• Home
  • ਦਰਿੰਦਗੀ :- ਫਿਰੌਤੀ ਲਈ ਅਗਵਾ ਕੀਤੇ 14 ਸਾਲਾ ਬੱਚੇ ਦੀ ਲਾਸ਼ ਚੌਥੇ ਦਿਨ ਨਹਿਰ ਚੋਂ ਮਿਲੀ -ਕਾਤਲ ਗੁਆਂਢੀ ਨਿਕਲਿਆ

ਦਰਿੰਦਗੀ :- ਫਿਰੌਤੀ ਲਈ ਅਗਵਾ ਕੀਤੇ 14 ਸਾਲਾ ਬੱਚੇ ਦੀ ਲਾਸ਼ ਚੌਥੇ ਦਿਨ ਨਹਿਰ ਚੋਂ ਮਿਲੀ -ਕਾਤਲ ਗੁਆਂਢੀ ਨਿਕਲਿਆ

ਜਗਰਾਓਂ, ( ਧਰਮਿੰਦਰ, ਦਵਿੰਦਰ )—ਐਤਵਾਰ ਰਾਤ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵਿਚ ਪੜ੍ਹਦੇ ਲੜਕੇ ਅਨਮੋਲ ਦਾ ਕਤਲ ਕਰ ਦਿਤਾ ਗਿਆ। ਉਸਦੀ ਲਾਸ਼ ਅੱਜ ਅਖਾੜਾ ਨਹਿਰ ਦੇ ਪੁਲ ਡੱਲਾ ਦੇ ਨਜ਼ਦੀਕ ਤੋਂ ਮਿਲੀ। ਪੁਲਿਸ ਨੇ ਕਾਤਲ ਨੂੰ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦੇ ਹੀ ਅਤੇ ਅਨਮੋਲ ਦੇ ਗੁਆੰਢੀ ਬਲਵੀਰ ਸਿੰਘ ਉਰਫ ਗੈਰੀ ਨੇ ਐਤਵਾਰ ਸ਼ਾਮ... ਨੂੰ ਸੱਤ ਵਜੇ ਦੇ ਕਰੀਬ ਅਨਮੋਲ ਨੂੰ ਉਸਦੇ ਘਰ ਦੇ ਨਜਦੀਕ ਧਰਮਸ਼ਾਲਾ ਵਿਚ ਖੇਡਦੇ ਸਮੇਂ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਪਿੰਡ ਦੇ ਹੀ ਇਕ ਕੈਫੇ ਤੇ ਉਤਾਰ ਕੇ ਆਪ ਚਲਿਆ ਗਿਆ। ਪਿੰਦ ਦੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿਚ ਧੂਲ ਝੋਂਕਣ ਦੇ ਇਰਾਦੇ ਨਾਲ ਬਲਵੀਰ ਨੇ ਕੈਫੇ ਦੇ ਮਾਲਕ ਨੂੰ ਫੋਨ ਕਰਕੇ ਪੁੱਛਿਆ ਕਿ ਇਥੇ ਤੇਰੇ ਪਾਸ ਅਨਮੋਲ ਬੈਠਾ ਹੈ ਉਸਨੂੰ ਕਹਿ ਦਿਓ ਕਿ ਉਹ ਆਪਣੇ ਘਰ ਚੱਲਿਆ ਜਾਵੇ ਮੈਂ ਬਾਅਦ ਵਿਚ ਆਵਾਂਗਾ ਅਤੇ ਅਗਲੇ ਹੀ ਪਲ ਉਸਨੇ ਚਲਾਕੀ ਨਾਲ ਕੈਫੇ ਮਾਲਕ ਨੂੰ ਇਹ ਕਹਿ ਦਿਤਾ ਕਿ ਮੇਰੇ ਨਾਲ ਅਨਮੋਲ ਦੀ ਗੱਲ ਹੀ ਕਰਵਾ ਦੇ। ਉਸਨੇ ਅਨਮੋਲ ਨੂੰ ਦੁਕਾਨ ਤੋਂ ਬਾਹਰ ਥੋੜਾ ਅੱਗੇ ਆ ਕੇ ਖੜ੍ਹ ਲਈ ਕਹਿ ਦਿਤਾ ਅਤੇ ਬਾਹਰ ਖੜੇ ਅਨਮੋਲ ਨੂੰ ਉਹ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ। ਜਿਸਦੀ ਸੀਸੀ ਟੀ ਵੀ ਕੈਮਰੇ ਵਿਚ ਫੁਟੇਜ ਵੀ ਪੁਲਿਸ ਨੇ ਬਰਾਮਦ ਕੀਤੀ।

ਜਦੋਂ ਉਹ ਉਥੋਂ ਚਲਾ ਗਿਆ ਤਾਂ ਸ਼ਾਤਰ ਬਲਵੀਰ ਸਿੰਘ ਨੇ ਸੋਫਟਵੇਅਰ ਰਾਹੀਂ ਇਕ ਮੈਸੇਜ ਅਨਮੋਲ ਦੇ ਦੋਸਤ ਦੇ ਫੋਨ ਤੇ ਕਰ ਦਿਤਾ ਕਿ ਅਨਮੋਲ ਦੇ ਬਦਲੇ 20 ਲੱਖ ਰੁਪਏ ਦਿਓ ਅਤੇ ਜੇਕਰ ਇਹ ਗੱਲ ਬਾਹਰ ਕੀਤੀ ਜਾਂ ਪੁਲਿਸ ਦੇ ਪਾਸ ਗਏ ਤਾਂ ਅਨਮੋਲ ਦਾ ਕਤਲ ਕਰ ਦਿਤਾ ਜਾਵੇਗਾ। ਇਹ ਸੋਫਟਵੇਅਰ ਅਕਸਰ ਸਮਗਲਰ ਅਤੇ ਕ੍ਰਿਮਿਨਲ ਲੋਕ ਵਰਤਦੇ ਹਨ ਕਿਉਂਕਿ ਇਸ ਵਿਚ ਫੋਨ ਕਰਨ ਤੇ ਯੂ ਐਸ ਏ ਦਾ ਨੰਬਰ ਆ ਜਾਂਦਾ ਹੈ। ਮੈਸੇਜ ਕਰਨ ਤੋਂ ਬਾਅਦ ਬਲਵੀਰ ਸਿੰਘ ਨੇ ਉਹ ਸੋਫਟਵੇਅਰ ਡਲੀਟ ਕਰ ਦਿਤਾ। ਜਦੋਂ ਪਿੰਡ ਵਿਚ ਰੌਲਾ ਪੈ ਗਿਆ ਤਾਂ ਪਿੰਡ ਦੇ ਲੋਕ ਬਲਵੀਰ ਸਿੰਘ ਨੂੰ ਫਨ ਕਰਕੇ ਅਨਮੋਲ ਸੰਬਧੀ ਪੁੱਛਣ ਲੱਗੇ ਅਤੇ ਉਸਦੇ ਘਰ ਵੀ ਜਾਣ ਲੱਗੇ। ਉਸ ਸਮੇਂ ਬਲਵੀਰ ਘਰ ਨਿਚ ਮੌਜੂਦ ਨਹੀਂ ਸੀ। ਬਲਵੀਰ ਦੇ ਪਰਿਵਾਰ ਨੇ ਉਸਨੂੰ ਫੋਨ ਕਰਕੇ ਫੌਰਨ ਘਰ ਆਉਣ ਲਈ ਕਿਹਾ ਤਾਂ ਬਲਵੀਰ ਨੇ ਪਹਿਲਾਂ ਮਾਸੂਮ ਅਨਮੋਲ ਨੂੰ ਅਖਾੜਾ ਨਹਿਰ ਦੇ ਪੁਲ ਤੇ ਲਿਜਾ ਕੇ ਨਹਿਰ ਵਿਚ ਧੱਕਾ ਦੇ ਦਿਤਾ ਅਤੇ ਆਪ ਪਿੰਡ ਆ ਗਿਆ। ਪਿੰਡ ਆ ਕੇ ਉਹ ਖੁਦ ਵੀ ਪੁਲਿਸ ਨੂੰ ਅਨਮੋਲ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਅਨਮੋਲ ਦੇ ਪਰਿਵਾਰ ਦੇ ਨਾਲ ਗਿਆ ਤਾਂ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ। ਪੁਲਿਸ ਨੇ ਐਤਵਾਰ ਰਾਤ ਨੂੰ ਹੀ ਬਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਸ਼ਾਤਰ ਦਿਮਾਗ ਬਲਵੀਰ ਪੁਲਿਸ ਨੂੰ ਵਾਰ -ਵਾਰ ਗੁਮੰਰਾਹ ਕਰਦਾ ਰਿਹਾ ਅਤੇ ਸੋਮਵਾਰਕ ਤੱਕ ਉਹ ਪੁਲਿਸ ਨੂੰ ਪਿੰਡ ਅਖਾੜਾ ਅਤੇ ਉਸਦੇ ਆਸ-ਪਾਸ ਮੋਟਰਾਂ ਤੇ ਘੁਮਾਈ ਫਿਰਦਾ ਰਿਹਾ। ਇਸ ਸਮੇਂ ਦੌਰਾਨ ਪੁਲਿਸ ਨੇ ਜਿਸ ਫੋਨ ਤੋਂ ਮੈਸੇਜ ਕੀਤਾ ਸੀ ਉਹ ਸਾਇਬਰ ਕ੍ਰਾਇਮ ਸੈਲ ਤੋਂ ਟਰੇਸ ਕਰਵਾ ਲਿਆ। ਜੋ ਕਿ ਬਲਵੀਰ ਦਾ ਹੀ ਨਿਕਲਿਆ। ਇਹ ਖੁਲਾਸਾ ਸਾਹਮਣੇ ਆਉਣ ਤੇ ਬਲਵੀਰ ਨੇ ਆਪਣਾ ਜੁਰਮ ਪੁਲਿਸ ਅੱਗੇ ਕਬੂਲ ਕਰਕੇ ਦੱਸ ਦਿਤਾ ਕਿ ਉਸਨੇ ਅਖਾੜਾ ਨਹਿਰ ਵਿਚ ਅਨਮੋਲ ਨੂੰ ਸੁੱਟ ਕੇ ਮਾਰ ਦਿਤਾ ਹੈ। ਅੱਜ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਅਖਾੜਾ ਨਹਿਰ ਦੇ ਪਿੰਡ ਡੱਲਾ ਵਾਲੇ ਪੁਲ ਤੋਂ ਬਰਾਂਮਦ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਸੇ ਸਪੁਰਦ ਕਰ ਦਿਤੀ ਅਤੇ ਦੇਰ ਸ਼ਾਮ ਅਨਮੋਲ ਦਾ ਅੰਤਿਮ ਸੰਸਾਕਾਰ ਕਰ ਦਿਤਾ ਗਿਆ। ਦੋਸ਼ੀ ਬਲਵੀਰ ਸਿੰਘ ਉਰਕਫ ਗੈਰੀ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰਕੇ ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ।