• Home
  • ਬੰਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕਤਲ

ਬੰਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕਤਲ

ਬੰਗਾ, (ਖ਼ਬਰ ਵਾਲੇ ਬਿਊਰੋ): ਇਸ ਹਲਕੇ 'ਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਭਾਵੇਂ ਸ਼ਾਂਤੀ ਨਾਲ ਭੁਗਤ ਗਈਆਂ ਪਰ ਅੱਜ ਸਵੇਰ ਹੀ ਹਲਕੇ 'ਚੋਂ ਮਨਹੂਸ ਖ਼ਬਰ ਮਿਲ ਗਈ ਹੈ। ਬੰਗਾ ਨਜ਼ਦੀਕ ਪੈਂਦੇ ਪਿੰਡ ਮਜਾਰੀ ਦੇ ਕਿਸਾਨ ਤੇ ਬੰਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਗੁਰਨੇਕ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਮਜਾਰੀ ਨੇੜੇ ਬੰਗਾ ਜੋ ਕਿ ਬੀਤੀ ਦੇਰ ਰਾਤ 12 ਵਜੇ ਆਉਣ ਵਾਲੀ ਬਿਜਲੀ ਦੀ ਸਪਲਾਈ ਕਾਰਨ ਪਿੰਡ ਨੇੜੇ ਪੈਂਦੇ ਆਪਣੇ ਖੇਤਾਂ ਵਿਚ  ਝੋਨੇ ਦੀ ਫਸਲ ਨੂੰ ਪਾਣੀ ਲਾਉਣ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਟਰ ਚਲਾਉਣ ਗਿਆ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਜੋ ਆਪਣੇ ਖੇਤਾਂ 'ਚ ਪੱਠੇ ਲੈਣ ਗਿਆ ਸੀ ਤਾਂ ਉਸ ਨੇ ਖੇਤਾਂ ਵਿਚ ਪਈ ਲਾਸ਼ ਵੇਖੀ ਤੇ ਇਸ ਦੀ ਸੂਚਨਾ ਪਿੰਡ ਦੇ ਮੋਹਤਬਰ ਲੋਕਾਂ ਦੇ ਨਾਲ-ਨਾਲ ਬੰਗਾ ਪੁਲਸ ਨੂੰ ਦਿੱਤੀ।।  ਬੰਗਾ ਸਦਰ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ ਉਥੇ ਹੀ ਡੀ. ਐੱਸ.ਪੀ. ਬੰਗਾ ਦੀਪਿਕਾ ਸਿੰਘ, ਐੱਸ. ਪੀ. (ਡੀ) ਬਲਰਾਜ ਸਿੰਘ, ਡੀ. ਐੱਸ. ਪੀ. (ਡੀ) ਸੰਦੀਪ ਵੰਡੇਰਾ, ਇੰਚਾਰਜ ਸੀ. ਏ. ਸਟਾਫ ਵੀ ਮੌਕੇ 'ਤੇ ਪਹੁੰਚ ਗਏ ਅਤੇ  ਗੁਰਨੇਕ ਸਿੰਘ ਦੀ ਲਾਸ਼ ਨੂੰ ਕਬਜ਼ੇ  ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।