• Home
  • ਕਰਾਫ਼ਟ ਮੇਲਾ-2019’ਪਟਿਆਲਾ ਹੈਰੀਟੇਜ਼ ਫੋਟੋਗ੍ਰਾਫ਼ੀ ਮੁਕਾਬਲੇ ਦੇ ਨਤੀਜੇ ਐਲਾਨੇ, ਹਰਪ੍ਰੀਤ ਸਿੰਘ ਨੇ ਪਹਿਲਾ, ਗੁਰਜੋਤ ਸਿੰਘ ਨੇ ਦੂਜਾ ਤੇ ਸਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ

ਕਰਾਫ਼ਟ ਮੇਲਾ-2019’ਪਟਿਆਲਾ ਹੈਰੀਟੇਜ਼ ਫੋਟੋਗ੍ਰਾਫ਼ੀ ਮੁਕਾਬਲੇ ਦੇ ਨਤੀਜੇ ਐਲਾਨੇ, ਹਰਪ੍ਰੀਤ ਸਿੰਘ ਨੇ ਪਹਿਲਾ, ਗੁਰਜੋਤ ਸਿੰਘ ਨੇ ਦੂਜਾ ਤੇ ਸਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ

ਪਟਿਆਲਾ, : ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਪਟਿਆਲਾ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਪਹਿਲੇ ਆਨਲਾਇਨ 'ਪਟਿਆਲਾ ਹੈਰੀਟੇਜ ਫੋਟੋਗ੍ਰਾਫ਼ੀ ਮੁਕਾਲਬੇ 2019' ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਟਿਆਲਾ ਵਿਰਾਸਤੀ ਉਤਸਵ ਦੇ ਹਿੱਸੇ ਵਜੋਂ ਕਰਵਾਏ ਗਏ ਇਸ ਮੁਕਾਬਲੇ 'ਚ 144 ਫੋਟੋਆਂ ਦੀਆਂ ਐਂਟਰੀਆਂ ਪਟਿਆਲਾ ਫਾਊਂਡੇਸ਼ਨ ਦੀ ਵੈਬਸਾਇਟ 'ਤੇ ਅਪਲੋਡ ਹੋਈਆਂ ਸਨ, ਜਿਨ੍ਹਾਂ ਵਿੱਚੋਂ 115 ਸਹੀ ਪਾਈਆਂ ਗਈਆਂ ਫੋਟੋਆਂ ਨੂੰ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਪੰਜਾਬ ਰਾਜ ਜੰਗਲੀ ਜੀਵ ਬੋਰਡ ਦੇ ਮੈਂਬਰ ਸ. ਜਸਕਰਨ ਸਿੰਘ ਸੰਧੂ ਅਤੇ ਹਿੰਦੁਸਤਾਨ ਟਾਇਮਜ ਦੇ ਫ਼ੋਟੋ ਜਰਨਲਿਸਟ ਸ੍ਰੀ ਭਾਰਤ ਭੂਸ਼ਣ ਬਾਤਿਸ ਨੇ ਬਤੌਰ ਜੱਜ ਵਾਚਿਆ। ਫੋਟੋਆਂ ਨੂੰ ਵਾਚਣ ਵਾਲੇ ਜੱਜਾਂ ਦੇ ਇਸ ਪੈਨਲ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਸ਼ੀਸ਼ ਮਹਿਲ ਦੀ ਖਿੱਚੀ ਗਈ ਫੋਟੋ ਨੂੰ ਪਹਿਲਾ ਸਥਾਨ, ਗੁਰਜੋਤ ਸਿੰਘ ਵੱਲੋਂ ਵਿਰਾਸਤੀ ਇਮਾਰਤ ਕਿਲਾ ਮੁਬਾਰਕ ਦੀ ਖਿੱਚੀ ਗਈ ਫੋਟੋ ਨੂੰ ਦੂਜਾ ਸਥਾਨ ਅਤੇ ਸਨਦੀਪ ਸਿੰਘ ਵੱਲੋਂ ਘੜਾਮ ਵਿਖੇ ਸਥਿਤ ਬਾਊਲੀ ਸਾਹਿਬ ਦੀ ਖਿੱਚੀ ਗਈ ਫੋਟੋ ਨੂੰ ਤੀਸਰਾ ਸਥਾਨ ਦਿੱਤਾ ਹੈ। ਇਨ੍ਹਾਂ ਨੂੰ 20 ਹਜ਼ਾਰ, 15 ਅਤੇ 10 ਹਜ਼ਾਰ ਰੁਪਏ ਨਗ਼ਦ ਇਨਾਮ ਨਾਲ ਅੱਜ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪਟਿਆਲਾ ਵਿਰਾਸਤੀ ਉਤਸਵ ਦੀ ਕੜੀ ਵਜੋਂ ਕਰਾਫ਼ਟ ਮੇਲੇ ਦੌਰਾਨ ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ਸਨਮਾਨਤ ਕੀਤਾ। ਜਦੋਂਕਿ ਹੌਂਸਲਾ ਵਧਾਊ ਇਨਾਮ ਵਜੋਂ ਰਾਜਦੀਪ ਕੌਰ ਅਤੇ ਗੁਰਸੁਖਮਨ ਸਿੰਘ ਦੀ ਫੋਟੋ ਨੂੰ ਚੁਣਿਆ ਗਿਆ। ਇਸ ਮੌਕੇ ਸ. ਦੀਪਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਫੋਟੋਗ੍ਰਾਫ਼ਰਾਂ, ਜਿਨ੍ਹਾਂ 'ਚ ਵਿਦਿਆਰਥੀ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਆਪਣੇ ਸ਼ੌਕ ਵਜੋਂ ਫੋਟੋਗ੍ਰਾਫ਼ੀ ਕਰਦੇ ਹਨ, ਨੇ ਵਿਰਾਸਤ ਨਾਲ ਜੁੜੀਆਂ ਫੋਟੋਆਂ ਖਿੱਚ ਕੇ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਡਵੀਜਨਲ ਕਮਿਸ਼ਨਰ ਨੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਨੇ 2018 'ਚ ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਕੌਂਸਲ ਦੇ ਵਿਸ਼ੇਸ਼ ਸਲਾਹਕਾਰ ਹੋਣ ਦਾ ਦਰਜਾ ਹਾਸਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਦਾ ਹਰ ਪੱਖ ਤੋਂ ਸਹਿਯੋਗ ਕਰਦੇ ਹੋਏ ਆਪਣੇ ਯਤਨ ਜਾਰੀ ਰੱਖਣਗੇ।ਇਸ ਮੌਕੇ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਪ੍ਰੋ. ਸੋਹਾਗਿਆ ਵਰਧਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਰਾਹੁਲ ਸਿੰਧੂ, ਐਸ.ਡੀ.ਐਮ. ਪਾਤੜਾਂ ਪਾਲਿਕਾ ਅਰੋੜਾ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਨਾਇਤ ਸਮੇਤ ਹੋਰ ਸ਼ਖ਼ਸੀਅਤਾਂ ਹਾਸਲ ਸਨ। ਨੰ.ਲਸਪ (ਪ੍ਰੈ.ਰੀ.)-2019/ਫੋਟੋ ਕੈਪਸ਼ਨ- ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ ਸ਼ੀਸ਼ ਮਹਿਲ ਵਿਖੇ ਕਰਾਫਟ ਮੇਲੇ ਦੌਰਾਨ ਪਟਿਆਲਾ ਹੈਰੀਟੇਜ ਫੈਸਟਵੀਲ ਫੋਟੋਗ੍ਰਾਫ਼ੀ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕਰਦੇ ਹੋਏ। ਉਨ੍ਹਾਂ ਦੇ ਨਾਲ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਪ੍ਰੋ. ਸੋਹਾਗਿਆ ਵਰਧਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਰਾਹੁਲ ਸਿੰਧੂ ਵੀ ਨਜ਼ਰ ਆ ਰਹੇ ਹਨ।