• Home
  • ਸੁਖਬੀਰ ਨਾਲ ਧਰਨੇ ‘ਤੇ ਨਾਲ ਮੈਂ ਬੈਠਾਂਗਾ-ਉਥੇ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਨੇ ਕੀਤੀ : ਸਿੱਧੂ

ਸੁਖਬੀਰ ਨਾਲ ਧਰਨੇ ‘ਤੇ ਨਾਲ ਮੈਂ ਬੈਠਾਂਗਾ-ਉਥੇ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਨੇ ਕੀਤੀ : ਸਿੱਧੂ

ਚੰਡੀਗੜ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਥੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 'ਤੇ ਖ਼ੂਬ ਨਿਸ਼ਾਨੇ ਲਾਏ ਤੇ ਕਿਹਾ ਕਿ ਜੇ ਸੁਖਬੀਰ ਨੂੰ ਧਰਨੇ ਲਾਉਣ ਦਾ ਸ਼ੌਕ ਹੈ ਤਾਂ ਉਹ ਬਰਗਾੜੀ ਜਾ ਕੇ ਧਰਨੇ 'ਤੇ ਬੈਠੇ ਤੇ ਉਥੇ ਜਾ ਕੇ ਸੰਗਤ ਨੂੰ ਦੱਸੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਨੇ ਕੀਤੀ, ਸੌਦਾ ਸਾਧ ਨੂੰ ਮੁਆਫੀ ਕਿਸ ਨੇ ਦਿਵਾਈ ਤੇ ਐਮ ਐਸ ਜੀ ਫਿਲਮ 100 ਕਰੋੜ ਕਿਉਂ ਕਮਾ ਗਈ। ਉਨਾਂ ਕਿਹਾ ਕਿ ਮੈਂ ਸੁਖਬੀਰ ਦੇ ਨਾਲ ਧਰਨੇ 'ਤੇ ਬੈਠਾਂਗਾ।
ਉਨਾ ਦੁਹਰਾਇਆ ਕਿ ਜਦੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਸੀ ਤਾਂ ਉਸ ਵੇਲੇ ਸੁਖਬੀਰ ਨੇ 1984 ਸਿੱਖ ਕਤਲੇਆਮ ਪੀੜਤਾਂ ਲਈ ਨਿਆਂ ਕਿਉਂ ਨਾ ਮੰਗਿਆ। ਅੱਜ ਅਕਾਲੀ ਦਲ ਕੇਂਦਰ 'ਚ ਭਾਈਵਾਲ ਹੈ ਤਾਂ ਸੁਖਬੀਰ ਕਿਸ ਦੇ ਵਿਰੁਧ ਨਾਹਰੇ ਲਾ ਰਿਹਾ ਹੈ।
ਟਕਸਾਲੀ ਆਗੂਆਂ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਟਕਸਾਲੀ ਆਗੂਆਂ ਨੂੰ ਅਕਾਲੀ ਦਲ ਤੋਂ ਕੋਈ ਤਕਲੀਫ਼ ਨਹੀ ਸਗੋਂ ਉਨਾਂ ਨੂੰ ਸਮੱਸਿਆ ਜੀਜਾ-ਸਾਲੇ ਦੀ ਜੋੜੀ ਤੋਂ ਹੈ। ਉਨਾਂ ਕਾਨਫਰੰਸ 'ਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਸੁਖਦੇਵ ਸਿੰਘ ਢੀਂਡਸਾ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਸੁਖਬੀਰ ਉਨਾਂ ਸਾਹਮਣੇ ਬੌਣਾ ਹੈ।
ਉਨਾਂ ਕਿਹਾ ਕਿ ਸੁਖਬੀਰ ਧਰਨਿਆਂ ਰਾਹੀਂ ਪਤਲੀ ਗਲੀ 'ਚੋਂ ਨਿਕਲਣਾ ਚਾਹੁੰਦੇ ਹਨ ਤੇ ਲੋਕਾਂ ਦਾ ਧਿਆਨ ਭਟਕਾ ਕੇ ਆਪਣੀ ਹੋਂਦ ਬਚਾਉਣਾ ਚਾਹੁੰਦੇ ਹਨ। ਉਨਾ ਕਿਹਾ ਕਿ ਇੱਕ ਪਾਸੇ ਸੁਖਬੀਰ ਆਪਣੀ ਹੋਂਦ ਬਚਾਉਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਪੁੱਤਰ ਦੀ ਕੁਰਸੀ ਬਚਾਉਣ 'ਚ ਪੂਰਾ ਜ਼ੋਰ ਲਾ ਰਹੇ ਹਨ।