• Home
  • ਅੱਜ ਹੀ ਵਿਧਾਨ ਸਭਾ ‘ਚ ਪੇਸ਼ ਹੋ ਸਕਦੀ ਹੈ, ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ! ਬਹਿਸ 27 ਤੇ 28 ਨੂੰ ,ਕਿਹੜੀ ਪਾਰਟੀ ਨੂੰ ਕਿੰਨਾ ਸਮਾਂ ਮਿਲੇਗਾ ਬੋਲਣ ਦਾ ? ਪੜ੍ਹੋ :-

ਅੱਜ ਹੀ ਵਿਧਾਨ ਸਭਾ ‘ਚ ਪੇਸ਼ ਹੋ ਸਕਦੀ ਹੈ, ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ! ਬਹਿਸ 27 ਤੇ 28 ਨੂੰ ,ਕਿਹੜੀ ਪਾਰਟੀ ਨੂੰ ਕਿੰਨਾ ਸਮਾਂ ਮਿਲੇਗਾ ਬੋਲਣ ਦਾ ? ਪੜ੍ਹੋ :-

ਚੰਡੀਗੜ੍ਹ  (ਖਬਰ ਵਾਲੇ ਬਿਓਰੋ)-ਦੇਸ਼ ਵਿਦੇਸ਼ ਚ ਵੱਸਦੇ ਪੰਜਾਬੀਆਂ/ਸਿੱਖਾਂ  ਦਾ ਕੇਂਦਰ ਬਿੰਦੂ ਬਣੀ ਬਰਗਾੜੀ ਬੇਅਦਬੀ ਮਾਮਲਾ ਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅੱਜ ਹੀ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤਾ ਜਾ ਸਕਦਾ ਹੈ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਤਿੰਨ ਦਿਨ ਚੱਲਣ ਵਾਲੇ ਇਸ ਸੈਸ਼ਨ ਚ ਸੱਤਾਧਾਰੀ ਧਿਰ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਕੀਤੀ ਹੈ ।

ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਅਕਾਲੀਆਂ ਨੂੰ ਉਨ੍ਹਾਂ ਨੂੰ ਘੇਰਨ ਲਈ ਕੋਈ ਵੀ ਮੌਕਾ ਨਹੀਂ ਦੇਣਾ ਚਾਹੁੰਦੀ । ਭਾਵੇਂ ਕਿ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਸੈਸ਼ਨ ਦੀ ਇਕੋ ਸਿਟਿੰਗ ਰੱਖੀ ਗਈ ਹੈ ,ਪਰ ਮੌਕੇ ਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਦਨ ਤੋਂ ਰਿਪੋਰਟ ਰੱਖਣ ਲਈ ਵੀਂ  ਸਹਿਮਤੀ ਲਈ ਜਾ ਸਕਦੀ ਹੈ ।

ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਅੱਜ ਸ਼ੁੱਕਰਵਾਰ ਨੂੰ ਕਮਿਸ਼ਨ ਦੀ  ਰਿਪੋਰਟ ਰੱਖੀ ਜਾਏਗੀ ਅਤੇ ਇਸ ਤੇ ਬਹਿਸ 27 ਤੇ 28 ਅਗਸਤ ਨੂੰ ਹੋਵੇਗੀ ।

ਇਹ ਵੀ ਪਤਾ ਲੱਗਾ ਹੈ ਕਿ ਇਸ ਬਹਿਸ ਲਈ ਸਦਨ ਵੱਲੋਂ ਟਾਈਮ 12 ਘੰਟੇ ਰੱਖਿਆ ਜਾਵੇਗਾ ਅਤੇ ਵਿਧਾਇਕ ਦਲਾਂ ਨੂੰ ਉਨ੍ਹਾਂ ਦੇ ਵਿਧਾਇਕਾਂ ਦੀਆਂ ਸੰਖਿਆ ਅਨੁਸਾਰ ਕਾਂਗਰਸ ਨੂੰ ਸਦਨ  ਚ ਬੋਲਣ ਲਈ 6 ਤੋਂ 7 ਘੰਟੇ ,ਆਮ ਆਦਮੀ ਪਾਰਟੀ ਨੂੰ 2 ਤੋਂ 3 ਘੰਟੇ ਅਤੇ 1 ਤੋਂ 2 ਘੰਟੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਦਿੱਤੇ ਜਾਣੇ ਹਨ ।

ਦਿਲਚਸਪ ਗੱਲ ਇਹ ਹੈ ਕਿ ਭਾਵੇਂ ਲੋਕ ਇਨਸਾਫ਼ ਪਾਰਟੀ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮਾਫੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨਾਲੋਂ ਤੋੜ ਵਿਛੋੜਾ ਕਰ ਲਿਆ ਸੀ 'ਪਰ ਵਿਧਾਨ ਸਭਾ 'ਚ ਉਹ ਅਜੇ ਤੱਕ ਆਮ ਆਦਮੀ ਪਾਰਟੀ ਦੇ ਗੱਠਜੋੜ ਵਾਲੀ ਭਾਈਵਾਲ ਪਾਰਟੀ ਵੱਜਦੀ ਹੈ ।

ਇਸ ਲਈ ਲੋਕ ਇਨਸਾਫ਼ ਪਾਰਟੀ ਨੂੰ ਅਤੇ ਆਪ ਦੇ ਬਾਗੀ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੂੰ ਕਮਿਸ਼ਨ ਦੀ ਰਿਪੋਰਟ ਬਾਰੇ ਬਹਿਸ ਚ ਬੋਲਣ ਦਾ ਸਮਾਂ ਦੇਣਾ 'ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਨਿਰਭਰ ਕਰਦਾ ਹੈ ।