• Home
  • ਸੁਖਬੀਰ ਬਾਦਲ ਦੀ ਵਰਕਰ ਮਿਲਣੀ ‘ਚ ਵਿਧੂ ਜੈਨ ਦੇ ਮਾਪਿਆਂ ਨੂੰ ਮਿਲਣ ਤੋਂ ਰੋਕਿਆ !ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਦਰ -ਦਰ ਦੀਆਂ ਠੋਕਰਾਂ ਖਾ ਰਹੇ ਮਾਪੇ

ਸੁਖਬੀਰ ਬਾਦਲ ਦੀ ਵਰਕਰ ਮਿਲਣੀ ‘ਚ ਵਿਧੂ ਜੈਨ ਦੇ ਮਾਪਿਆਂ ਨੂੰ ਮਿਲਣ ਤੋਂ ਰੋਕਿਆ !ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਦਰ -ਦਰ ਦੀਆਂ ਠੋਕਰਾਂ ਖਾ ਰਹੇ ਮਾਪੇ

ਉਪਵਿੰਦਰ ਤਨੇਜਾ / ਸੁੰਦਰ ਤੰਵਰ
ਸੰਗਰੂਰ, 22 ਅਪ੍ਰੈਲ
ਅੱਜ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ 'ਹੱਕ' ਵਿਚ ਵਰਕਰ ਮਿਲਣੀ ਕਰਨ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਸਥਿਤੀ ਉਦੋਂ 'ਗੰਭੀਰ' ਬਣ ਗਈ, ਜਦੋਂ ਮਾਲੇਰਕੋਟਲਾ ਵਿਖੇ ਵਾਪਰੇ ਦਰਦਨਾਕ ('ਵਿਧੂ ਜੈਨ ਕਤਲ ਕਾਂਡ' ਦੇ) ॥ਪੀੜਤ ਵਿਧੂ ਜੈਨ ਦੇ ਪਰਿਵਾਰਕ ਮੈਂਬਰਾਂ ਨੂੰ ਸੁਖਬੀਰ ਬਾਦਲ ਦੇ 'ਸੁਰੱਖਿਆ ਦਸਤੇ' ਨੇ ਮਿਲਣ ਤੋਂ ਰੋਕ ਦਿੱਤਾ। ਵਾਰ ਵਾਰ ਸੁਖਬੀਰ ਨੂੰ ਮਿਲਣ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ਨੇ ਨਿਰਾਸ਼ ਹੋ ਕੇ ਆਪਣਾ ਗੁੱਸਾ 'ਮੀਡੀਆ ' ਅੱਗੇ ਜਾਹਿਰ ਕਰਦਿਆਂ ਕਿਹਾ ਕਿ ਉਨਾਂ ਦੇ ਪੁੱਤਰ ਵਿਧੂ ਜੈਨ ਨੂੰ ਕੁਝ ਸਾਲ ਰਹੱਸਮਈ ਢੰਗ ਨਾਲ ਅੱਗ ਲਗਾ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਾਤਲਾਂ ਦੇ ਬਹੁਤ ਨੇੜੇ ਪੁੱਜ ਚੁੱਕੇ ਹਨ ਪਰ ਅੱਜ ਐਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨਾ ਦੇ ਪੁੱਤਰ ਦੇ ਕਾਤਲ ਗ੍ਰਿਫਤਾਰ ਨਹੀਂ ਕੀਤੇ ਗਏ ਹਨ। ਉਨ੍ਹਾ ਵੱਲੋਂ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸਾਰੇ ਆਗੂਆਂ ਤੱਕ ਪਹੁੰਚ ਕੀਤੀ ਗਈ, ਇਥੋਂ ਤਕ ਕਿ ਉਹ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਪਰ ਹਾਲੇ ਤੱਕ ਉਨ੍ਹਾ ਨੂੰ ਇਨਸਾਫ ਨਹੀਂ ਮਿਲ ਸਕਿਆ।
ਪੀੜਤ ਪਰਿਵਾਰ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਨਾਂ ਨੂੰ ਪਤਾ ਲੱਗਾ ਕਿ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸੰਗਰੂਰ ਵਿਖੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿਚ ਵਰਕਰ ਮਿਲਣੀ ਕਰਨ ਆ ਰਹੇ ਹਨ ਤਾਂ ਉਹ ਉਨਾਂ ਨੂੰ ਮਿਲਣ ਪਹੁੰਚੇ। ਜਦੋਂ ਬਾਦਲ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਸੁੱਰਖਿਆ ਦਸਤੇ ਨੇ ਉਨਾਂ ਨੂੰ ਦੋ ਵਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਲੲੀ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਚੁੱਕੇ ਹਨ। ਉਹ ਇਨਸਾਫ ਦੀ ਗੁਹਾਰ ਸਾਰੇ ਹੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਚੁੱਕੇ ਹਨ ਪਰ ਉਨਾਂ ਨੂੰ ਹਾਲੇ ਤੱਕ ਕੋਈ ਇਨਸਾਫ ਨਹੀ ਮਿਲਿਆ। ਇਹ ਕੇਸ ਸੀਬੀਆਈ ਜਾਂਚ ਤੋਂ ਬਾਅਦ ਵੀ ਉਥੇ ਦਾ ਉਥੇ ਹੀ ਖੜਾ ਹੈ।
ਜਿਕਰਯੋਗ ਹੈ ਕਿ ਜਦੋਂ ਵਰਕਰ ਮਿਲਣੀ ਤੋਂ ਬਾਅਦ ਸੁਖਬੀਰ ਬਾਦਲ ਪਰਿਵਾਰ ਨਾਲ ਮੁਲਾਕਾਤ ਕਰਨ ਲੱਗੇ ਤਾਂ ਇਕ ਵਾਰ ਫਿਰ ਸੁਖਬੀਰ ਬਾਦਲ ਦੇ 'ਸੁਰੱਖਿਆ ਦਸਤੇ' ਨੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਜਬਰਨ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਚਰਚਾ ਦਾ ਵਿਸ਼ਾ ਜਰੂਰ ਬਣ ਗਈ ।