• Home
  • ਮੁੱਖ ਮੰਤਰੀ ਨੇ ਸੰਤ ਸਮਾਜ ਕੋਲੋਂ ਵਿਸ਼ਾਲ ਸਮਾਗਮ ਦੀ ਸਫ਼ਲਤਾ ਲਈ ਵਡਮੁੱਲੇ ਸੁਝਾਅ ਮੰਗੇ

ਮੁੱਖ ਮੰਤਰੀ ਨੇ ਸੰਤ ਸਮਾਜ ਕੋਲੋਂ ਵਿਸ਼ਾਲ ਸਮਾਗਮ ਦੀ ਸਫ਼ਲਤਾ ਲਈ ਵਡਮੁੱਲੇ ਸੁਝਾਅ ਮੰਗੇ

ਚੰਡੀਗੜ੍ਹ/ ਸੁਲਤਾਨਪੁਰ ਲੋਧੀ, (ਖ਼ਬਰ ਵਾਲੇ ਬਿਊਰੋ)
ਅਗਲੇ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪੱਧਰੀ ਸਮਾਗਮ ਦੀ ਸਫ਼ਲਤਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਤ ਸਮਾਜ ਤੋਂ ਇਸ ਸਮਾਗਮ ਵਡਮੁੱਲੇ ਵਿਚਾਰਾਂ, ਸੁਝਾਵਾਂ ਅਤੇ ਸਹਿਯੋਗ ਦੀ ਮੰਗ ਕੀਤੀ।
ਅੱਜ ਇਥੇ ਸੰਤ ਸਮਾਜ ਦੇ ਪ੍ਰਤੀਨਿਧਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਸਮਾਗਮ ਉਨ੍ਹਾਂ ਦੀ ਸਰਕਾਰ ਦੌਰਾਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸਮਾਗਮਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਵੇਗੀ ਅਤੇ ਉਨ੍ਹਾਂ ਇਸ ਸਬੰਧੀ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸੰਤ ਸਮਾਜ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਡਮੁੱਲੇ ਸੁਝਾਅ ਅਤੇ ਵਿਚਾਰ ਪੇਸ਼ ਕਰਨ ਤਾਂ ਜੋ ਸਮਾਗਮਾਂ ਦੀ ਰੂਪ-ਰੇਖਾ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਸਕਣ। Àਨ੍ਹਾਂ ਦੱਸਿਆ ਕਿ ਸਮਾਗਮਾਂ ਸਬੰਧੀ ਖਾਕਾ ਤਿਆਰ ਕਰਨ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੀ. ਡਬਲਿਊ. ਡੀ ਮੰਤਰੀ ਵਿਜੇ ਇੰਦਰ ਸਿੰਗਲਾ 'ਤੇ ਆਧਾਰਿਤ ਇਕ ਕਮੇਟੀ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ 'ਪਕਾਸ਼ ਉਤਸਵ' ਨਾਲ ਸਬੰਧਤ ਪ੍ਰੋਗਰਾਮ ਸਾਰਾ ਸਾਲ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਗੁਰੂ ਜੀ ਦੇ ਜੀਵਨ, ਵਿਚਾਰਧਾਰਾ ਅਤੇ ਕਾਰਜਾਂ ਬਾਰੇ ਦੱਸਿਆ ਜਾਵੇਗਾ, ਜਿਹੜੇ ਕਿ ਅੱਜ ਵੀ ਆਲਮੀ ਪੱਧਰ 'ਤੇ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸਮਾਜ ਵੱਲੋਂ ਦਿੱਤੇ ਸੁਝਾਵਾਂ ਨੂੰ ਕਮੇਟੀ ਵੱਲੋਂ ਬਣਾਏ ਖਾਕੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਉਸ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਬੇਨਤੀ ਕੀਤੀ ਕਿ ਸੰਤ ਸਮਾਜ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਗਠਿਤ ਕੀਤੀ ਜਾਵੇ, ਜਿਹੜੀ ਕਿ ਸਮਾਗਮਾਂ ਸਬੰਧੀ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਅਤੇ ਇੰਨ-ਬਿੰਨ ਲਾਗੂ ਕਰਨ ਲਈ ਰਾਜ ਸਰਕਾਰ ਵੱਲੋਂ ਕਮੇਟੀ ਨਾਲ ਲਗਾਤਾਰ ਰਾਬਤਾ ਰੱਖੇ।
ਮੁੱਖ ਮੰਤਰੀ ਨੇ ਪੰਜਾਬ ਅਤੇ ਮੁਲਕ ਦੇ ਹੋਰਨਾਂ ਸੂਬਿਆਂ ਵਿਚੋਂ ਪਹੁੰਚੇ ਸੰਤ ਸਮਾਜ ਦੇ ਮੈਂਬਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਗੁਰੂ ਜੀ ਦੇ ਜੀਵਨ ਨਾਲ ਨੇੜੇ ਤੋਂ ਜੁੜੀਆਂ ਇਤਿਹਾਸਕ ਥਾਵਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਦੇ ਸੁਝਾਅ 'ਤੇ ਪ੍ਰਧਾਨ ਮੰਤਰੀ ਨੇ ਸਮਾਗਮਾਂ ਸਬੰਧੀ ਇਕ 36 ਮੈਂਬਰੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਵਿਚ ਕੰਮ ਕਰੇਗੀ, ਜਿਸ ਵਿਚ
ਕੇਂਦਰੀ ਵਿੱਤ ਮੰਤਰੀ, ਮੁੱਖ ਮੰਤਰੀ ਪੰਜਾਬ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਤੇ ਸੱਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਵੀ ਸਮਾਗਮਾਂ ਦੀ ਰੂਪ-ਰੇਖਾ ਸਬੰਧੀ ਮਸ਼ਵਰਾ ਲਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ 2019 ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਤਿਹਾਸਕ ਸਥਾਨਾਂ 'ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਇਸ ਸਾਲ ਨਵੰਬਰ ਦੇ ਦੂਜੇ ਹਫ਼ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ਼ਤਾਬਦੀ ਸਮਾਗਮਾਂ ਲਈ ਕੇਂਦਰ ਸਰਕਾਰ ਕੋਲੋਂ 2145 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਅਤੇ ਗੁਰਦਾਸਪੁਰ ਵਿਖੇ 500 ਕਰੋੜ ਰੁਪਏ ਦੀ ਲਾਗਤ ਨਾਲ 500 ਬੈੱਡ ਵਾਲੇ ਇਕ ਸੁਪਰ ਸਪੈਸ਼ਲਟੀ ਹਸਪਤਾਲ ਸਥਾਪਿਤ ਕਰਨ, ਸੁਲਤਾਨਪੁਰ ਲੋਧੀ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਪਿੰਡ 'ਪਿੰਡ ਬਾਬੇ ਨਾਨਕ ਦਾ' ਬਣਾਏ ਜਾਣ ਅਤੇ ਹੋਰ ਵਿਕਾਸ ਕਾਰਜ ਕਰਵਾਏ ਜਾਣ ਦੀ ਤਜਵੀਜ਼ ਹੈ।
ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸੜਕਾਂ ਦੇ ਨਾਂਅ ਰੱਖਣ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਸਬੰਧ ਵਿਚ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉੱਪ ਕੁਲਪਤੀ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਇਤਿਹਾਸ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧਾਂ ਨੂੰ ਮੈਂਬਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਸਰਕਾਰ ਨੂੰ ਇਤਿਹਾਸਕ ਮਹੱਤਤਾ ਰੱਖਦੀਆਂ ਸੜਕਾਂ ਸਬੰਧੀ ਸੁਝਾਅ ਦੇਵੇਗੀ।
ਇਸ ਮੌਕੇ ਤੇ ਲੱਖਾਂ ਦੀ ਤਾਦਾਦ ਵਿਚ ਆਉਣ ਵਾਲੀ ਸੰਗਤ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਉਨਾਂ ਨੂੰ ਹਰ ਸੰਭਵ ਸਹੂਲਤ ਅਤੇ ਉਨਾਂ ਦੇ ਰਹਿਣ-ਸਹਿਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਭਾਰਤ ਸਰਕਾਰ ਦੇ ਰੇਲ ਮੰਤਰਾਲੇ  ਨਾਲ ਸੰਪਰਕ ਵਿਚ ਹੈ ਤਾਂ ਜੋ ਇਸ ਮੌਕੇ ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਸਕਣ । ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਦਾ ਸੰਦੇਸ਼ ਦੇਣ ਲਈ ਪੰਜਾਬ ਸਰਕਾਰ ਇੱਕ ਕੌਫੀ ਟੇਬਲ ਬੁੱਕ ਵੀ ਛਪਾਏਗੀ ਤਾਂ ਜੋ ਮਨੁੱਖਤਾ ਨੂੰ ਉਨ੍ਹਾਂ ਦਾ ਸੰਦੇਸ਼ ਢੁਕਵੇਂ ਢੰਗ ਨਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਬੇਨਤੀ ਕੀਤੀ ਕਿ ਉਹ ਸੰਤ ਸਮਾਜ ਦੀ ਕਮੇਟੀ ਦਾ ਗਠਨ ਕਰਨ ਜੋ ਕਿ ਸੂਬਾ ਸਰਕਾਰ ਦੀ ਕਾਰਜ਼ਕਾਰੀ ਕਮੇਟੀ ਨਾਲ ਸਿੱਧਾ ਸੰਪਰਕ ਬਣਾਉਣ ਇਸ ਸਮਾਗਮ ਦੀ ਸੁਚੱਜੀ ਰੂਪ-ਰੇਖਾ ਤਿਆਰ ਕਰ ਸਕਣ।
ਇਸ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲਿਆਂ ਨੇ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਆਉਣ ਵਾਲੇ ਸ਼ਰਧਾਲੂਆਂ ਲਈ ਢੁਕਵੇਂ ਰਹਿਣ ਸਹਿਣ, ਪਾਰਕਿੰਗ, ਪਾਣੀ ਅਤੇ ਹੋਰ ਪ੍ਰਬੰਧ ਵਧੀਆ ਢੰਗ ਨਾਲ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨਾਂ ਕਿਹਾ ਕਿ ਇਸ ਸਮਾਗਮ ਲਈ ਇੱਕ ਵਿਸ਼ੇਸ਼ ਲੋਗੋ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਦੇ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਹੈੱਲਪ ਡੈਸਕ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਉਨਾਂ ਫਿਲੌਰ, ਨੂਰਮਹਿਲ, ਨਕੋਦਰ, ਸੁਲਤਾਨਪਰੁ ਲੋਧੀ, ਗੋਇੰਦਵਾਲ ਸਾਹਿਬ ਅਤੇ ਤਰਨਤਾਰਨ ਨੂੰ ਜੋੜਦੀ ਸੜਕ ਨੂੰ ਨੈਸ਼ਨਲ ਹਾਈਵੇ ਘੋਸ਼ਿਤ ਕਰਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਇੱਕ ਮਿਸਾਲੀ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੁੱਖਤਾਂ ਪ੍ਰਤੀ ਸੁਨੇਹਾ ਵਿਸ਼ੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾ ਸਕੇ।
ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਸੁਨੇਹੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਇਆ ਜਾਵੇ ਤਾਂ ਜੋ ਵਾਤਾਵਰਨ ਦੀ ਸਾਂਭ ਸੰਭਾਲ ਹੋਰ ਵੀ ਬਿਹਤਰ ਢੰਗ ਨਾਲ ਹੋ ਸਕੇ। ਇਸ ਮੌਕੇ ਤੇ ਬਾਬਾ ਹਰੀ ਸਿੰਘ ਰੰਧਾਵਿਆਂ ਵਾਲਿਆਂ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਸੰਤ ਸਮਾਜ ਇਸ ਮੁਬਾਰਕ ਮੌਕੇ ਨੂੰ ਹੋਰ ਵੀ ਵਧੀਆਂ ਢੰਗ ਨਾਲ ਮਨਾਉਣ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੇਗਾ ਅਤੇ ਪੰਜਾਬ ਸਰਕਾਰ ਨੂੰ ਇਸ ਲਈ ਹਰ ਤਰੀਕੇ ਦਾ ਸਹਿਯੋਗ ਦਿੱਤਾ ਜਾਵੇਗਾ।           ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਦਵਿਦੰਰ ਸਿੰਘ ਗੁਬਾਇਆ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ, ਆਈ. ਜੀ ਨੌਨਿਹਾਲ ਸਿੰਘ, ਐਸ. ਐਸ. ਪੀ ਕਪੂਰਥਲਾ ਸਤਿੰਦਰ ਸਿੰਘ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਓ. ਐਸ. ਡੀ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਸੰਤ ਗੁਰਮੀਤ ਸਿੰਘ, ਬਾਬਾ ਸੰਤੋਖ ਸਿੰਘ ਕਾਰ ਸੇਵਾ ਬੀੜ ਸਾਹਿਬ, ਸੰਤ ਗੁਰਮੇਲ ਸਿੰਘ ਨਾਨਕਸਰ ਜਗਰਾਓਂ, ਸੰਤ ਮੱਖਣ ਸਿੰਘ ਭਾਈ ਮਨੀ ਸਿੰਘ ਟਕਸਾਲ ਅੰਮ੍ਰਿਤਸਰ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਜੋਗਿੰਦਰ ਸਿੰਘ ਬੁੱਢਾ ਦਲ, ਬਾਬਾ ਗੁਰਦੇਵ ਸਿੰਘ ਹਰੀਆਂ ਵੇਲਾਂ ਵਾਲੇ, ਸ੍ਰੀ ਮਹੰਤ ਬਾਬਾ ਗਿਆਨਦੇਵ ਸਿੰਘ ਕਨਖਲ, ਬਾਬਾ ਤੇਜਾ ਸਿੰਘ ਖੁੱਡਾ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਹਰੀ ਸਿੰਘ ਰੰਧਾਵਾ, ਭਾਈ ਅਮਰਜੀਤ ਸਿੰਘ, ਸੰਤ ਭੁਪਿੰਦਰ ਸਿੰਘ ਜਰਗ, ਸੰਤ ਬਲਵਿੰਦਰ ਸਿੰਘ ਰਾੜਾ ਸਾਹਿਬ, ਸੰਤ ਸੰਤਨ ਨੰਦ, ਬਾਬਾ ਰਾਮ ਸਿੰਘ, ਸੰਤ ਭੋਲਾ ਸਿੰਘ, ਸੰਤ ਛੋਟਾ ਸਿੰਘ, ਸੰਤ ਪਿਆਰਾ ਸਿੰਘ, ਸੰਤ ਸੇਵਾ ਸਿੰਘ, ਸੰਤ ਕਸ਼ਮੀਰ ਸਿੰਘ, ਸੰਤ ਸਰੂਪ ਸਿੰਘ, ਸੰਤ ਅਵਤਾਰ ਸਿੰਘ ਬੱਧਨੀ ਕਲਾਂ, ਸੰਤ ਜਸਦੇਵ ਸਿੰਘ, ਸੰਤ ਜੈਵਇੰਦਰ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਬਲਬੀਰ ਸਿੰਘ ਲੰਮੇ, ਭਾਈ ਗੁਰਇਕਬਾਲ ਸਿੰਘ, ਸੰਤ ਜਸਵੰਤ ਸਿੰਘ, ਗਿਆਨੀ ਪ੍ਰਤਾਪ ਸਿੰਘ ਝੱਠੀਆਂ, ਸੰਤ ਦਰਬਾਰਾ ਸਿੰਘ, ਸੰਤ ਬਲਦੇਵ ਸਿੰਘ, ਸੰਤ ਪ੍ਰਿਤਪਾਲ ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਮਹੰਤ ਬਾਬਾ ਕਾਹਨ ਸਿੰਘ ਗੋਨਿਆਣਾ ਮੰਡੀ, ਸੰਦ ਦੀਦਾਰ ਸਿੰਘ, ਬਾਬਾ ਫ਼ੌਜਾ ਸਿੰਘ, ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਜਗਤਾਰ ਸਿੰਘ, ਸੰਤ ਸੁੱਖਾ ਸਿੰਘ, ਸੰਤ ਗੁਰਚਰਨ ਸਿੰਘ, ਮਹਾਤਮਾ ਮੁਨੀ ਜੀ, ਸੰਤ ਅਨਭੋਲ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਅਮਰੀਕ ਸਿੰਘ, ਸੰਤ ਗੁਰਚਰਨ ਸਿੰਘ ਸੁਰਸਿੰਘ ਵਾਲੇ, ਸੰਤ ਸੁਰਿੰਦਰ ਸਿੰਘ ਸੁਭਾਣੇ ਵਾਲੇ, ਬਾਬਾ ਰਾਮ ਦਾਸ ਤੇ ਬਾਬਾ ਚਰਨ ਦਾਸ ਗੋਪਾਲ ਨਗਰ ਵਾਲੇ ਤੇ ਹੋਰ ਸੰਤ-ਮਹਾਂਪੁਰਸ਼ ਹਾਜ਼ਰ ਸਨ।