• Home
  • ਹਰਦਿਆਲ ਸਿੰਘ ਪਰਵਾਨਾ ਦਾ ਕਾਵਿ ਸੰਗ੍ਰਹਿ ਪੱਥਰਾਂ ਦੇ ਸ਼ਹਿਰ ਵਿੱਚ ਲੋਕ ਅਰਪਣ

ਹਰਦਿਆਲ ਸਿੰਘ ਪਰਵਾਨਾ ਦਾ ਕਾਵਿ ਸੰਗ੍ਰਹਿ ਪੱਥਰਾਂ ਦੇ ਸ਼ਹਿਰ ਵਿੱਚ ਲੋਕ ਅਰਪਣ

ਲੁਧਿਆਣਾ: 3 ਅਪ੍ਰੈਲ:ਕੌਮੀ ਸਾਹਿੱਤ ਤੇ ਕਲਾ ਪਰਿਸ਼ਦ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਹਰਦਿਆਲ ਸਿੰਘ ਪਰਵਾਨਾ ਦੇ ਕਾਵਿ ਸੰਗ੍ਰਹਿ ਪੱਥਰਾਂ ਦੇ ਸ਼ਹਿਰ ਵਿੱਚ ਨੂੰ ਲੋਕ ਅਰਪਣ ਕਰਨ ਹਿੱਤ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਭਾਸ਼ਾਵਾਂ ਵਿਭਾਗ ਦੇ ਸਾਬਕਾ ਮੁਖੀ ਡਾ: ਸ ਸ ਦੋਸਾਂਝ ਨੇ ਕਿਹਾ ਹੈ ਕਿ ਹਰਦਿਆਲ ਦੀ ਕਵਿਤਾ ਸਾਡੇ ਸਮਾਜਿਕ, ਸਭਿਆਚਾਰਕ ਤੇ ਰਾਜਨੀਤਕ ਵਰਤਾਰੇ ਨੂੰ ਸ਼ੀ਼ਸ਼ਾ ਵਿਖਾਉਂਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਪੁਸਤਕ ਤੇ ਸਿਰਜਕ ਬਾਰੇ ਜਾਣ ਪਛਾਣ ਕਰਵਾਈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿਹਰਦੱਆਲ ਪਰਵਾਨਾ ਦੀ ਸ਼ਾਇਰੀ ਲੋਕ ਮਸਲਿਆਂ ਤੇ ਵਿਗੋਚਿਆਂ ਸੰਗ ਓਤਪੋਤ ਹੁੰਦੀ, ਲੋਕ ਬੋਲੀ ਵਿੱਚ ਰਚੀ, ਸੁਹਜ ਸੰਗੀਤ ਵਿੱਚ ਗੁੰਨ੍ਹੀ,ਲੋਕ ਹਿਤਾਂ ਦੀ ਬਾਤ ਪਾਉਂਦੀ ਸ਼ਾਇਰੀ ਸੁਆਗਤਯੋਗ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਹਰਦਿਆਲ ਪਰਵਾਨਾ ਅਜੇ ਵੀ ਆਪਣੇ ਪਿੰਡ ਲਿੱਤਰਾਂ(ਲੁਧਿਆਣਾ) ਦੀ ਮਿੱਟੀ ਦਾ ਮੋਹ , ਮਾਣ ਮਰਯਾਦਾ ਤੇ ਸੰਵੇਦਨਾ ਨਾਲੋ ਨਾਲ ਲਈ ਫਿਰਦਾ ਹੈ। ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਸਾਲ 1989 ਚ ਅਗਾਂਵਧੂ ਗੀਤਾਂ ਦੀ ਕੈਸਿਟ ਰੀਕਾਰਡ ਕੀਤੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਇਹੋ ਜਹੇ ਚੰਗੇ ਸਾਹਿੱਤ ਨੂੰ ਲੈ ਕੇ ਪਿੰਡਾਂ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ) ਵਿਖੇ ਜੱਲ੍ਹਿਆਂ ਵਾਲਾ ਬਾਗ ਦੀ ਖੂਨੀ ਵਿਸਾਖੀ ਸ਼ਤਾਬਦੀ ਕਵੀ ਦਰਬਾਰ ਕਰਵਾਇਆ ਜਾਵੇ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਇਹ ਪੇਸ਼ਕਸ਼ ਪਰਵਾਨ ਕਰ ਲਈ।
ਟੋਰੰਟੋ ਤੋਂ ਆਏ ਪੰਜਾਬੀ ਲੇਖਕ ਇਕਬਾਲ ਮਾਹਲ ਨੇ ਚੰਗੀ ਸ਼ਾਇਰੀ ਨਾਲ ਜੀਵਨ ਜੁਗਤ ਉਸਾਰਨ ਦੀ ਗੱਲ ਕਹੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਬਲਵਿੰਦਰ ਸਿੰਘ ਬੁਟਾਹਰੀ, ਸੁਰਿੰਦਰ ਕੈਲੇ, ਡਾ: ਗੁਲਜ਼ਾਰ ਪੰਧੇਰ, ਡਾ: ਜਗਵਿੰਦਰ ਜੋਧਾ,ਗੁਰਚਰਨ ਕੌਰ ਕੋਚਰ, ਡਾ: ਪ੍ਰਿਤਪਾਲ ਕੌਰ ਚਾਹਲ, ਭਾਗ ਸਿੰਘ ਦਰਦੀ, ਤਰਲੋਚਨ ਸਿੰਘ ਸਫ਼ਰੀ, ਕੰਵਲਜੀਤ ਸਿੰਘ ਸ਼ੰਕਰ,
ਅੰਜੂ ਗੁਲਾਟੀ, ਬਲਕੌਰ ਸਿੰਘ ਗਿੱਲ, ਬੁੱਧ ਸਿੰਘ ਗਰੇਵਾਲ,ਰਾਜਿੰਦਰ ਸਿੰਘ ਗਰੇਵਾਲ,ਅਮਰਜੀਤ ਸ਼ੇਰਪੁਰੀ, ਜਨਮੇਜਾ ਸਿੰਘ ਜੌਹਲ, ਇੰਦਰਜੀਤ ਪਾਲ ਕੌਰ ਭਿੰਡਰ, ਕੁਲਵਿੰਦਰ ਕੌਰ ਕਿਰਨ, ਹਰਬੰਸ ਮਾਲਵਾ, ਅਮਨਦੀਪ ਦਰਦੀ, ਜਸਬੀਰ ਸਿੰਘ ਘੁਲਾਲ, ਸਰਬਜੀਤ ਵਿਰਦੀ, ਸਤੀਸ਼ ਗੁਲਾਟੀ, ਮਨਜੀਤ ਕੌਰ ਮਾਹਲ, ਸੁਰਿੰਦਰਦੀਪ,ਰਾਜਿੰਦਰ ਸਿੰਘ ਸੰਧੂ ਹਾਜ਼ਰ ਸਨ।
ਮੰਚ ਸੰਚਾਲਨ ਡਾ: ਸੰਦੀਪ ਕੌਰ ਸੇਖੋਂ ਨੇ ਕਰਦਿਆਂ ਬੜੀਆਂ ਜੀਵੰਤ ਟਿਪਣੀਆਂ ਕੀਤੀਆਂ। ਕੌਮੀ ਸਾਹਿੱਤ ਤੇ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਸਿੱਧੂ ਨੇ ਧੰਨਵਾਦ ਦੇ ਸ਼ਬਦ ਕਹੇ।