• Home
  • ਰੋਸ ਮਾਰਚ ਨੂੰ ਅਸਫ਼ਲ ਕਰਨ ਲਈ ਅਕਾਲੀਆਂ ਤੇ ਕਾਂਗਰਸੀਆਂ ਨੇ ਰੈਲੀਆਂ ਰੱਖੀਆਂ : ਖਹਿਰਾ

ਰੋਸ ਮਾਰਚ ਨੂੰ ਅਸਫ਼ਲ ਕਰਨ ਲਈ ਅਕਾਲੀਆਂ ਤੇ ਕਾਂਗਰਸੀਆਂ ਨੇ ਰੈਲੀਆਂ ਰੱਖੀਆਂ : ਖਹਿਰਾ

ਮੋਗਾ, (ਖ਼ਬਰ ਵਾਲੇ ਬਿਊਰੋ) : ਕਾਂਗਰਸੀ ਤੇ ਅਕਾਲੀ ਮਿਲੇ ਹੋਏ ਹਨ ਇਸੇ ਲਈ ਦੋਹਾਂ ਪਾਰਟੀਆਂ ਨੇ ਸਾਡੇ ਵਲੋਂ 7 ਅਕਤੂਬਰ ਨੂੰ ਐਲਾਨੇ ਗਏ ਰੋਸ ਮਾਰਚ ਨੂੰ ਫ਼ੇਲ ਕਰਨ ਲਈ ਦੋਹਾਂ ਪਾਰਟੀਆਂ ਨੇ ਰੈਲੀਆਂ ਰੱਖੀਆਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨਾਂ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਵਿਚ ਬਾਦਲ ਸਰਕਾਰ ਵੇਲੇ ਹੋਏ ਗੋਲੀਕਾਂਡ ਦੌਰਾਨ ਦੋ ਨੌਜਵਾਨ ਮਾਰੇ ਗਏ ਸਨ ਪਰ ਅਜੇ ਤੱਕ ਸੂਬੇ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਦੇ ਬਾਵਜੂਦ ਵੀ ਇਨਸਾਫ ਨਹੀਂ ਕੀਤਾ। ਖਹਿਰਾ ਨੇ ਕਿਹਾ ਕਿ ਬਾਦਲ ਤੇ ਕੈਪਟਨ ਦੀ ਗੰਢਤੁਪ ਕਰ ਕੇ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪਰ ਪੰਜਾਬ ਦੀ ਜਨਤਾ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ।

ਖਹਿਰਾ ਨੇ ਕਿਹਾ ਕਿ ਅਸੀਂ ਕੈਪਟਨ ਸਰਕਾਰ ਤੋਂ ਇਨਸਾਫ ਲੈਣ ਲਈ 7 ਅਕਤੂਬਰ ਨੂੰ ਕੋਟਕਪੂਰਾ ਤੋਂ ਕਾਫਲੇ ਦੇ ਰੂਪ 'ਚ ਰੋਸ ਮਾਰਚ ਕੱਢ ਰਹੇ ਹਾਂ ਪਰ ਕੈਪਟਨ ਸਰਕਾਰ ਅਤੇ ਬਾਦਲਾਂ ਨੇ ਸਾਡੇ ਰੋਸ ਮਾਰਚ ਨੂੰ ਤਾਰੋਪੀੜ ਕਰਨ ਲਈ ਲੰਬੀ ਅਤੇ ਪਟਿਆਲਾ ਰੈਲੀ ਰੱਖੀ ਹੈ। ਉਨਾਂ ਦਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਛੋਟੇਪੁਰ, ਗਾਂਧੀ, ਅਮਨ ਅਰੋੜਾ, ਫੂਲਕਾ ਸਮੇਤ ਸਾਡੇ ਤੋਂ ਵੱਖ ਹੋਏ ਸਾਰੇ 'ਆਪ' ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਨੂੰ ਮਿਲ ਕੇ ਇਨਸਾਫ ਦਿਵਾਇਆ ਜਾ ਸਕੇ।
ਇਸ ਸਮੇਂ ਖਹਿਰਾ ਨੇ ਸਾਰੇ ਵਰਗਾਂ, ਧਰਮਾਂ ਤੇ ਮਜ਼ਦੂਰਾਂ-ਕਿਰਤੀਆਂ ਨੂੰ ਸੱਦਾ ਦਿੱਤਾ ਕਿ ਦੋਹਾਂ ਪਾਰਟੀਆਂ ਦੀਆਂ ਰੈਲੀਆਂ ਵਲੋਂ ਧਿਆਨ ਹਟਾ ਕੇ ਰੋਸ ਮਾਰਚ ਨੂੰ ਸਫ਼ਲ ਕੀਤਾ ਜਾਵੇ।