤ ’ਤੇ ਬਣਾਈ ਰੱਖਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਚੁਣੀ ਹੋਈ ਸਰਕਾਰ ਤਾਂ ਹੀ ਕਦਮ ਚੁੱਕ ਸਕਦੀ ਹੈ ਜੇ ਧਾਰਮਿਕ ਮੁੱਦਾ ਗੜਬੜ ਵਾਲੀ ਸਥਿਤੀ ਪੈਦਾ ਕਰਦਾ ਹੋਵੇ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਦਖਲ ਦੀ ਜ਼ਰੂਰਤ ਹੋਵੇ।