• Home
  • ਐਮ.ਈ.ਐਸ ਠੇਕੇਦਾਰ ਸਾਂਗਾ ਸਿੰਘ ਐਂਡ ਕੰਪਨੀ ਨੂੰ ਪ੍ਰਾਵੀਡੈਂਟ ਫ਼ੰਡ ਅਦਾਲਤ ਵੱਲੋਂ ਜੁਰਮਾਨੇ ਦੀ ਚਿਤਾਵਨੀ

ਐਮ.ਈ.ਐਸ ਠੇਕੇਦਾਰ ਸਾਂਗਾ ਸਿੰਘ ਐਂਡ ਕੰਪਨੀ ਨੂੰ ਪ੍ਰਾਵੀਡੈਂਟ ਫ਼ੰਡ ਅਦਾਲਤ ਵੱਲੋਂ ਜੁਰਮਾਨੇ ਦੀ ਚਿਤਾਵਨੀ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਐਮ.ਈ.ਐਸ ਹਲਵਾਰਾ ਵਿੱਚ ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦੇ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ ਵਿੱਚ ਵੱਡੀ ਪੱਧਰ 'ਤੇ ਘਪਲੇਬਾਜੀ ਦੇ ਵਿਚਾਰ ਅਧੀਨ ਕੇਸ ਵਿੱਚ ਪ੍ਰਾਵੀਡੈਂਟ ਫੰਡ ਅਦਾਲਤ ਵੱਲੋਂ ਸਾਂਗਾ ਸਿੰਘ ਐਂਡ ਕੰਪਨੀ ਨੂੰ ਰਿਕਾਰਡ ਪੇਸ਼ ਕਰਨ ਵਿੱਚ ਲਗਾਤਾਰ ਟਾਲਮਟੋਲ ਕਰਨ 'ਤੇ ਸਖਤ ਰੁੱਖ ਅਪਣਾਇਆ ਹੈ।।ਅੱਜ ਕੇਸ ਦੀ ਸੁਣਵਾਈ ਕਰਦਿਆਂ ਸਹਾਇਕ ਕਮਿਸ਼ਨ ਸ਼੍ਰੀ ਵਿਜੇ ਗੌਤਮ ਦੀ ਮਾਨਯੋਗ ਅਦਾਲਤ ਨੇ ਰਿਕਾਰਡ ਪੇਸ਼ ਕਰਨ ਲਈ ਆਖਰੀ ਮੌਕਾ ਦਿੰਦਿਆਂ ਸਿਵਲ ਪ੍ਰੋਸੀਜ਼ਰ ਕੋਡ 32 ਅਧੀਨ ਜੁਰਮਾਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਮਨਾਯੋਗ ਪ੍ਰਾਵੀਡੈਂਟ ਫੰਡ ਕਮਿਸ਼ਨਰ ਦੀ ਅਦਾਲਤ ਨੇ ਆਪਣੇ ਆਦੇਸ਼ ਵਿੱਚ ਸਹਾਇਕ ਇਨਫੋਰਸਮੈਂਟ ਅਫਸਰ ਭੁਪਿੰਦਰ ਕੁਮਾਰ ਸਿੰਘ ਨੂੰ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਵੀ ਹਦਾਇਤ ਕੀਤੀ ਹੈ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਟੂਸੇ ਪ੍ਰਧਾਨ ਐਮ.ਈ.ਐਸ ਕਾਨਟ੍ਰੈਕਟ ਵਰਕਰਜ਼ ਯੂਨੀਅਨ ਅਤੇ ਕਾਨੂੰਨੀ ਸਲਾਹਕਾਰ ਸੰਤੋਖ ਗਿੱਲ ਨੇ ਸਾਂਗਾ ਸਿੰਘ ਐਂਡ ਕੰਪਨੀ ਵੱਲੋਂ ਰਿਕਾਰਡ ਪੇਸ਼ ਨਾ ਕਰਨ ਦੇ ਮਾਮਲੇ 'ਤੇ ਅਦਾਲਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਐਮ.ਈ.ਐਸ ਕਾਨਟ੍ਰੈਕਟ ਵਰਕਰਜ਼ ਯੂਨੀਅਨ (ਸੀਟੂ) ਵੱਲੋਂ ਇੰਡੋ ਸਕਿਊਰਿਟੀ ਗਾਰਡ ਦੇ ਮਾਲਕ ਸੰਤੋਖ ਸਿੰਘ ਖੈਹਰਾ ਵੱਲੋਂ ਵੀ ਠੇਕਾ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਥਾਣਾ ਸੁਧਾਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।।ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਰਾਸ਼ਟਰੀ ਆਗੂ ਸੰਤੋਖ ਗਿੱਲ, ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜਦੂਰ ਯੂਨੀਅਨ (ਸੀਟੂ) ਦੇ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਸਮੇਤ ਹੋਰ ਸੀਟੂ ਆਗੂਆਂ ਨੇ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਤੋਂ ਠੇਕੇਦਾਰ ਵਿਰੁਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।