• Home
  • ਐਟਮ ਹਾਰ ਗਿਆ, ਬੈਟ ਜਿੱਤ ਗਿਆ..!

ਐਟਮ ਹਾਰ ਗਿਆ, ਬੈਟ ਜਿੱਤ ਗਿਆ..!

ਕਰਤਾਰਪੁਰ ਸਾਹਿਬ ਲਾਂਘੇ ਲਈ ਟੱਕ ਲਾਊ ਸਮਾਗਮ ਚ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਨੂੰ ਮੁਸਲਮਾਨ ਭਰਾਵਾਂ ਨੂੰ ਸਮਝਾਉਣ ਲਈ ਮੱਕਾ ਮਦੀਨਾ ਨਾਲ ਮਿਲਾ ਕੇ ਵਿਸ਼ਵ ਭਾਈਚਾਰੇ ਦਾ ਪਹਿਲਾ ਵਰਕਾ ਲਿਖਿਆ।
2014 ਚ ਜਦ ਮੈਂ ਵਿਸ਼ਵ ਅਮਨ ਕਾਨਫਰੰਸ ਤੇ ਲਾਹੌਰ ਗਿਆ ਸਾਂ ਤਾਂ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਾਣਾ ਚਾਹੁੰਦਾ ਸਾਂ ਪਰ ਵੀਜ਼ਾ ਲਾਹੌਰ ਤੀਕ ਹੀ ਸੀ।
ਮੈਂ ਇੱਛਾ ਪ੍ਰਗਟਾਈ ਤਾਂ ਜਵਾਬ ਮਿਲਿਆ ਕਿ ਤੂੰ ਓਥੇ ਜਾ ਨਹੀਂ ਸਕਦਾ।
ਮੈਂ ਉਸ ਰਾਤ ਇੱਕ ਗ਼ਜ਼ਲ ਲਿਖੀ ਸੀ ਜਿਸ ਦਾ ਰੂਪ ਇੰਜ ਸੀ
ਆਪਣੇ ਘਰ ਪਰਦੇਸੀਆਂ ਵਾਂਗੂੰ ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ?
ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ,
ਧਾਹ ਗਲਵੱਕੜੀ ਪਾ ਕੇ ਮਿਲਦਾ ਸਤਿਲੁਜ  ਨਾਲ ਬਿਆਸ ਕਿਉਂ ਹੈ?
ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਇਨਾਇਤਾਂ ਪਾਇਆ,
ਪੌਣੀ ਸਦੀ ਗੁਜ਼ਾਰਨ ਮਗਰੋਂ, ਲੀਰੋ ਲੀਰ ਲਿਬਾਸ ਕਿਉਂ ਹੈ।
ਮੈਨੂੰ ਅੱਜ ਕਰਤਾਰਪੁਰ ਸਾਹਿਬ ਲਾਂਘੇ ਦਾ ਟੀ ਵੀ ਪਰਸਾਰਨ ਸੁਣ ਕੇ ਇੰਜ ਲੱਗਾ ਜਿਵੇਂ ਇਮਰਾਨ ਖਾਂ ਨੇ ਮੇਰੀ ਗ਼ਜ਼ਲ ਪੜ੍ਹ ਲਈ ਹੋਵੇਗੀ।
ਮੇਰਾ ਦਰਦ ਹਰ ਗੁਰੂ ਨਾਨਕ ਨਾਮ ਲੇਵਾ ਬੰਦੇ ਦਾ ਦਰਦ ਹੈ।
ਵਿਸ਼ਵ ਅਮਨ ਦਾ
ਨਵਾਂ ਵਰਕਾ ਲਿਖਣ ਵਾਲੇ ਇਮਰਾਨ ਨਵਜੋਤ ਤੇ ਬਾਕੀ ਵੀਰ ਜ਼ਿੰਦਾਬਾਦ।
ਗੁਰੂ ਨਾਨਕ ਦੀ ਕਰਮਭੂਮੀ, ਕਿਰਤ ਭੂਮੀ, ਸਿਰਜਣਭੂਮੀ ਤੇ ਅੰਤਮ ਸਥਾਨ ਭੂਮੀ ਨੂੰ ਮੇਰਾ  ਸਲਾਮ।
ਗੁਰਭਜਨ ਗਿੱਲ