• Home
  • ਬਿੱਟੂ ਨੇ ਦਾਖਾ ਦੇ ਲੋਕਾਂ ਨੂੰ ਕੀਤਾ ਸੁਚੇਤ : 2014 ਅਤੇ 2017 ਦੀਆਂ ਚੋਣਾਂ ਵਿੱਚ ਕੀਤੀ ਗਲਤੀ ਨੂੰ ਨਾ ਦੁਹਰਾਇਓ

ਬਿੱਟੂ ਨੇ ਦਾਖਾ ਦੇ ਲੋਕਾਂ ਨੂੰ ਕੀਤਾ ਸੁਚੇਤ : 2014 ਅਤੇ 2017 ਦੀਆਂ ਚੋਣਾਂ ਵਿੱਚ ਕੀਤੀ ਗਲਤੀ ਨੂੰ ਨਾ ਦੁਹਰਾਇਓ

ਸਟਿੰਗ ਅਪ੍ਰੇਸ਼ਨ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਲੋਕਾਂ ਤੋਂ ਬੱਚ ਕੇ ਭੱਜਣ ਲੱਗੇ

ਦਾਖਾ/ਲੁਧਿਆਣਾ
ਹਲਕਾ ਦਾਖਾ ਵਿੱਚ ਆਯੋਜਿਤ ਚੋਣ ਮੀਟਿੰਗ ਦੌਰਾਨ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਦਾਖਾ ਦੇ ਵੋਟਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਕੀਤੀ ਗਈ ਗਲਤੀ ਨੂੰ ਦੁਬਾਰਾ ਨਾ ਦੁਹਰਾਉਣ। ਬਿੱਟੂ ਨੇ ਕਿਹਾ ਕਿ ਦਾਖਾ ਦੇ ਵੋਟਰਾਂ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਦੇ ਪੱਖ ਵਿੱਚ ਵੋਟ ਪਾਉਣ ਦਾ ਫੈਸਲ ਗਲਤ ਸਾਬਿਤ ਹੋਇਆ, ਕਿਉਂਕਿ ਫੂਲਕਾ ਬਾਅਦ ਵਿੱਚ ਹਲਕਾ ਛੱਡ ਕੇ ਦੌੜ ਗਏ ਅਤੇ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਉਨਾਂ ਨੇ ਫੂਲਕਾ 'ਤੇ ਵੋਟਰਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ।
ਹਲਕੇ ਦਾਖਾ ਦੇ ਪਿੰਡਾਂ ਬੱਦੋਵਾਲ, ਪਮਾਲ, ਪਮਲੀ, ਖਡੂਰ, ਸਹੌਲ਼ੀ, ਮੋਹੀ, ਜੰਗਪੁਰ, ਰੁੜਕਾ ਅਤੇ ਭਨੌਰ ਵਿੱਚ ਆਯੋਜਿਤ 10 ਚੋਣ ਸਭਾਵਾਂ ਦੌਰਾਨ ਵੋਟਰਾਂ ਨੇ ਬਿੱਟੂ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਉਨਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ ਦਾ ਭਰੋਸਾ ਦਿੱਤਾ।
ਆਮ ਆਦਮੀ ਪਾਰਟੀ ਦੀ ਨਿੰਦਾ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਤੋਂ ਪਹਿਲਾਂ ਫੂਲਕਾ 2014 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸੀ। ਉਸ ਤੋਂ ਬਾਅਦ 'ਚ ਵਿਧਾਨ ਸਭਾ ਚੋਣ ਜਿੱਤੇ, ਪਰ ਫਿਰ ਵੋਟਰਾਂ ਨੂੰ ਧੋਖਾ ਦਿੱਤਾ। ਇਸ ਲਈ ਹਲਕੇ ਵਿੱਚ ਵਿਕਾਸ ਦੇ ਕੰਮ ਨਹੀਂ ਹੋ ਸਕੇ। ਉਨਾਂ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਗਰੇਵਾਲ ਦੇ ਹੱਕ ਵਿੱਚ ਪਾਈਆਂ ਵੋਟਾਂ ਖਰਾਬ ਜਾਣਗੀਆਂ। ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਬੈਂਸ 'ਤੇ ਵਰਦਿਆਂ ਬਿੱਟੂ ਨੇ ਕਿਹਾ ਕਿ ਬੈਂਸ ਨੇ ਸਟਿੰਗ ਅਪ੍ਰੇਸ਼ਨ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਵਸੂਲੀ ਹੈ, ਹੁਣ ਲੋਕ ਜਾਗਰੂਕ ਹੋ ਗਏ ਅਤੇ ਉਨਾਂ ਦਾ ਸਟਿੰਗ ਅਪ੍ਰੇਸ਼ਨ ਦਾ ਹਥਿਆਰ ਉਸ ਦੇ ਖਿਲਾਫ ਹੀ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨਾਂ ਨੇ ਲੋਕਾਂ ਤੋਂ ਬੱਚ ਕੇ ਭੱਜਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ–ਅਕਾਲੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਬਾਰੇ ਬੋਲਦੇ ਹੋਏ ਉਨਾਂ ਕਿਹਾ ਕਿ ਉਸ ਨੂੰ ਵੋਟ ਪਾਉਣ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਜੇਕਰ ਕੇਂਦਰ ਵਿੱਚ ਮੋਦੀ ਦੀ ਸਰਕਾਰ ਆਉਂਦੀ ਵੀ ਹੈ ਤਾਂ ਗਰੇਵਾਲ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲੇਗਾ ਕਿਉਂਕਿ ਬਾਦਲ ਪਰਿਵਾਰ 'ਚੋਂ ਹੀ ਕਿਸੇ ਨੂੰ ਮੰਤਰੀ ਬਣਾਇਆ ਜਾਵੇਗਾ। ਬਿੱਟੂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਵਿੱਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਕਾਫੀ ਗੁੱਸਾ ਹੈ। ਬੇਅਦਬੀ ਦੀ ਘਟਨਾ ਲਈ ਗਰੇਵਾਲ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਨ। ਕਿਉਂਕਿ ਉਸ ਸਮੇਂ ਇਹ ਬਾਦਲ ਦੇ ਸਲਾਹਕਾਰ ਸਨ ਅਤੇ ਉਨਾਂ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ।
ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਲੋਕ ਸਭਾ ਵਿੱਚ ਉਨਾਂ ਨੇ ਪੰਜਾਬ ਦੇ ਸਾਰੇ ਸਾਂਸਦਾਂ ਨਾਲੋਂ ਵੱਧ 486 ਜਨਤਕ ਮੁੱਦੇ ਚੁੱਕੇ ਹਨ ਅਤੇ ਉਹ ਹਮੇਸ਼ਾਂ ਹੀ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਮੌਜੂਦ ਰਹੇ ਹਨ। ਉਨਾਂ ਨੇ ਆਪਣੇ ਫੰਡ ਦੇ 25 ਕਰੋੜ ਰੁਪਏ ਅਲੱਗ ਤੋਂ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਰੂਪ ਵਿੱਚ ਦਿੱਤੇ। ਮੋਦੀ ਦੇ ਗਲਤ ਫੈਸਲੇ, ਜਿਵੇਂ ਜੀਐਸਟੀ ਅਤੇ ਨੋਟਬੰਦੀ, ਕਾਰਨ ਕਿਸਾਨੀ ਅਤੇ ਕਾਰੋਬਾਰ ਤਬਾਹ ਹੋਏ। ਉਨਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨਾਂ ਦੀ ਕਾਰਗੁਜਾਰੀ ਨੂੰ ਮੁੱਖ ਰਖਦੇ ਹੋਏ ਉਨਾਂ ਨੂੰ ਇੱਕ ਵਾਰ ਫਿਰ ਮੌਕਾ ਦਿਓ ਤਾਂ ਕਿ ਸ਼ਹਿਰ ਦੇ ਰੁਕੇ ਵਿਕਾਸ ਦੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਜਗਪਾਲ ਸਿੰਘ ਖੰਗੂੜਾ, ਮੇਜਰ ਸਿੰਘ ਮੁੱਲਾਂਪੁਰ, ਕੁਲਦੀਪ ਸਿੰਘ ਮੈਂਬਰ ਜਿਲਾ ਪ੍ਰੀਸ਼ਦ, ਭਜਨ ਸਿੰਘ ਦੇਤਵਾਲ, ਅਮਰਜੀਤ ਸਿੰਘ ਸਾਬਕਾ ਸਰਪੰਚ, ਜਗਦੀਸ਼ ਸਿੰਘ ਸਰਪੰਚ ਪਮਾਲ, ਕੈ. ਅਮਰਜੀਤ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਸਰਪੰਚ ਖੰਡੂਰ ਨੇ ਵੀ ਸੰਬੋਧਨ ਕਰਦੇ ਵੋਟਰਾਂ ਨੂੰ ਬਿੱਟੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।