• Home
  • 23ਵੇਂ ਫ਼ੀਫਾ ਵਿਸ਼ਵ ਕੱਪ-2026 ਦੀ ਮੇਜ਼ਬਾਨੀ ਉਤਰੀ ਅਮਰੀਕੀ ਦੇਸ਼ਾਂ ਹਵਾਲੇ

23ਵੇਂ ਫ਼ੀਫਾ ਵਿਸ਼ਵ ਕੱਪ-2026 ਦੀ ਮੇਜ਼ਬਾਨੀ ਉਤਰੀ ਅਮਰੀਕੀ ਦੇਸ਼ਾਂ ਹਵਾਲੇ

ਮਾਸਕੋ, 13 ਜੂਨ (ਏਜੰਸੀ): ਸਾਲ 2026 ਵਿੱਚ ਹੋਣ ਵਾਲੇ 23ਵੇਂ ਫ਼ੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਖੇਡੇ ਜਾਣਗੇ। ਫ਼ੀਫਾ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਫੈਸਲਾ ਲਿਆ ਕਿ 2026 ਵਿਸ਼ਵ ਕੱਪ ਉੱਤਰੀ ਅਮਰੀਕਾ ਵਿੱਚ ਕਰਵਾਇਆ ਜਾਵੇਗਾ। ਇਹ ਮੈਚ ਮੁੱਖ ਤੌਰ 'ਤੇ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਲਿਸ਼ਕਦੇ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ।

ਇਸ ਵਰ੍ਹੇ ਦਾ 21ਵਾਂ ਵਿਸ਼ਵ ਕੱਪ ਰੂਸ ਵਿਚ ਕਰਵਾਇਆ ਜਾ ਰਿਹਾ ਹੈ, ਜਿੱਥੇ ਦੁਨੀਆਂ ਦੀਆਂ 32 ਟੀਮਾਂ ਹਿੱਸਾ ਲੈ ਰਹੀਆਂ ਹਨ।
ਜਦ ਕਿ 22ਵਾਂ ਐਡੀਸ਼ਨ ਕਤਰ ਵਿਖੇ ਹੇਵੇਗਾ।

ਰੂਸ ਵਿਚ 2018 ਦੇ ਵਿਸ਼ਵ ਕੱਪ ਦੀ ਅੱਜ ਪੂਰਬਲੀ ਸ਼ਾਮ ਨੂੰ ਫ਼ੀਫਾ ਦੇ 207 ਮੈਂਬਰ ਦੇਸ਼ਾਂ ਨੇ ਇਹ ਤੈਅ ਕਰ ਲਿਆ ਕਿ ਅਗਲਾ ਫ਼ੀਫਾ ਮੁਕਾਬਲਾ ਉੱਤਰੀ ਅਮਰੀਕਾ ਦੇ ਦੇਸ਼ਾਂ ਵਿਚ ਹੋਵੇਗਾ।

ਵਿਸ਼ਵ ਫੁੱਟਬਾਲ ਐਸੋਸੀਏਸ਼ਨ ਦੀ ਆਮ ਅਸੈਂਬਲੀ ਵਿਚ ਵੋਟਿੰਗ ਜ਼ਰੀਏ ਇਹ ਫੈਸਲਾ ਕੀਤਾ ਗਿਆ। ਹਾਲਾਂਕਿ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅਗਲਾ ਮੁਕਾਬਲਾ ਮੋਰਾਕੋ ਵਿੱਚ ਕਰਵਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ।

ਅਫ਼ਰੀਕਨ ਦੇਸ਼ ਮੋਰਾਕੋ ਦੇ ਸਟੇਡੀਅਮਾਂ, ਰਹਿਣ ਦੀਆਂ ਥਾਵਾਂ ਅਤੇ ਆਵਾਜਾਈ ਨੂੰ ਫ਼ੀਫਾ ਮੁਲਾਂਕਣ ਰਿਪੋਰਟ ਵਿਚ ਉੱਚ ਜੋਖਮ ਵਰਗ ਵਿਚ ਰੱਖਿਆ ਗਿਆ ਸੀ। ਇਸ ਰਿਪੋਰਟ ਤੋਂ ਬਾਅਦ, ਅਮਰੀਕਾ-ਕੈਨੇਡਾ-ਮੈਕਸੀਕੋ ਦੀ ਸਾਂਝੀ ਦਾਅਵੇਦਾਰੀ ਹੋਰ ਮਜ਼ਬੂਤ ​​ਹੋ ਗਈ। ਰਿਪੋਰਟ ਵਿੱਚ ਇਨ੍ਹਾਂ ਦੇਸ਼ਾਂ ਨੂੰ 5 ਵਿੱਚੋਂ 4 ਨੰਬਰ ਦਿੱਤੇ ਗਏ ਜਦ ਕਿ ਮੋਰਾਕੋ ਨੂੰ 5 ਵਿੱਚੋਂ 2.7 ਨੰਬਰ ਮਿਲੇ ਅਤੇ ਉੱਤਰੀ ਅਮਰੀਕਾ ਦੇ ਦੇਸ਼ ਮੋਰਾਕੋ ਦੀ ਥਾਂ ਮੇਜ਼ਬਾਨੀ ਦਾ ਇਹ ਮੁਕਾਬਲਾ ਜਿੱਤ ਗਏ।