• Home
  • ਗੱਤਕੇ ਨੂੰ ਉਲੰਪਿਕ ਤੱਕ ਲਿਜਾਣ ਲਈ ਰੋਡ ਮੈਪ ਤਿਆਰ : ਗਰੇਵਾਲ – 3 ਰੋਜਾ ਗੱਤਕਾ ਰੈਫ਼ਰੀ ਸਿਖਲਾਈ ਵਰਕਸ਼ਾਪ ਦਾ ਉਦਘਾਟਨ

ਗੱਤਕੇ ਨੂੰ ਉਲੰਪਿਕ ਤੱਕ ਲਿਜਾਣ ਲਈ ਰੋਡ ਮੈਪ ਤਿਆਰ : ਗਰੇਵਾਲ – 3 ਰੋਜਾ ਗੱਤਕਾ ਰੈਫ਼ਰੀ ਸਿਖਲਾਈ ਵਰਕਸ਼ਾਪ ਦਾ ਉਦਘਾਟਨ

ਨੌਜਵਾਨ ਸੱਚੇ-ਸੁੱਚੇ ਆਚਰਨ ਦੇ ਧਾਰਨੀ ਬਣਕੇ ਸਿੱਖੀ ਦੇ ਦੂਤ ਬਣਨ : ਜੌੜਾਸਿੰਘਾ

ਚੰਡੀਗੜ 7 ਜੂਨ : ਗੁਰੂ ਸਾਹਬਿਾਨ ਵੱਲੋਂ ਦਰਸਾਈ ਜੀਵਨ-ਜੁਗਤ ਦੇ ਮਾਰਗ ’ਤੇ ਚੱਲਦਿਆਂ ਸਮੂਹ ਸਿੱਖ ਨੌਜਵਾਨ ਨਾਮ-ਸਿਮਰਨ ਦੇ ਅਭਿਆਸੀ ਬਣਦੇ ਹੋਏ ਰਹਿਤ-ਮਰਿਯਾਦਾ ਅਤੇ ਸੱਚੇ-ਸੁੱਚੇ ਆਚਰਨ ਦੇ ਧਾਰਨੀ ਬਣਕੇ ਸਿੱਖੀ ਦੇ ਦੂਤ ਬਣਨ ਅਤੇ ਸੁਚੱਜਾ ਜੀਵਨ ਜਿਉਂਦੇ ਹੋਏ ਹੋਰਨਾਂ ਲਈ ਰਾਹ ਦਸੇਰਾ ਬਣਨ। ਅਜਿਹੀ ਗੁਰਸਿੱਖ ਬਿਰਤੀ ਤੇ ਉਸਾਰੂ ਸੋਚ ਵਾਲੇ ਨੌਜਵਾਨਾਂ ਸਦਕਾ ਹੀ ਕੌਮ ਚੜਦੀਆਂ ਕਲਾਂ ਵਿੱਚ ਜਾ ਸਕਦੀ ਹੈ ਅਤੇ ਅੱਜ ਦੇ ਸਮੇਂ ਦੀ ਇਹੀ ਵੱਡੀ ਲੋੜ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਕੱਤਰ ਧਰਮ ਪ੍ਰਚਾਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਆਯੋਜਿਤ ਤਿੰਨ ਰੋਜਾ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਉਨਾਂ ਗੱਤਕਾ ਰੈਫ਼ਰੀਆਂ ਨੂੰ ਭਵਿੱਖ ਵਿੱਚ ਕੌਮ ਦੀ ਚੜਦੀਕਲਾ ਅਤੇ ਗੱਤਕਾ ਖੇਡ ਲਈ ਚੰਗੇ ਗੁਣਾਂ ਦੇ ਧਾਰਨੀ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਅੰਦਰ ਸਿੱਖੀ ਰਵਾਇਤਾਂ ਅਧੀਨ ਧਰਮ, ਕਰਮ, ਕਿਰਤ ਅਤੇ ਪੁਰਾਤਨ ਜੀਵਨ-ਜੁਗਤ ਲਈ ਵਿਸ਼ੇਸ਼ ਕੈਂਪਾਂ ਦੀ ਬਹੁਤ ਲੋੜ ਹੈ ਤਾਂ ਜੋ ਭਵਿੱਖ ਦੇ ਇਹ ਵਾਰਸ ਆਉਣ ਵਾਲੀਆਂ ਪੀੜੀਆਂ ਨੂੰ ਚੰਗੀ ਸੇਧ ਦੇ ਸਕਣ। ਸ. ਜੌੜਾਸਿੰਘਾ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਰੈਫ਼ਰੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਸਿਖਲਾਈ ਵਰਕਸ਼ਾਪ ਲਾਉਣ ਦੀ ਸਹਾਰਨਾ ਕੀਤੀ ਅਤੇ ਕਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਐਸ.ਜੀ.ਪੀ.ਸੀ. ਵੀ ਗੱਤਕਾ ਖੇਡ ਦੀ ਪ੍ਰੁਫੁੱਲਤਾ ਲਈ ਕਾਰਜ ਕਰ ਰਹੀ ਹੈ।

ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰੋਫੈਸਰ ਬੀਰ ਬਿਕਰਮ ਸਿੰਘ ਨੇ ਸਿੱਖ ਯੁੱਧ ਕਲਾ, ਸ਼ਸ਼ਤਰ ਵਿੱਦਿਆ ਅਤੇ ਗੱਤਕਾ ਖੇਡ ਸਬੰਧੀ ਜਾਣਕਾਰੀ ਭਰਪੂਰ ਪੇਸ਼ਕਾਰੀ ਦਿੰਦਿਆਂ ਖਿਡਾਰੀਆਂ ਨੂੰ ਸ਼ਸ਼ਤਰ ਕਲਾ ਦੇ ਇਤਿਹਾਸ, ਵੰਨਗੀਆਂ, ਸ਼ਸ਼ਤਰਾਂ ਦੀਆਂ ਕਿਸਮਾਂ ਅਤੇ ਖੇਡ ਕਲਾ ਸਬੰਧੀ ਚਾਨਣਾ ਪਾਇਆ ਅਤੇ ਗੁਰ ਇਤਿਹਾਸ ਤੇ ਸ਼ਸ਼ਤਰ ਵਿੱਦਿਆ ਦੇ ਆਪਸੀ ਸੁਮੇਲ ਸਬੰਧੀ ਬਾਖੂਬੀ ਰੌਸ਼ਨੀ ਪਾਈ।

ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਖੇਡ ਸਬੰਧੀ ਕੀਤੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਗੱਤਕੇ ਨੂੰ ਉਲੰਪਿਕ ਤੱਕ ਲਿਜਾਣ ਲਈ ਰੋਡ ਮੈਪ ਤਿਆਰ ਹੈ ਅਤੇ ਇਸੇ ਅਨੁਸਾਰ ਹੀ ਭਵਿੱਖਤ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨਾਂ ਐਸੋਸੀਏਸ਼ਨ ਦੀ ਗੱਤਕਾ ਨਿਯਮਾਂਵਲੀ ਮੁਤਾਬਿਕ ਹੀ ਖਿਡਾਰੀਆਂ/ਰੈਫ਼ਰੀਆਂ ਨੂੰ ਬਾਕਾਇਦਾ ਸਿਖਲਾਈ ਦੇਣ ਅਤੇ ਟੂਰਨਾਮੈਂਟ ਕਰਵਾਉਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਕਾਰਵਾਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਉਦੇ ਸਿੰਘ ਸਰਹਿੰਦ ਨੇ ਚਲਾਈ। ਰੈਫਰੀ ਵਰਕਸ਼ਾਪ ਨੂੰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਯੋਗੀ, ਸਕੱਤਰ ਚਤਰ ਸਿੰਘ, ਕੁਲਵਿੰਦਰ ਸਿੰਘ, ਪ੍ਰੈਸ ਸਕੱਤਰ ਪੂਰਨ ਚੰਦ, ਜਿਲਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜਾ ਅੰਮਿ੍ਰਤਸਰ, ਸੰਤੋਖ ਸਿੰਘ ਗੁਰਦਾਸਪੁਰ, ਸਮਰਪਾਲ ਸਿੰਘ ਜੰਮੂ ਅਤੇ ਇਸਮਾ ਦੇ ਸਾਈਬਰ ਸੈਲ ਇੰਚਾਰਜ ਵਰੁਣ ਭਾਰਦਵਾਜ ਆਦਿ ਵੀ ਹਾਜਰ ਸਨ।