• Home
  • 23 ਬੱਚਿਆਂ ਦੀ ਹੱਤਿਆ ਦੇ ਦੋਸ਼ੀ ਦਰਬਾਰਾ ਸਿੰਘ ਦੀ ਪਟਿਆਲਾ ਜੇਲ ਵਿਚ ਮੌਤ

23 ਬੱਚਿਆਂ ਦੀ ਹੱਤਿਆ ਦੇ ਦੋਸ਼ੀ ਦਰਬਾਰਾ ਸਿੰਘ ਦੀ ਪਟਿਆਲਾ ਜੇਲ ਵਿਚ ਮੌਤ

ਪਟਿਆਲਾ, 10 ਜੂਨ (ਖਬਰ ਵਾਲੇ ਬਿਊਰੋ): ਕਰੀਬ 14 ਸਾਲ ਪਹਿਲਾਂ ਜਲੰਧਰ ਦੇ 23 ਬੱਚਿਆਂ ਦੀ ਹੱਤਿਆ ਕਰਨ ਦੇ ਦੋਸ਼ੀ ਦਰਬਾਰਾ ਸਿੰਘ ਦੀ ਬੀਤੀ ਦੇਰ ਰਾਤ ਪਟਿਆਲਾ ਜੇਲ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ। ਪੁਲਿਸ ਅਨੁਸਾਰ ਸਾਬਕਾ ਫੌਜੀ ਦਰਬਾਰਾ ਸਿੰਘ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਧਰ ਮ੍ਰਿਤਕ ਦੀ ਪਤਨੀ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ 1997 ਵਿਚ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਵਿਚ ਦੋਸ਼ੀ ਪਾਏ ਜਾਣ ਅਤੇ 30 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਬਦਲਾ ਲੈਣ ਲਈ ਦਰਬਾਰਾ ਸਿੰਘ ਨੇ 100 ਬੱਚਿਆਂ ਨੂੰ ਮਾਰਨ ਦੀ ਸਹੁੰ ਖਾਧੀ ਸੀ। 2003 ਵਿੱਚ ਜੇਲ ਵਿਚ ਚੰਗੇ ਵਿਹਾਰ ਦੇ ਆਧਾਰ 'ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦੇ ਮੂਲ ਵਾਸੀ ਦਰਬਾਰਾ ਸਿੰਘ ਦੀ ਬਾਕੀ ਸਜ਼ਾ ਮੁਆਫ਼ ਕਰਕੇ ਰਿਹਾਅ ਕਰ ਦਿੱਤਾ ਗਿਆ। 2004 ਵਿਚ ਛੇ ਮਹੀਨੇ ਦੇ ਅੰਦਰ ਅੰਦਰ ਉਸ ਨੇ 23 ਬੱਚੇ ਅਗਵਾ ਕੀਤੇ ਅਤੇ ਉਨ੍ਹਾਂ ਵਿਚੋਂ ਕਈਆਂ ਨਾਲ ਬਲਾਤਕਾਰ ਕੀਤਾ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ। ਇਸ ਮਗਰੋਂ ਪੁਲਿਸ ਨੇ ਉਸ ਨੂੰ 29 ਅਕਤੂਬਰ ਨੂੰ ਫਿਰ ਗ੍ਰਿਫਤਾਰ ਕਰ ਲਿਆ ਸੀ।