• Home
  • ਮਹਾਰਾਜਾ ਦਾ ਮਹਾਰਾਣੀ ਦੇ ਹਲਕੇ ਚ ਅਹਿਮ ਐਲਾਨ :-ਕਿਹਾ ਜੇਕਰ ਮੋਦੀ ਨੇ ਕਿਸਾਨਾਂ ਲਈ ਕੁਝ ਨਾ ਕੀਤਾ ਤਾਂ ਮੇਰੀ ਸਰਕਾਰ ਘੱਟੋ ਘੱਟ ਸਮਰਥਨ ਮੁੱਲ ’ਤੇ ਕੀਮਤ ਕਟੌਤੀ ਲਈ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਦੇਵੇਗੀ-ਹੋਰ ਕੀ ਕਿਹਾ ਪੜ੍ਹੋ ਪੂਰੀ ਖ਼ਬਰ !

ਮਹਾਰਾਜਾ ਦਾ ਮਹਾਰਾਣੀ ਦੇ ਹਲਕੇ ਚ ਅਹਿਮ ਐਲਾਨ :-ਕਿਹਾ ਜੇਕਰ ਮੋਦੀ ਨੇ ਕਿਸਾਨਾਂ ਲਈ ਕੁਝ ਨਾ ਕੀਤਾ ਤਾਂ ਮੇਰੀ ਸਰਕਾਰ ਘੱਟੋ ਘੱਟ ਸਮਰਥਨ ਮੁੱਲ ’ਤੇ ਕੀਮਤ ਕਟੌਤੀ ਲਈ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਦੇਵੇਗੀ-ਹੋਰ ਕੀ ਕਿਹਾ ਪੜ੍ਹੋ ਪੂਰੀ ਖ਼ਬਰ !

ਸਮਾਨਾ(ਪਟਿਆਲਾ), 8 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੇ ਮੋਦੀ ਸਰਕਾਰ ਨੇ ਬੇਮੋਸਮੀ ਮੀਂਹ ਦੇ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੇ ਸਬੰਧ ਵਿੱਚ ਕਣਕ ਦੇ ਘੱਟੋਘੱਟ ਖਰੀਦ ਮੁੱਲ ’ਤੇ ਕੀਮਤ ਕਟੌਤੀ ਬਾਰੇ ਉਨਾਂ ਦੀ ਮੰਗ ਸਵੀਕਾਰ ਨਾ ਕੀਤੀ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਸਬੰਧ ਵਿੱਚ ਰਾਹਤ ਦੇਵੇਗੀ।  ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਇਸ ਸਬੰਧ ਵਿੱਚ ਕਿਸਾਨਾਂ ’ਤੇ ਕੋਈ ਵੀ ਬੋਝ ਨਾ ਪਵੇ ਅਤੇ ਉਨਾਂ ਨੂੰ ਕੋਈ ਵੀ ਨੁਕਸਾਨ ਨਾ ਉਠਾਉਣਾ ਪਵੇ ਕਿਉਂਕਿ ਉਨਾਂ ਦੀ ਕੋਈ ਵੀ ਗਲਤੀ ਨਹੀਂ ਹੈ। ਉਨਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਮਤ ਕਟੌਤੀ ਦੀ ਸਬਸਿਡੀ ਦੇਵੇਗੀ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਸ ਦਾ ਉਦੇਸ਼ ਸੂਬੇ ਦੀ ਕਾਂਗਰਸ ਸਰਕਾਰ ਦੇ ਵਕਾਰ ਨੂੰ ਘਟਾਉਣਾ ਹੈ। ਕੇਂਦਰ ਸਰਕਾਰ ਦੇ ਬੋਰੀਆਂ ਨੂੰ ਹਰਿਆਣਾ ਵੱਲ ਨੂੰ ਤੋਰਨ ਅਤੇ ਹਾੜੀ 2019-20 ਦੇ ਮੰਡੀ ਸੀਜ਼ਨ ਦੌਰਾਨ ਢਿੱਲ ਦਿੱਤੇੇ ਗਏ ਮਾਪਦੰਡਾਂ ਅਨੁਸਾਰ ਖਰੀਦੀ ਗਈ ਕਣਕ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਮਤ ਕਟੌਤੀ ਲਾਗੂ ਕਰਨ ਦੇੇ ਫੈਸਲੇ ਦੀ ਮੁੱਖ ਮੰਤਰੀ ਨੇ ਉਦਾਹਰਨ ਦਿੱਤੀ। ਉਨਾਂ ਕਿਹਾ ਕਿ ਵਾਰ-ਵਾਰ ਬੇਨਤੀਆਂ ਕਰਨ ਅਤੇ ਉਨਾਂ ਵੱਲੋਂ ਕੀਮਤ ਕਟੌਤੀ ਦੇ ਮੁੱਦੇ ’ਤੇ ਖੁਦ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਸਬੰਧੀ ਕੋਈ ਵੀ ਹੁੰਗਾਰਾ ਨਹੀਂ ਭਰਿਆ। ਉਨਾਂ ਨੇ ਕਿਸਾਨਾਂ ਦੀ ਦਸ਼ਾ ਨੂੰ ਅਣਗੌਲੇ ਕਰਨ ਲਈ ਮੋਦੀ ਸਰਕਾਰ ਨੂੰ ਪਾਣੀ ਪੀ ਪੀ ਕੋਸਿਆ।  ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਸ਼ਰਮਨਾਕ ਟਿੱਪਣੀਆਂ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਨੇ ਹਥਿਆਰਬੰਦ ਫੌਜਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਮੋਦੀ ਵੱਲੋਂ ਆਪਣੇ ਸਿਰ ਬੰਨਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦੀ ਵੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦਾ ਸ਼ਾਸਨ ਵਾਅਦਿਆਂ ਦੇ ਪੂਰੇ ਨਾ ਹੋਣ ਦੀ ਕਹਾਣੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉਨਾਂ ਕਿਹਾ ਕਿ ਨੋਟਬੰਦੀ ਕਾਲੇਧਨ ਨੂੰ ਨੱਥ ਪਾਉਣ ਵਿੱਚ ਅਸਫਲ ਰਹੀ ਹੈ ਜਦਕਿ ਜੀ.ਐਸ.ਟੀ. ਨੇ ਹਜ਼ਾਰਾਂ ਛੋਟੇ ਵਪਾਰੀਆਂ ਦਾ ਲੱਕ ਤੋੜ ਦਿੱਤਾ ਹੈ।  ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੇਸ਼ ਨੂੰ ਫਿਰਕੂ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਲਈ ਭਾਰਤ ਦੇ ਲੋਕ ਮੋਦੀ ਨੂੰ ਸਬਕ ਸਿਖਾਉਣਗੇ। ਉਨਾਂ ਕਿਹਾ ਕਿ ਮੋਦੀ ਦੇ ਫੁੱਟਪਾਊ ਏਜੰਡੇ ਨੂੰ ਅੱਗੇ ਹੋਰ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ,‘‘ਅਸੀਂ ਇਹ ਫੈਸਲਾ ਕਰਨਾ ਹੈ ਕਿ ਸਾਨੂੰ ਇਕ ਧਰਮ ਨਿਰਪੱਖ ਦੇਸ਼ ਚਾਹੀਦਾ ਹੈ ਜਾਂ ਧਰਮ ਦੇ ਆਧਾਰ ’ਤੇ ਵੰਡਿਆ ਹੋਇਆ ਦੇਸ਼।’’ ਫੁੱਟ ਪਾਊ ਸਿਆਸਤ ਦੇ ਵਾਸਤੇ ਬਾਦਲਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਦੁਹਰਾਇਆ ਕਿ ਅਕਾਲੀ ਆਗੂ ਆਪਣੇ ਕੁਕਰਮਾਂ ਦੀ ਸਜ਼ਾ ਤੋਂ ਬੱਚ ਨਹੀਂ ਸਕਦੇ। ਉਨਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਫਿਰਕੂ ਵੰਡ ਪੈਦਾ ਕਰਨ ਦੀ ਸਪਸ਼ਟ ਕੋਸ਼ਿਸ਼ ਸੀ ਜਿਸ ਲਈ ਉਨਾਂ ਨੂੰ ਹਿਸਾਬ ਦੇਣਾ ਹੀ ਪਵੇਗਾ।  ਕੈਪਟਨ ਅਮਰਿੰਦਰ ਸਿੰਘ ਨੇ ਸੰਨੀ ਦਿਓਲ ਅਤੇ ਹੋਰਾਂ ਐਕਟਰਾਂ ਨੂੰ ਇਨਾਂ ਚੋਣਾਂ ਦੌਰਾਨ ਰਾਸ਼ਟਰਵਾਦੀ ਏਜੰਡੇ ਦੇ ਚਿੰਨ ਵਜੋਂ ੳਭਾਰਨ ਦੀ ਭਾਜਪਾ ਦੀ ਪਸੰਦ ਦੀ ਖਿੱਲੀ ਉਡਾਈ। ਉਨਾਂ ਨੇ ਬਾਲਾਕੋਟ ਬਾਰੇ ਦਿਓਲ ਦੀ ਟਿੱਪਣੀ ’ਤੇ ਵੀ ਚੁਟਕੀ ਲਈ ਜਿਸ ਤੋਂ ਉਹ ਬਿਲਕੁਲ ਵੀ ਜਾਣੂ ਨਹੀਂ ਸੀ। ਉਨਾਂ ਕਿਹਾ ਕਿ ਇਸ ਤੋਂ ਇਨਾਂ ਲੋਕਾਂ ਦੇ ਪੱਧਰ ਦਾ ਪਤਾ ਲਗਦਾ ਹੈ ਜਿਨਾਂ ਨੂੰ ਭਾਜਪਾ ਭਾਰਤ ਦੇ ਲੋਕਾਂ ’ਤੇ ਠੋਸਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਬਾਲਾਕੋਟ ਦਾ ਸਿਹਰਾ ਮੋਦੀ ਆਪਣੇ ਸਿਰ ’ਤੇ ਬੰਨ ਰਿਹਾ ਹੈ ਪਰ ਉਸ ਦੇ ਬੰਦੇ (ਦਿਓਲ) ਨੂੰ ਇਹ ਵੀ ਨਹੀਂ ਪਤਾ ਉੱਥੇ ਕੀ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਐਕਟਰ ਸਿਰਫ ਸ਼ੋ-ਪੀਸ ਹੀ ਹਨ। ਹੇਮਾ ਮਾਲਿਨੀ ਨੇ ਵੀ ਲੋਕ ਸਭਾ ਵਿੱਚ ਆਪਣਾ ਮੂੰਹ ਨਹੀਂ ਖੋਲਿਆ ਜਦਕਿ ਉਹ ਪਿਛਲੇ ਪੰਜ ਸਾਲਾਂ ਤੋਂ ਮਥੁਰਾ ਤੋਂ ਨੁਮਾਇੰਦਗੀ ਕਰਦੀ ਰਹੀ ਹੈ।  ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਪ੍ਰਨੀਤ ਕੌਰ ਨੇ ਨੋਟਬੰਦੀ ਨੂੰ ਆਮ ਲੋਕਾਂ ਲਈ ਇਕ ਆਫਤ ਦੱਸਿਆ ਜਿਸ ਨੇ ਆਮ ਲੋਕਾਂ ਲਈ ਪਹਾੜ ਜਿੱਡੀਆਂ ਮੁਸੀਬਤਾਂ ਪੈਦਾ ਕੀਤੀਆਂ। ਉਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਪੂਰੀ ਤਰਾਂ ਲੋਕ ਵਿਰੋਧੀ ਹਨ। ਉਨਾਂ ਨੇ ਲੋਕਾਂ ਨੂੰ ਆਪਣੇ ਅਤੇ ਦੇਸ਼ ਦੇ ਹਿੱਤ ਵਿੱਚ ਭਾਜਪਾ ਨੂੰ ਗੱਦੀ ਤੋਂ ਲਾਹੁਣ ਦੀ ਅਪੀਲ ਕੀਤੀ।  ਪ੍ਰਨੀਤ ਕੌਰ ਨੇ ਪਿਛਲੇ ਦੋ ਸਾਲਾਂ ਵਿੱਚ ਵਿੱਤ ਦੀਆਂ ਔਕੜਾਂ ਦੇ ਬਾਵਜੂਦ ਪੰਜਾਬ ’ਚ ਹੋਏ ਵਿਕਾਸ ਕਾਰਜਾਂ ਲਈ ਕਾਂਗਰਸ ਸਰਕਾਰ ਦੀ ਸਰਾਹਨਾ ਕੀਤੀ। ਉਨਾਂ ਨੇ ਖੇਤੀ ਕਰਜ਼ਾ ਮੁਆਫੀ ਸਕੀਮ ਬਿਨਾਂ ਕਿਸੇ ਪੱਖਪਾਤ ਤੋਂ ਲਾਗੂ ਕੀਤੇ ਜਾਣ ਦੀ ਗੱਲ ਆਖੀ ਅਤੇ ਇਸ ਸੰਬੰਧੀ ਕਿਸੇ ਵੀ ਤਰਾਂ ਦੇ ਪੱਖਪਾਤ ਨੂੰ ਰੱਦ ਕੀਤਾ।  ਇਸ ਰੈਲੀ ਵਿੱਚ ਫਤਿਹਗੜ ਸਾਹਿਬ ਅਤੇ ਸੰਗਰੂਰ ਦੇ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਵੀ ਹਾਜ਼ਰ ਸਨ।