• Home
  • ਜਮਾਂਬੰਦੀ ‘ਚ ਜ਼ਮੀਨ ਮਾਲਕਾਂ ਦੇ ਈਮੇਲ ਤੇ ਸੰਪਰਕ ਨੰਬਰ ਹੋਣਗੇ ਦਰਜ : ਸਰਕਾਰੀਆ

ਜਮਾਂਬੰਦੀ ‘ਚ ਜ਼ਮੀਨ ਮਾਲਕਾਂ ਦੇ ਈਮੇਲ ਤੇ ਸੰਪਰਕ ਨੰਬਰ ਹੋਣਗੇ ਦਰਜ : ਸਰਕਾਰੀਆ

ਜ਼ਮੀਨ ਦੀ ਖਰੀਦ-ਵੇਚ ਵਿੱਚ ਧੋਖਾਧੜੀ ਖ਼ਤਮ ਕਰਨ ਲਈ ਮਾਲ ਵਿਭਾਗ ਦਾ ਅਹਿਮ ਫ਼ੈਸਲਾ : ਐਮ.ਪੀ. ਸਿੰਘ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਦੇ ਮਾਲ ਵਿਭਾਗ ਨੇ ਇਕ ਹੋਰ ਅਹਿਮ ਕਦਮ ਪੁੱਟਿਆ ਹੈ। ਇਸ ਵਿਭਾਗ ਨੇ ਹੁਣ ਜਮਾਂਬੰਦੀ ਵਿੱਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ ਅਤੇ ਈਮੇਲ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਵਿਦੇਸ਼ਾਂ ਵਿੱਚ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ।

ਇਸ ਬਾਰੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਹ ਫ਼ੈਸਲਾ ਸਾਰਿਆਂ 'ਤੇ ਲਾਗੂ ਨਹੀਂ ਹੋਵੇਗਾ ਬਲਕਿ ਜਿਹੜਾ ਵੀ ਜ਼ਮੀਨ ਮਾਲਕ ਜਮਾਂਬੰਦੀ ਵਿੱਚ ਆਪਣਾ ਆਧਾਰ ਨੰਬਰ, ਈਮੇਲ ਅਤੇ ਸੰਪਰਕ ਨੰਬਰ ਦਰਜ ਕਰਾਉਣਾ ਚਾਹੁੰਦਾ ਹੈ ਉਸ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ।। ਇਸ ਸਹੂਲਤ ਨਾਲ ਲੋਕਾਂ ਦੇ ਜ਼ਮੀਨ 'ਤੇ ਮਾਲਕੀ ਹੱਕ ਸੁਰੱਖਿਅਤ ਰਹਿਣਗੇ ਅਤੇ ਕਿਸੇ ਵੱਲੋਂ ਉਨਾਂ ਦੀ ਜ਼ਮੀਨ ਧੋਖੇ ਨਾਲ ਵੇਚੇ ਜਾਣ ਦਾ ਡਰ ਮੁੱਕ ਜਾਵੇਗਾ।

ਸਰਕਾਰੀਆ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਮਨ ਵਿੱਚ ਉਨਾਂ ਦੀ ਜ਼ਮੀਨ ਫਰਜ਼ੀ ਢੰਗ ਨਾਲ ਅੱਗੇ ਵੇਚੇ ਜਾਣ ਦਾ ਡਰ ਬਣਿਆ ਰਹਿੰਦਾ ਸੀ ਪਰ ਮਾਲ ਵਿਭਾਗ ਦਾ ਇਹ ਫ਼ੈਸਲਾ ਜ਼ਮੀਨ ਦੀ ਖਰੀਦ-ਵੇਚ ਵਿੱਚ ਕਿਸੇ ਵੀ ਤਰਾਂ ਦੀ ਧੋਖਾਧੜੀ ਨੂੰ ਮੁਢੋਂ ਖ਼ਤਮ ਕਰ ਦੇਵੇਗਾ।
ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਸਹੂਲਤ ਨਾਲ ਵੰਡ/ਗਿਰਦਾਵਰੀ ਸਬੰਧੀ ਕੇਸਾਂ ਤੋਂ ਇਲਾਵਾ ਦੀਵਾਨੀ ਜਾਂ ਅਪਰਾਧਕ ਕੇਸਾਂ ਵਿੱਚ ਵੀ ਸਬੰਧਤ ਧਿਰਾਂ ਨੂੰ ਸੰਮਨ ਕਰਨ ਦੀ ਪ੍ਰਕਿਰਿਆ ਸੁਖਾਲੀ ਹੋ ਜਾਵੇਗੀ ਕਿਉਂਕਿ ਫਿਰ ਸੰਮਨ ਸਬੰਧਤ ਵਿਅਕਤੀ ਦੇ ਮੋਬਾਈਲ ਫੋਨ 'ਤੇ ਸੁਨੇਹੇ ਜਾਂ ਈਮੇਲ ਰਾਹੀਂ ਭੇਜੇ ਜਾ ਸਕਣਗੇ।