• Home
  • ਨਵਾਂ ਸ਼ਹਿਰ ‘ਚ ਤਕਨੀਕੀ ਸਿਖਿਆ ਮੰਤਰੀ ਚੰਨੀ ਪੰਚਾਂ/ਸਰਪੰਚਾਂ, ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ 11 ਜਨਵਰੀ ਨੂੰ ਸਹੁੰ ਚੁਕਵਾਉਣਗੇ

ਨਵਾਂ ਸ਼ਹਿਰ ‘ਚ ਤਕਨੀਕੀ ਸਿਖਿਆ ਮੰਤਰੀ ਚੰਨੀ ਪੰਚਾਂ/ਸਰਪੰਚਾਂ, ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ 11 ਜਨਵਰੀ ਨੂੰ ਸਹੁੰ ਚੁਕਵਾਉਣਗੇ

ਨਵਾਂਸ਼ਹਿਰ, -
ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ, ਪੰਚਾਇਤੀ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ 11 ਜਨਵਰੀ ਨੂੰ ਸਵੇਰੇ 10 ਵਜੇ ਸਹੁੰ ਚੁਕਵਾਉਣਗੇ ਜਿਸ ਲਈ ਸਹੁੰ ਚੁੱਕ ਸਮਾਗਮ ਦਾਣਾ ਮੰਡੀ ਕਰਿਆਮ ਰੋਡ ਨਵਾਂਸ਼ਹਿਰ ਵਿਖੇ ਰੱਖਿਆ ਗਿਆ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਮਾਗਮ ਦੀ ਤਿਆਰੀ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪੰਜਾਂ ਬਲਾਕਾਂ ਦੇ ਬਲਾਕ ਸਮਿਤੀ ਮੈਂਬਰਾਂ, ਪੰਚਾਂ ਤੇ ਸਰਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਂਵਾਰੀ ਨੂੰ ਲੈ ਕੇ ਸਹੁੰ ਦਿਵਾਈ ਜਾਵੇਗੀ।
ਉਨ੍ਹਾਂ ਇਸ ਮੌਕੇ ਸਮੂਹ ਵਿਭਾਗਾਂ ਨੂੰ ਸਮਾਗਮ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿੰਮੇਂਵਾਰੀਆਂ ਸੌਂਪਦਿਆਂ ਸਮੁੱਚੇ ਪ੍ਰਬੰਧ ਕਲ੍ਹ ਸ਼ਾਮ ਤੱਕ ਮੁਕੰਮਲ ਕਰਨ ਲਈ ਆਖਿਆ। ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਜਿੱਥੇ ਸਮਾਗਮ ਸਬੰਧੀ ਸਭਨਾਂ ਗ੍ਰਾਮ ਪੰਚਾਇਤਾਂ ਦੇ ਪੰਚਾਂ-ਸਰਪੰਚਾਂ, ਮੈਂਬਰ ਬਲਾਕ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਸੂਚਨਾ ਦੇਣੀ ਯਕੀਨੀ ਬਣਾਉਣ ਲਈ ਆਖਿਆ ਉੱਥੇ ਸਮਾਗਮ ਦੌਰਾਨ ਉਨ੍ਹਾਂ ਨੂੰ ਬਲਾਕ ਵਾਰ ਬਿਠਾਉਣ ਦੇ ਪ੍ਰਬੰਧ ਕਰਨ ਲਈ ਵੀ ਆਖਿਆ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਇੰਦਰ ਸਿੰਘ ਬੈਂਸ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਆਉਣ ਵਾਲੇ ਜਨਤਕ ਪ੍ਰਤੀਨਿਧੀਆਂ ਲਈ ਪੀਣ ਵਾਲੇ ਪਾਣੀ ਤੇ ਲੋੜੀਂਦੀ ਰਿਫ਼੍ਰੈਸ਼ਮੈਂਟ ਦਾ ਪ੍ਰਬੰਧ ਕਰਵਾਉਣ ਲਈ ਵੀ ਆਖਿਆ।
ਮੀਟਿੰਗ ’ਚ ਮੌਜੂਦ ਐਸ ਪੀ (ਐਚ) ਹਰੀਸ਼ ਦਿਆਮਾ ਨੂੰ ਪਾਰਕਿੰਗ ਦੇ ਸੁਚੱਜੇ ਪ੍ਰਬੰਧ ਕਰਵਾਉਣ ਲਈ ਟ੍ਰੈਫ਼ਿਕ ਪੁਲਿਸ ਦੀ ਤਾਇਨਾਤੀ ਲਈ ਆਖਿਆ ਗਿਆ। ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ ਨੂੰ ਮੰਡੀ ਦੀ ਸਫ਼ਾਈ ਕਰਵਾਉਣ ਲਈ ਆਖਿਆ ਗਿਆ। ਵਿਸਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੂੰ ਸਮਾਗਮ ਵਾਲੀ ਥਾਂ ਦੋ ਮੈਡੀਕਲ ਟੀਮਾਂ ਦੀ ਤਾਇਨਾਤੀ ਅਤੇ ਕਾਰਜਕਾਰੀ ਇੰਜੀਨੀਅਰ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਅਮਰੀਕ ਸਿੰਘ ਨੂੰ ਸਮਾਗਮ ਵਾਲੀ ਥਾਂ ’ਤੇ ਲੋੜੀਂਦੇ ਆਰਜ਼ੀ ਜਨਤਕ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ।
ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਡੀ ਡੀ ਪੀ ਓ ਹਰਨੰਦਨ ਸਿੰਘ, ਡੀ ਐਸ ਪੀ ਨਵਾਂਸ਼ਹਿਰ ਮੁਖਤਿਆਰ ਰਾਏ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਜਸਪਾਲ ਸਿੰਘ, ਲੋਕ ਨਿਰਮਾਣ ਵਿਭਾਗ ਜਸਵੀਰ ਸਿੰਘ ਜੱਸੀ ਤੇ ਪੰਚਾਇਤੀ ਰਾਜ ਰਾਜੇਸ਼ ਕੁਮਾਰ ਵਰਮਾ ਤੇ ਬੀ ਡੀ ਪੀ ਓਜ਼ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦਾਣਾ ਮੰਡੀ ਨਵਾਂਸ਼ਹਿਰ ਵਿਖੇ 11 ਜਨਵਰੀ ਨੂੰ ਹੋਣ ਵਾਲੇ ਪੰਚਾਂ-ਸਰਪੰਚਾਂ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਦੀ ਤਿਆਰੀ ਲਈ ਮੀਟਿੰਗ ਕਰਦੇ ਹੋਏ।