• Home
  • ਖ਼ੁਰਾਕੀ ਸੈਂਪਲਾਂ ਦੀ ਜਾਂਚ ਨਾਲ ਮਿਲਾਵਟਖੋਰ ਹੋਣਗੇ ਨੰਗੇ- ਪੀ.ਬੀ.ਟੀ.ਆਈ. ਲੈਬ ਦੇਵੇਗੀ ਸਹਿਯੋਗ

ਖ਼ੁਰਾਕੀ ਸੈਂਪਲਾਂ ਦੀ ਜਾਂਚ ਨਾਲ ਮਿਲਾਵਟਖੋਰ ਹੋਣਗੇ ਨੰਗੇ- ਪੀ.ਬੀ.ਟੀ.ਆਈ. ਲੈਬ ਦੇਵੇਗੀ ਸਹਿਯੋਗ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਸੇਫਟੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸੂਬੇ ਭਰ ਵਿਚ ਕੀਤੀਆਂ ਛਾਪੇਮਾਰੀਆਂ ਦੌਰਾਨ ਭੋਜਨ ਪਦਾਰਥਾਂ ਦੇ ਇਕੱਠੇ ਕੀਤੇ ਨਮੂਨਿਆਂ ਦੇ ਵਿਸ਼ਲੇਸ਼ਣ ਲਈ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ (ਪੀ.ਬੀ.ਟੀ.ਆਈ.) ਲੈਬਾਟਰੀ ਦਾ ਸਹਿਯੋਗ ਵੀ ਲਿਆ ਜਾਵੇਗਾ। ਉਕਤ ਪ੍ਰਗਟਾਵਾ ਫੂਡ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਅਧੀਨ ਐਸ.ਏ.ਐਸ ਨਗਰ ਮੋਹਾਲੀ ਵਿਖੇ ਸਥਿਤ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ ਨੂੰ ਰੈਫਰਲ ਲੈਬਾਟਰੀ ਵਜੋਂ ਨੋਟੀਫਾਈ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਕ ਹੋਰ ਲੈਬ ਮਿਲ ਜਾਣ ਨਾਲ ਭਰੇ ਗਏ ਨਮੂਨਿਆਂ ਦੀ ਜਾਂਚ ਜਲਦ ਕਰਨ ਵਿਚ ਮਦਦ ਮਿਲੇਗੀ ਜਿਸ ਨਾਲ ਡਿਫਾਲਟਰਾਂ ਵਿਰੁੱਧ ਤੇਜੀ ਨਾਲ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇਗੀ।ਉਨਾਂ ਦਸਿਆ ਕਿ ਪੀ.ਬੀ.ਟੀ.ਆਈ ਇਕ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਇਕ ਹਾਈ-ਟੈੱਕ ਲੈਬ ਹੈ।ਜਿਸ ਵਿਚ ਜਾਂਚ ਦੌਰਾਨ ਕਿਸੇ ਵੀ ਤਰਾਂ ਦੀ ਰਹਿੰਦ-ਖੂਹੰਦ ਅਤੇ ਕੀਟਨਾਸ਼ਕਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਸ੍ਰੀ ਪੰਨੂੰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2008 ਤਹਿਤ ਪੀ.ਬੀ.ਟੀ.ਆਈ. ਦੇ ਦੋ ਵਿਗਿਆਨੀਆਂ ਰਵਨੀਤ ਕੌਰ ਸਿੱਧੂ ਅਤੇ ਸ੍ਰੀ ਅਮਿਤ ਅਗਰਵਾਲ ਨੂੰ ਫੂਡ ਐਨਾਲਿਸਟ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਇਨਾਂ ਮਾਹਿਰਾਂ ਦੀਆਂ ਸੇਵਾਵਾਂ ਸੂਬਾ ਸਰਕਾਰ ਵਲੋਂ ਲਈਆਂ ਜਾਣਗੀਆਂ।