• Home
  • ਭਗੋਲਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਮਾਹੌਲ ਅਨੁਸਾਰ ਪੰਜਾਬ ਦੀ ਸਕੂਲ ਸਿੱਖਿਆ ਨੀਤੀ ਤਿਆਰ ਕਰਨ ਦੀ ਸਲਾਹ

ਭਗੋਲਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਮਾਹੌਲ ਅਨੁਸਾਰ ਪੰਜਾਬ ਦੀ ਸਕੂਲ ਸਿੱਖਿਆ ਨੀਤੀ ਤਿਆਰ ਕਰਨ ਦੀ ਸਲਾਹ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਸਿੱਖਿਆ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਦੀ ਅਗਵਾਈ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਨੀਤੀ 2018 ਨੂੰ ਤਿਆਰ ਕਰਨ ਲਈ ਕਮੇਟੀ ਦੀ ਮੀਟਿੰਗ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਮੇਟੀ ਹਾਲ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਡਾ. ਬੀ ਐੱਸ ਘੁੰਮਣ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਇਸ ਮੀਟਿੰਗ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਜ ਕਰਨ ਵਾਲੇ ਸਿੱਖਿਆ ਮਾਹਿਰਾਂ ਨੇ ਭਾਗ ਲਿਆ।
ਸਿੱਖਿਆ ਸ਼ਾਸਤਰੀਆਂ ਨੇ ਪੰਜਾਬ ਦੇ ਭਗੋਲਿਕ, ਆਰਥਿਕ,  ਸਮਾਜਿਕ ਤੇ ਸੱਭਿਆਚਾਰਕ ਮਾਹੌਲ ਅਨੁਸਾਰ ਸਕੂਲਾਂ ਦੀ ਸਿੱਖਿਆ ਨੀਤੀ ਤਿਆਰ ਕਰਨ 'ਤੇ ਜ਼ੋਰ ਦਿੱਤਾ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਸਾਕਾਰਾਤਮਕ ਪ੍ਰਭਾਵ ਦੇ ਨਾਲ-ਨਾਲ ਗੁਣਾਤਮਿਕ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਅਤੇ ਭੈਅ ਰਹਿਤ ਪ੍ਰੀਖਿਆਵਾਂ ਦੇ ਆਯੋਜਨ ਨਾਲ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਯੋਗ ਅਤੇ ਠੋਸ ਉਪਾਅ ਸੁਝਾਉਣ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।
ਸਿੱਖਿਆ ਸ਼ਾਸਤਰੀਆਂ ਨੇ ਸਰਕਾਰੀ ਸਕੂਲਾਂ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ 'ਤੇ ਜ਼ੋਰ ਦੇਣ ਦੇ ਨਾਲ ਨਾਲ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਭਾਸ਼ਾਵਾਂ ਨੂੰ ਵੀ ਸਕੂਲਾਂ ਵਿੱਚ ਸੁਯੋਗ ਵਰਤੋਂ ਕਰਨ ਲਈ ਸੁਝਾਅ ਦਿੱਤੇ ਤਾਂ ਜੋ ਵਿਦਿਆਰਥੀ ਦੇਸ਼ ਵਿਦੇਸ਼ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮੋਹਰੀ ਹੋ ਸਕਣ।
ਪ੍ਰੀਖਿਆ ਸਕੂਲ ਸਿੱਖਿਆ ਨੀਤੀ 2018 ਸਬੰਧੀ ਮੀਟਿੰਗ ਵਿੱਚ ਸ੍ਰੀ ਮਨੋਹਰ ਕਾਂਤ ਕਲੋਹੀਆ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀ ਪ੍ਰਸ਼ਾਂਤ ਗੋਇਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਸ੍ਰੀ ਬਲਦੇਵ ਸਚਦੇਵਾ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ -ਕਮ- ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ, ਡਾ. ਮਨਿੰਦਰ ਸਿੰਘ ਸਰਕਾਰੀਆ, ਡਾ.  ਦਵਿੰਦਰ ਸਿੰਘ ਬੋਹਾ, ਡਾ.  ਕੁਲਦੀਪ ਪੁਰੀ, ਡਾ.  ਮਰਮਰ ਮੁਖੋਪਾਧਿਆਏ ਨਿਊਪਾ ਨਵੀ ਦਿੱਲੀ, ਸੁੱਚਾ ਸਿੰਘ ਖੱਟੜਾ ਅਤੇ ਹੋਰ ਸਿੱਖਿਆ ਸ਼ਾਸਤਰੀ ਹਾਜ਼ਰ ਸਨ।