• Home
  • ਰੌਇਲ ਪਟਿਆਲਾ ਰਾਇਡਰਜ਼ ਨੇ ਕਰਵਾਈ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ‘ਰੰਗ ਦੇ ਬਸੰਤੀ’ ਸਾਇਕਲ ਰਾਈਡ

ਰੌਇਲ ਪਟਿਆਲਾ ਰਾਇਡਰਜ਼ ਨੇ ਕਰਵਾਈ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ‘ਰੰਗ ਦੇ ਬਸੰਤੀ’ ਸਾਇਕਲ ਰਾਈਡ

ਪਟਿਆਲਾ, 24 ਮਾਰਚ : ਰੌਇਲ ਪਟਿਆਲਾ ਰਾਇਡਰਜ਼ ਨੇ ਅੱਜ ਸਵੇਰੇ ਇੱਥੇ ਸਿਟੀ ਸੈਂਟਰ ਤੋਂ ਕਿਲਾ ਬਹਾਦਰਗੜ੍ਹ ਤੱਕ 30 ਕਿਲੋਮੀਟਰ ਚੌਥੀ 'ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰੰਗ ਦੇ ਬਸੰਤੀ ਸਾਇਕਲ ਰਾਈਡ' ਕਰਵਾਈ। ਰੌਇਲ ਪਟਿਆਲਾ ਰਾਇਡਰਜ਼ ਦੀ ਲੋਕ ਸਭਾ ਚੋਣਾਂ 2019 ਦੌਰਾਨ 'ਪਟਿਆਲਾ ਜ਼ਿਲ੍ਹੇ ਦੀ ਇਹ ਪਹਿਚਾਣ 100 ਫੀਸਦੀ ਕਰੋ ਮਤਦਾਨ' ਦਾ ਸੁਨੇਹਾ ਦੇਣ ਵਾਲੀ ਇਸ ਸਾਇਕਲ ਰਾਈਡ ਨੂੰ ਸਿਟੀ ਸੈਂਟਰ ਨੇੜੇ 22 ਨੰਬਰ ਫਾਟਕ ਤੋਂ ਆਈ.ਜੀ. ਪਟਿਆਲਾ ਜੋਨ ਸ੍ਰੀ ਏ.ਐਸ. ਰਾਏ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਆਈ.ਜੀ. ਸ੍ਰੀ ਏ.ਐਸ. ਰਾਏ ਨੇ ਸਮੂਹ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਮਜ਼ਬੂਤ ਲੋਕਤੰਤਰ ਲਈ ਹਰ ਵੋਟਰ ਆਪਣੀ ਵੋਟ ਜਰੂਰ ਪਾਵੇ ਤਾਂ ਕਿ 100 ਫੀਸਦੀ ਮਤਦਾਨ ਕੀਤਾ ਜਾ ਸਕੇ। ਇਸ ਸਾਇਕਲ ਰਾਈਡ ਵਿੱਚ ਸਾਬਕਾ ਆਈ.ਏ.ਐਸ. ਅਧਿਕਾਰੀ ਤੇ ਮੈਂਬਰ ਪੀ.ਪੀ.ਐਸ.ਸੀ. ਸ੍ਰੀ ਏ.ਪੀ.ਐਸ. ਵਿਰਕ ਅਤੇ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸੌਰਵ ਕੁਮਾਰ ਸਮੇਤ 450 ਸਾਇਕਲ ਚਾਲਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਿਲਾ ਬਹਾਦਰਗੜ੍ਹ ਦਾ ਆਨੰਦ ਮਾਣਿਆਂ ਰੌਇਲ ਪਟਿਆਲਾ ਰਾਇਡਰਜ਼ ਦਾ ਇਸ ਰਾਈਡ ਨੂੰ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਾਇਕਲ ਰਾਈਡ ਨੇ ਜਿੱਥੇ ਤੰਦਰੁਸਤ ਜੀਵਨ ਅਤੇ ਰਿਸ਼ਟ ਪੁਸ਼ਟ ਸਰੀਰ ਦਾ ਸੁਨੇਹਾ ਦਿੱਤਾ ਉਥੇ ਹੀ ਪਟਿਆਲਾ ਸ਼ਹਿਰ ਨੂੰ ਹੋਰ ਖੂਬਸੂਰਤ ਬਨਾਉਣ, ਪ੍ਰਦੂਸ਼ਣ ਅਤੇ ਆਵਾਜਾਈ ਦਿੱਕਤਾਂ ਨੂੰ ਘਟਾਉਣ ਲਈ ਸਾਇਕਲ ਚਲਾਉਣ ਦਾ ਵੀ ਹੋਕਾ ਦਿੱਤਾ। ਰੌਇਲ ਪਟਿਆਲਾ ਰਾਇਡਰਜ਼ ਦੇ ਪ੍ਰਧਾਨ ਅਤੇ ਉੱਘੇ ਸਾਇਕਲਿਸਟ ਸ੍ਰੀ ਭਵਜੀਤ ਸਿੰਘ ਸਿੱਧੂ ਦੇ ਉਦਮ ਸਦਕਾ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਮੁਹਿੰਮ ਤਹਿਤ ਬਹੁਤ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਹ 'ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰੰਗ ਦੇ ਬਸੰਤੀ ਸਾਇਕਲ ਰਾਈਡ' ਇਕ ਯਾਦਗਾਰੀ ਈਵੈਂਟ ਬਣਕੇ ਸਿਟੀ ਸੈਂਟਰ ਵਿਖੇ ਆਕੇ ਸਮਾਪਤ ਹੋਈ। ਸਮੂਹ ਸਾਇਕਲਿਸਟਾਂ ਨੂੰ ਕਿਲਾ ਬਹਾਦਰਗੜ੍ਹ ਵਿਖੇ ਰੀਫ੍ਰੈਸ਼ਮੈਂਟ ਤੇ ਸਿਟੀ ਸੈਂਟਰ ਵਿਖੇ ਨਾਸ਼ਤਾ ਕਰਵਾਉਣ ਸਮੇਤ ਸਾਰੇ ਭਾਗੀਦਾਰੀਆਂ ਨੂੰ ਸਰਟੀਫਿਕੇਟਸ ਦੇ ਕੇ ਸਨਮਾਨਤ ਕੀਤਾ ਗਿਆ। ਸ੍ਰੀ ਭਵਜੀਤ ਸਿੰਘ ਸਿੱਧੂ ਨੇ ਸ੍ਰੀ ਰਾਏ, ਸ੍ਰੀ ਵਿਰਕ, ਸ੍ਰੀ ਸਿੱਧੂ ਤੇ ਸਮੂਹ ਪਟਿਆਲਵੀਆਂ ਵੱਲੋਂ ਇਸ ਸਾਇਕਲ ਰਾਈਡ ਵਿਚ ਸ਼ਾਮਲ ਹੋਣ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੌਰਾਨ ਭਾਗੀਦਾਰੀਆਂ ਨੇ ਜਿਥੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਆਪਣੀਆਂ ਵੋਟਾਂ ਪਾਉਣ ਦਾ ਪ੍ਰਣ ਕੀਤਾ ਉਥੇ ਹੀ ਦਿਵਿਆਂਗ, ਨੌਜਵਾਨ ਅਤੇ ਔਰਤ ਵੋਟਰਾਂ ਦੇ ਮੱਤਦਾਨ ਨੂੰ 100 ਫੀਸਦੀ ਯਕੀਨੀ ਬਣਾਉਣ ਹਿੱਤ ਜਿਲ੍ਹਾ ਚੋਣ ਅਫ਼ਸਰ ਪਟਿਆਲਾ ਤੇ ਪ੍ਰਸ਼ਾਸ਼ਨ ਦਾ ਸਾਥ ਦੇਣ ਦਾ ਵੀ ਪ੍ਰਣ ਕੀਤਾ। ਇਸ ਮੌਕੇ ਸਵੀਪ ਦੇ ਨੋਡਲ ਅਫ਼ਸਰ ਸ. ਗੁਰਬਖ਼ਸ਼ੀਸ ਸਿੰਘ ਅੰਟਾਲ ਨੇ ਵੀ ਸੰਬੋਧਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਤੋਂ ਜਾਣੂ ਕਰਵਾਉਂਦਿਆਂ 100 ਫੀਸਦੀ ਮਤਦਾਨ ਕਰਨ ਲਈ ਅਪੀਲ ਕੀਤੀ।  ਸਿਟੀ ਸੈਂਟਰ ਤੋਂ ਥਾਪਰ ਯੂਨੀਵਰਸਿਟੀ, ਜੇਲ ਰੋਡ, ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਰਾਜਪੁਰਾ ਰੋਡ ਤੋਂ ਬਹਾਦਰਗੜ੍ਹ ਵਿਖੇ ਪੁੱਜੇ ਇਸ ਸਾਇਕਲ ਰਾਈਡ 'ਚ ਸ਼ਾਮਲ ਸਵਾਰਾਂ ਦਾ ਕਮਾਂਡੈਂਟ ਸ੍ਰੀ ਗੁਰਪ੍ਰੀਤ ਸਿੰਘ ਨੇ ਸਵਾਗਤ ਕੀਤਾ। ਸਾਇਕਲਿਸਟਾਂ ਨੇ ਕਿਲੇ ਦੇ ਅੰਦਰੂਨੀ ਹਿੱਸੇ, ਗੁਰਦੁਆਰਾ ਸਾਹਿਬ ਤੇ ਮਸਜਿਦ ਦੇ ਦਰਸ਼ਨ ਕਰਨ ਸਮੇਤ ਕਮਾਡੋਂ ਸੈਂਟਰ ਨੂੰ ਗਹੁ ਨਾਲ ਦੇਖਿਆ।  ਸਿਟੀ ਸੈਂਟਰ ਵਿਖੇ ਵਾਪਸੀ ਸਮੇਂ ਬੈਸਟ ਮੇਲ ਸਾਇਕਲਿਸਟ ਹਰਪ੍ਰੀਤ ਅਨੰਦ, ਵਿਜੇ ਚੌਹਾਨ ਤੇ ਕੰਵਰ ਗਿੱਲ, ਬੈਸਟ ਫੀਮੇਲ ਐਕਟਿਵ ਸਾਇਕਲਿਸਟ ਅੰਜੂ ਅਰੋੜਾ, ਸਜਨੀ ਬਾਤਿਸ਼ ਤੇ ਕਿਰਨ ਰਿਹਾਨੀ, ਬੈਸਟ ਜੂਨੀਅਰ ਸਾਇਕਲਿਸਟ ਹਰਮਨ, ਸਿਮਰਜੋਤ, ਹਰਮੀਕ ਤੇ ਪ੍ਰਸ਼ਾਤ ਸਮੇਤ ਬੈਸਟ ਸੀਨੀਅਰ ਮੋਸਟ ਸਾਇਕਲਿਸਟ ਸ੍ਰੀ ਸੋਹੀ ਤੇ ਸ੍ਰੀ ਗਿਆਨ ਨਾਭਾ ਨੂੰ ਸ੍ਰੀ ਭਵਜੀਤ ਸਿੰਘ ਸਿੱਧੂ ਤੇ ਹੋਰ ਮੈਂਬਰਾਂ ਨੇ ਰੌਇਲ ਪਟਿਆਲਾ ਰਾਇਡਰਜ ਵੱਲੋਂ ਸਨਮਾਨਤ ਕੀਤਾ। ਇਸ ਰਾਈਡ 'ਚ ਗੁਰਜੋਤ ਸਿੰਘ ਮਾਨ, ਟੂਰ ਦੀ ਪਟਿਆਲਾ ਤੋਂ ਬੀਰ ਗੁਰਿੰਦਰ ਸਿੱਧੂ, ਫਰੈਂਡਸ ਆਨ ਵੀਲ ਤੋਂ ਅਮਨ ਸੰਧੂ, ਪਟਿਆਲਾ ਰਨਰਜ ਤੋਂ ਨੀਲ ਕਮਲ ਜੁਨੇਜਾ, ਇਨਵਾਇਰਨਮੈਂਟ ਪਾਰਕ ਤੋਂ ਇੰਦਰਜੀਤ ਨਾਗਪਾਲ, ਟਰੈਕ ਐਂਡ ਟਰੇਲ ਤੋਂ ਅਰੁਣ ਕੁਮਾਰ, ਮਾਇਲਸਟੋਨ ਸਕੂਲ ਤੋਂ ਡਾ. ਸੋਹੀ, ਆਮ ਆਦਮੀ ਵੈਲਫੇਅਰ ਟਰਸਟ ਤੋਂ ਮਹੇਸ਼ ਕੁਮਾਰ, ਪਾਵਰ ਰਾਇਡਰਜ ਪਟਿਆਲਾ ਦੇ ਪ੍ਰਤੀਨਿਧੀਆਂ ਸਮੇਤ ਰੈਂਡਅਨੌਰ ਆਰਪੀਆਰ ਆਰ ਡੀ ਸ਼ਰਮਾ, ਜਗਦੀਪ ਸ਼ਰਮਾ ਤੇ ਬੰਟੀ ਨਾਰਮਨ ਸਮੇਤ ਸੁਪਰ ਰੈਂਡਅਨੌਰ ਆਰਪੀਆਰ ਸ੍ਰੀ ਭਵਜੀਤ ਸਿੰਘ ਸਿੱਧੂ, ਪੁਨੀਤ ਕਪੂਰ, ਰਜੀਵ ਵਰਮਾ, ਇੰਜ. ਪਰਮਜੀਤ ਸਿੰਘ ਤੇ ਬਲਦੇਵ ਸਿੰਘ ਨੇ ਵੀ ਹਿੱਸਾ ਲਿਆ।