• Home
  • ਮੋਦੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਹੀਦਾਂ ਦੀ ਵਰਤੋਂ ਕਰਨਾ ਸ਼ਰਮਨਾਕ – ਕੈਪਟਨ

ਮੋਦੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਹੀਦਾਂ ਦੀ ਵਰਤੋਂ ਕਰਨਾ ਸ਼ਰਮਨਾਕ – ਕੈਪਟਨ

ਕਰਤਾਰਪੁਰ, 2 ਮਈ: ਸ਼ਹੀਦ ਫੌਜੀਆਂ ਅਤੇ ਹਥਿਅਰਬੰਦ ਫੌਜੀਆਂ ਦੀ ਸਿਆਸੀ ਲਾਹੇ ਲਈ ਵਰਤੋਂ ਕਰਨ ਦੀ ਨਰਿੰਦਰ ਮੋਦੀ ਦੀ ਸ਼ਰਮਨਾਕ ਕੋਸ਼ਿਸ਼ 'ਤੇ ਪੂਰੀ ਤਰ੍ਹਾਂ ਗਿਲਾਨੀ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਹੇਠ ਸ਼ਾਂਤੀ ਅਤੇ ਖੁਸ਼ਹਾਲੀ ਦਾ ਨਵਾਂ ਯੁਗ ਸ਼ੁਰੂ ਕਰਨ ਵਾਸਤੇ ਵੰਡਪਾਊ ਫਿਰਕੂ ਸ਼ਕਤੀਆਂ ਭਾਜਪਾ ਅਤੇ ਅਕਾਲੀ ਦਲ ਨੂੰ ਸੱਤਾ ਵਿੱਚੋਂ ਬਾਹਰ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ |  ਅੱਜ ਇੱਥੇ ਕਾਂਗਰਸ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੱੁਖ ਮੰਤਰੀ ਨੇ ਕਿਹਾ ਕਿ ਸਾਡੇ ਸੱਭਿਅਕ ਸਮਾਜ ਵਿੱਚ ਫਿਰਕੂ ਆਧਾਰ 'ਤੇ ਲੋਕਾਂ ਨੰੂ ਵੰਡਣ ਵਾਲੀਆਂ ਸ਼ਕਤੀਆਂ ਦੀ ਕੋਈ ਥਾਂ ਨਹੀਂ ਹੈ | ਇਸ ਮੌਕੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੁਣਨ ਆਏ ਆਮ ਲੋਕਾਂ ਦੇ ਸਾਹਮਣੇ ਸਪਸ਼ਟ ਅਤੇ ਤਿੱਖੇ ਵਿਚਾਰ ਪ੍ਰਗਟ ਕੀਤੇ | ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਅਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਨੇੜੇ ਇਸ ਮੈਦਾਨ ਵਿੱਚ ਮੁੱਖ ਮੰਤਰੀ ਦਾ ਸਵਾਗਤ ਕੀਤਾ |  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੋਦੀ ਪੁਲਵਾਮਾ ਦੇ ਸ਼ਹੀਦਾਂ ਜਾਂ ਬਾਲਾਕੋਟ ਹਵਾਈ ਹਮਲੇ ਦੇ ਨਾਂ 'ਤੇ ਵੋਟਰਾਂ ਨੂੰ ਵੋਟਾਂ ਦੀ ਅਪੀਲ ਕਰਦਾ ਹੈ ਤਾਂ ਇਹ ਸੁਣ ਕੇ ਉਨ੍ਹਾਂ ਦਾ ਖ਼ੂਨ ਬੁਰੀ ਤਰ੍ਹਾਂ ਉੱਬਲਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵਿਵਹਾਰ ਘਿਰਨਾਜਨਕ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਫੌਜੀ ਰੋਜ਼ਾਨਾ ਹੀ ਡਿਊਟੀ ਦੌਰਾਨ ਮਾਰੇ ਜਾ ਰਹੇ ਹਨ ਜੋ ਕਿ ਮੋਦੀ ਦੇ ਫੌਜੀ ਨਹੀਂ ਹਨ | ਉਨ੍ਹਾਂ ਕਿਹਾ ਕਿ ਮੋਦੀ ਆਪਣੇ ਸਿਆਸੀ ਫਾਇਦੇ ਲਈ ਬਹਾਦਰ ਫੌਜੀਆਂ ਦੇ ਬਲਿਦਾਨ ਦੀ ਵਰਤੋਂ ਕਰ ਰਿਹਾ ਹੈ |  ਮੁੱਖ ਮੰਤਰੀ ਨੇ ਕਿਹਾ ਕਿ ਜਿਸ ਮੀਡੀਏ 'ਤੇ ਮੋਦੀ ਕੰਟਰੋਲ ਕਰ ਰਿਹਾ ਹੈ ਉਹ ਪ੍ਰਧਾਨ ਮੰਤਰੀ ਦੀ ਬੋਲੀ ਹੀ ਬੋਲ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕੀਂ ਸਭ ਦੇਖ ਰਹੇ ਹਨ ਅਤੇ ਜੋ ਹਵਾ ਇਸ ਵੇਲੇ ਚੱਲ ਰਹੀ ਹੈ ਉਹ ਮੋਦੀ ਅਤੇ ਭਾਜਪਾ ਨੂੰ ਉਡਾ ਕੇ ਲੈ ਜਾਵੇਗੀ | ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ ਅਤੇ ਕਾਂਗਰਸ ਹੂੰਝਾ ਫੇਰੂ ਜਿੱਤ ਹਾਸਲ ਕਰੇਗੀ | ਬੇਅਦਬੀ ਦੇ ਮਾਮਲਿਆਂ ਅਤੇ ਬਹਿਬਲ ਕਲਾਂ ਤੇ ਬਰਗਾੜੀ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਅਕਾਲੀਆਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਤੋਂ ਬਚਣ ਦੀਆਂ ਕੋਸ਼ਿਸ਼ਾਂ ਵਿੱਚ ਅਕਾਲੀ ਸਫ਼ਲ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅਫ਼ਸਰ ਨੂੰ ਬਾਦਲਾਂ ਨੇ ਤਬਦੀਲ ਕਰਾਇਆ ਹੈ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਉਹ ਮੁੜ ਐਸ.ਆਈ.ਟੀ. ਵਿੱਚ ਆ ਜਾਵੇਗਾ ਅਤੇ ਬੇਅਦਬੀ ਅਤੇ ਹੱਤਿਆਵਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਯਕੀਨੀ ਬਣਾਈ ਜਾਵੇਗੀ |  ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਬੇਅਦਬੀ ਦੀ ਇੱਕ ਵੀ ਪ੍ਰਮੁੱਖ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਮਾਮਲਿਆਂ ਪਿੱਛੇ ਕੋਣ ਸੀ | ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਬਣਾਏ ਜ਼ੋਰਾ ਸਿੰਘ ਕਮਿਸ਼ਨ ਅਤੇ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਨੂੰ ਨਾ ਮੰਨ ਕੇ ਨਿਆਂ ਤੋਂ ਪਾਸਾ ਵੱਟਿਆ ਹੈ ਪਰ ਉਹ ਲੋਕਾਂ ਨੂੰ ਵੰਡਣ ਦੇ ਮੁੱਦੇ 'ਤੇ ਆਪਣੇ ਮਿਸ਼ਨ ਵਿੱਚ ਸਫ਼ਲ ਨਹੀਂ ਹੋਣਗੇ | ਇਨ੍ਹਾਂ ਕਾਰਨਾਂ ਕਰਕੇ ਉਹ ਸਿੱਖ ਭਾਈਚਾਰੇ ਦਾ ਸਮਰਥਨ ਪ੍ਰਾਪਤ ਨਹੀਂ ਕਰ ਸਕਣਗੇ | ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਵੱਲੋਂ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਵਿੱਚ ਪਾਏ ਜਾਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ |  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਚਾਹੁੰਦੇ ਹਨ ਅਤੇ ਇਹ ਸ਼ਾਂਤੀ ਸੂਬੇ ਦੇ ਵਿਕਾਸ ਅਤੇ ਉਦਯੋਗ ਨੂੰ ਆਕਸ਼ਿਤ ਕਰਨ ਲਈ ਜ਼ਰੂਰੀ ਹੈ | ਇਸ ਦੇ ਨਾਲ ਹੀ ਸੂਬੇ ਦੀ ਪ੍ਰਗਤੀ ਹੋ ਸਕਦੀ ਹੈ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ |  ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਘਰ-ਘਰ ਰੁਜ਼ਗਾਰ ਸਕੀਮ ਹੇਠ ਰੋਜ਼ਾਨਾ ਨੌਕਰੀਆਂ ਦੇਣ ਦਾ ਟੀਚਾ ਇਕ ਹਜ਼ਾਰ ਤੱਕ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਉਨ੍ਹਾਂ ਵਾਸਤੇ ਨੌਕਰੀਆਂ ਯਕੀਨੀ ਬਣਾਵੇਗੀ |  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ ਕਰਤਾਰਪੁਰ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਕਰਤਾਰਪੁਰ ਲਾਂਘਾ ਸਮੇਂ ਸਿਰ ਤਿਆਰ ਹੋ ਜਾਵੇਗਾ ਜਿਸ ਨਾਲ ਸਰਹੱਦ ਤੋਂ ਪਾਰ ਜਾ ਕੇ ਲੋਕ ਇਸ ਇਤਿਹਾਸਕ ਗੁਰਦੁਆਰੇ ਵਿੱਚ ਨਤਮਸਤਕ ਹੋ ਸਕਣਗੇ | ਸੁਲਤਾਨਪੁਰ ਲੋਧੀ ਦੇ ਵਿਕਾਸ ਦੇ ਵਾਸਤੇ ਮੋਦੀ ਵੱਲੋਂ ਕੋਈ ਵੀ ਮਦਦ ਨਾ ਕਰਨ ਲਈ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਸਬੰਧੀ ਕੁੱਝ ਮੀਟਿੰਗਾਂ ਕੀਤੀਆਂ ਹਨ ਪਰ ਉਨ੍ਹਾਂ ਨੇ ਯੋਜਨਾ ਬਾਰੇ ਵਿਚਾਰ ਕਰਨ ਲਈ ਕੇਵਲ ਬਾਦਲਾਂ ਨੂੰ ਹੀ ਸੱਦਾ ਦਿੱਤਾ ਹੈ |   ਆਪਣੀਆਂ ਗਲਤ ਨੀਤੀਆਂ ਦੇ ਨਾਲ ਉਦਯੋਗ ਅਤੇ ਕਿਸਾਨਾਂ ਦੇ ਲਈ ਸਮੱਸਿਆਵਾਂ ਖੜ੍ਹੀਆਂ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ 'ਤੇ ਦੋਸ਼ ਲਾਇਆ | ਉਨ੍ਹਾਂ ਨੇ ਨੋਟਬੰਦੀ, ਜੀ.ਐਸ.ਟੀ. ਲਾਗੂ ਕਰਨ ਅਤੇ ਐਮ.ਐਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਲਈ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਗਲਤ ਨੀਤੀਆਂ ਦਾ ਕੇਂਦਰ ਸਰਕਾਰ ਨੂੰ ਹਿਸਾਬ ਦੇਣਾ ਪਵੇਗਾ ਜਿਸ ਦੇ ਥੋੜੇ ਹੀ ਦਿਨ ਬਾਕੀ ਰਹਿ ਗਏ ਹਨ ਅਤੇ ਉਸ ਤੋਂ ਬਾਅਦ ਦੇਸ਼ ਦਾ ਭਵਿੱਖ ਸਵਾਰਨ ਲਈ ਕਾਂਗਰਸ ਸੱਤਾ ਵਿੱਚ ਆ ਜਾਵੇਗੀ |  ਬਾਅਦ ਵਿੱਚ ਲੋਕਾਂ ਵਿੱਚੋਂ ਕੀਤੇ ਗਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਵਿੱਚ ਸ਼ਾਮਲ ਦੋਸ਼ਿਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੂੰ ਸਜ਼ਾ ਤੋਂ ਬਚਾਉਣ ਲਈ ਬਾਦਲਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਨੂੰ ਵੀ ਖੁੱਲ੍ਹੇ ਘੁੰਮਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਅਖਿਆ ਕਿ ਉਹ ਸਿਆਸੀ ਬਦਲਾਖੋਰੀ ਦੇ ਮਾਮਲੇ ਵਿੱਚ ਅਕਾਲੀਆਂ ਵਾਂਗ ਹੇਠਲੇ ਪੱਧਰ ਤੱਕ ਨਹੀਂ ਜਾਣਗੇ | ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਜਾਂ ਸੂਬੇ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਢਾਹ ਲਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਕੁਸਾਸ਼ਨ ਲਈ ਹਿਸਾਬ ਦੇਣਾ ਪਵੇਗਾ |  ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤੀ ਮੁਸ਼ਕਿਲਾਂ ਅਤੇ 31,000 ਕਰੋੜ ਰੁਪਏ ਦਾ ਹੱਦ ਕਰਜ਼ਾ ਉਨ੍ਹਾਂ ਦੀ ਸਰਕਾਰ ਨੂੰ ਆਪਣੇ ਸਾਰੇ ਵਾਅਦੇ ਲਾਗੂ ਕਰਨ ਲਈ ਰੋਕ ਰਿਹਾ ਹੈ ਪਰ ਉਨ੍ਹਾਂ ਕਿਹਾ ਕਿ ਅਜੇ ਵੀ ਇਹ ਵਾਅਦੇ ਪੂਰੇ ਕਰਨ ਲਈ ਤਿੰਨ ਸਾਲ ਬਾਕੀ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੋਣਾਂ ਤੋਂ ਛੇਤੀਂ ਬਾਅਦ ਉਨ੍ਹਾਂ ਦੀ ਸਰਕਾਰ ਵੱਲੋਂ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ | ਇਸ ਵਾਸਤੇ ਲੋੜੀਂਦੇ 10.5 ਲੱਖ ਫੋਨਾਂ ਵਿੱਚੋਂ 3.5 ਲੱਖ ਫੋਨਾਂ ਦੀ ਪਹਿਲੀ ਕਿਸ਼ਤ ਦਾ ਆਰਡਰ ਦਿੱਤਾ ਜਾ ਚੁੱਕਾ ਹੈ |  ਸਿਰਫ਼ ਅਕਾਲੀਆਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪੂਰੇ ਮਾਪਦੰਡ ਤਿਆਰ ਕੀਤੇ ਗਏ ਸਨ | ਇਸ ਸਕੀਮ ਹੇਠ 10.25 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਨਾਲ-ਨਾਲ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਵੀ ਲਿਆਂਦਾ ਗਿਆ ਹੈ | ਸਿਰਫ਼ ਗਰੀਬ ਕਿਸਾਨਾਂ ਦੇ ਹੀ ਕਰਜ਼ੇ ਮੁਆਫ ਕੀਤੇ ਗਏ ਹਨ ਭਾਵੇਂ ਉਨ੍ਹਾਂ ਦਾ ਕਿਸੇ ਨਾਲ ਵੀ ਸਿਆਸੀ ਸਬੰਧ ਹੋਵੇ |  ਮੱਕੀ ਦੇ ਐਮ.ਐਸ.ਪੀ. ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਹੀ ਇਸ ਸਮੱਸਿਆ ਦਾ ਹੱਲ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲਾਂ ਹੀ ਵਾਅਦਾ ਕੀਤਾ ਹੈ ਕਿ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਕਿਸਾਨ ਪੱਖੀ ਕਦਮ ਉਠਾਏ ਜਾਣਗੇ |  ਕੁੱਝ ਥਾਵਾਂ 'ਤੇ ਗੈਰ-ਕਾਨੂੰਨੀ ਖਣਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਨੂੰ ਸਥਿਰ ਕਰਨ ਲਈ ਖੱਡਾਂ ਦੀ ਨਵੇਂ ਸਿਰੇਉਂ ਬੋਲੀ ਛੇਤੀਂ ਹੀ ਕੀਤੀ ਜਾਵੇਗੀ |