• Home
  • 11 ਨੂੰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਚੁੱਕਵਾਉਣਗੇ ਸਰਪੰਚਾਂ-ਪੰਚਾਂ ਨੂੰ ਸਹੁੰ :ਡਿਪਟੀ ਕਮਿਸ਼ਨਰ

11 ਨੂੰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਚੁੱਕਵਾਉਣਗੇ ਸਰਪੰਚਾਂ-ਪੰਚਾਂ ਨੂੰ ਸਹੁੰ :ਡਿਪਟੀ ਕਮਿਸ਼ਨਰ

ਮਾਨਸਾ, 09 ਜਨਵਰੀ  : ਗਰਾਮ ਪੰਚਾਇਤਾਂ ਦੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ 11 ਨੂੰ ਸਹੁੰ ਚੁਕਵਾਈ ਜਾਵੇਗੀ। ਇਨ੍ਹਾਂ ਗਲੱਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਆਈ.ਏ.ਐਸ. ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਬਚਤ ਭਵਨ ਵਿਖੇ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਸੱਚੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਸਰਪੰਚ ਅਤੇ ਪੰਚ ਦਾ ਕੰਮ ਜਿੰਮੇਵਾਰੀ ਨਾਲ ਨਿਭਾਉਣ ਲਈ ਸਹੁੰ ਚੁੱਕ ਰਸਮ ਅਦਾ ਕਰਨ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ਼੍ਰੀਮਤੀ ਰਜੀਆ ਸੁਲਤਾਨਾ ਮਾਨਸਾ ਵਿਖੇ ਸ਼ਿਰਕਤ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਾਣਾ ਮੰਡੀ ਵਿਖੇ ਹੋਣ ਵਾਲੇ ਇਸ ਸਮਾਰੋਹ ਸਬੰਧੀ ਅਗੇਤੇ ਪ੍ਰਬੰਧਾਂ ਪਹਿਲਾਂ ਹੀ ਪੂਰੇ ਕਰ ਲਏ ਜਾਣ, ਤਾਂ ਜੋ ਸਮਾਗਮ ਦੌਰਾਨ ਕਿਸੇ ਵੀ ਕਿਸਮ ਦੀ ਕਮੀ-ਪੇਸ਼ੀ ਨਾ ਰਹੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਦੌਰਾਨ ਪਾਣੀ ਅਤੇ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਰੱਖਿਆ ਜਾਵੇ ਅਤੇ ਵੱਖ-ਵੱਖ ਬਲਾਕਾਂ ਤੋਂ ਆਉਣ ਵਾਲੇ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਵਰ ਵਿਅਕਤੀਆਂ ਦੇ ਬੈਠਣ ਲਈ ਬਲਾਕ ਵਾਈਜ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਿਵਲ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲਿਸ ਪ੍ਰਸਾਸ਼ਨ ਨਾਲ ਤਾਲਮੇਲ ਕਰਕੇ ਲੋਕਾਂ ਦੇ ਆਉਣ-ਜਾਣ ਸਬੰਧੀ ਬੈਰੀਕੇਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਹ ਅੱਜ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਦੇਣ, ਤਾਂ ਜੋ ਇਹ ਸਮਾਰੋਹ ਸਫਲਤਾ ਪੂਰਵਕ ਕਰਵਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਪੀ. ਸ਼੍ਰੀ ਅਨਿਲ ਕੁਮਾਰ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ.ਬੁਢਲਾਡਾ ਸ੍ਰੀ ਆਦਿੱਤਯ ਡੱਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸ਼ਿਸ਼ਟ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਮੌਜੂਦ ਸਨ।