• Home
  • ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾਂਦੇ ਘਲੂਘਾਰਾ ਸਮਾਗਮ ‘ਤੇ ਹੁਲੜਬਾਜ਼ੀ ਪ੍ਰਤੀ ਸੰਕੋਜ ਹੋਵੇ : ਬਾਬਾ ਹਰਨਾਮ ਸਿੰਘ ਖਾਲਸਾ।

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾਂਦੇ ਘਲੂਘਾਰਾ ਸਮਾਗਮ ‘ਤੇ ਹੁਲੜਬਾਜ਼ੀ ਪ੍ਰਤੀ ਸੰਕੋਜ ਹੋਵੇ : ਬਾਬਾ ਹਰਨਾਮ ਸਿੰਘ ਖਾਲਸਾ।

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜੂਨ '84 ਦੇ ਘਲੂਘਾਰੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੁਚਜੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਅਤੇ ਸਿੱਖੀ ਅਣਖ ਖਾਤਰ ਆਪਾ ਵਾਰ ਗਏ ਮਹਾਨ ਸ਼ਹੀਦਾਂ ਦੀ ਯਾਦ 'ਚ ਸ੍ਰੋਮਣੀ ਕਮੇਟੀ ਵਲੋਂ ਸਮੂਹ ਸਿੱਖ ਜਗਤ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਕਰਾਏ ਜਾ ਰਹੇ ਅਰਦਾਸ ਸਮਾਗਮ ਵਿਚ ਸਮੂਹ ਸਿੱਖ ਜਗਤ ਨੂੰ ਹੁੰਮ ਹੁਮਾ ਕੇ ਸ਼ਾਮਿਲ ਹੋਣ ਦੀ ਜਿਥੇ ਅਪੀਲ ਕੀਤੀ ਹੈ ਉਥੇ ਹੀ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦਾਂ ਪ੍ਰਤੀ ਅਦਬ ਸਤਿਕਾਰ ਨੂੰ ਧਿਆਨ ਵਿਚ ਰਖਦਿਆਂ ਘਲੂਘਾਰੇ ਸਮਾਗਮ 'ਤੇ ਕਿਸੇ ਤਰਾਂ ਦੀ ਹੁਲੜਬਾਜ਼ੀ ਕਰਨ ਤੋਂ ਸੰਕੋਜ ਕਰਨ ਅਤੇ ਸ਼ਾਂਤਮਈ ਤਰੀਕੇ ਨਾਲ ਸ਼ਰਧਾ ਪੂਰਵਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੀ ਹਰ ਗੁਰਸਿੱਖ ਦੀ ਪ੍ਰਬਲ ਇੱਛਾ ਹੁੰਦੀ ਹੈ ਪਰ ਕੁਝ ਸ਼ਰਾਰਤੀ ਕਿਸਮ ਦੇ ਲੋਕ ਉਕਤ ਦਿਨ ਵੀ ਸ਼ਰਧਾ ਸਤਿਕਾਰ ਭੇਂਟ ਕਰਨ ਦੀ ਥਾਂ ਬੇਲੋੜੀ ਹੁਲੜਬਾਜ਼ੀ ਖੜੀ ਕਰਦਿਆਂ ਦੁਨਿਆ ਸਾਹਮਣੇ ਹਾਸੋਹੀਣੀ ਸਥਿਤੀ ਪੈਦਾ ਕਰ ਲੈਦੇ ਹਨ। ਜਿਸ ਨਾਲ ਸੁਚੇਤ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਦੀ ਹੈ।
ਦਮਦਮੀ ਟਕਸਾਲ ਮੁਖੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰੀ ਭਰਨ ਉਪਰੰਤ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਕ ਵਿਖੇ ਹੋਰਹੇ 35ਵੇਂ ਵਿਸ਼ਾਲ ਸ਼ਹੀਦੀ ਸਮਾਗਮ ਵਿਚ ਵੀ ਵਡੀ ਸੰਖਿਆ ਵਿਚ ਹਾਜਰੀਆਂ ਭਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਮਹਿਤੇ ਦੀ ਸ਼ਹੀਦੀ ਸਮਾਗਮ ਪ੍ਰਤੀ ਸਿੱਖ ਜਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਵਡੀ ਗਿਣਤੀ 'ਚ ਸਿਖ ਸੰਗਤਾਂ ਪਹੁੰਚ ਰਹੀਆਂ ਹਨ। ਸੰਗਤਾਂ ਦੇ ਰਿਕਾਰਡ ਤੋੜ ਇਕਠ ਨਾਲ ਉਕਤ ਸ਼ਹੀਦੀ ਸਮਾਗਮ ਇਤਿਹਾਸਕ ਤੇ ਲਾਮਿਸਾਲ ਸਿੱਧ ਹੋਵੇਗਾ। ਜਿਥੇ ਕੌਮ ਦੇ ਆਗੂ ਸਿੱਖ ਜਗਤ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਭਵਿਖੀ ਯੋਜਨਾਵਾਂ ਉਲੀਕੀਆਂ ਜਾਣਗੀਆਂ। ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਿਲਾ ਹੁਸ਼ਿਆਰਪੁਰ ਅਤੇ ਅਮ੍ਰਿਤਸਰ ਦੇ ਵੱਖ ਵੱਖ ਪਿੰਡਾਂ 'ਚ ਸ਼ਹੀਦੀ ਸਮਾਗਮ ਕਰਨ ਉਪਰੰਤ 1 ਜੂਨ ਤੋਂ ਮਹਿਤਾ ਚੌਕ ਵਿਖੇ ਕੀਤੇ ਜਾ ਰਹੇ ਸਮਾਗਮਾਂ 'ਚ ਹਜਾਰਾਂ ਦੀ ਸੰਖਿਆ ਵਿਚ ਸੰਗਤਾਂ ਹਾਜਰੀ ਭਰ ਰਹੀਆਂ ਹਨ।
ਇਸੇ ਦੌਰਾਨ ਪ੍ਰੋ: ਸਰਚਾਂਦ ਸਿੰਘ ਨੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਹਵਾਲੇ ਨਾਲ ਦਸਿਆ ਕਿ ਸ੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ਼ਹੀਦੀ ਗੈਲਰੀ ਦੀ ਉਸਾਰੀ ਪ੍ਰਤੀ ਦਮਦਮੀ ਟਕਸਾਲ ਨੂੰ ਸੋਪੀ ਗਈ ਸੇਵਾ ਦਾ ਕਾਰਜ ਨਿਰੰਤਰ ਜਾਰੀ ਹੈ। ਪਹਿਲੇ ਪੜਾਅ ਵਜੋਂ ਫਰਸ਼ 'ਤੇ ਸੁੰਦਰ ਤੇ ਮਜਬੂਤ ਸੰਗਮਰਮਰ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁਕਿਆ ਹੈ ਅਤੇ ਹੁਣ ਸ਼ਹੀਦਾਂ ਦੀਆਂ ਤਸਵੀਰ ਲਗਾਉਣ ਲਈ ਹਾਲ ਨੂੰ ਵੱਖ ਵੱਖ ਹਿਸਿਆਂ 'ਚ ਵੰਡਣ ਅਤੇ ਤਸਵੀਰਾਂ ਲਗਾਉਣ ਲਈ ਫਰੇਮ ਤਿਆਰ ਕਰਨ ਹਿਤ ਸਟੀਲ ਫਬਰੀਕੇਟਰ ਦਾ ਕੰਮ ਚਲ ਰਿਹਾ ਹੈ। ਉਹਨਾਂ ਇਹ ਵੀ ਦਸਿਆ ਕਿ ਦਮਦਮੀ ਟਕਸਾਲ ਵਲੋਂ ਤਿਆਰ ਕੀਤੀ ਗਈ ਸ਼ਹੀਦਾਂ ਦੀ ਸੂਚੀ ਦੇ 900 ਵਿਚੋਂ 70 ਫੀਸਦੀ ਤਸਵੀਰਾਂ ਹਾਸਲ ਕਰ ਲਈਆਂ ਗਈਆਂ ਹਨ। ਬਾਕੀ ਤਸਵੀਰਾਂ ਨੂੰ ਇਕਤਰ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਉਹਨਾਂ ਦਸਿਆ ਕਿ ਗੁਰੂ ਸਾਹਿਬਾਨ ਦੀ ਮਿਹਰ ਅਤੇ ਸਿੱਖ ਸੰਗਤਾਂ ਦੇ ਅਪਾਰ ਸਹਿਯੋਗ ਸਦਕਾ ਦਮਦਮੀ ਟਕਸਾਲ ਵਲੋਂ ਸ਼ਹੀਦੀ ਗੈਲਰੀ ਜਲਦ ਮੁਕੰਮਲ ਕਰਦਿਆਂ ਛੇਤੀ ਹੀ ਕੌਮ ਨੂੰ ਸਮਰਪਿਤ ਕਰਦਿਤਾ ਜਾਵੇਗਾ।