• Home
  • 2019 ਤੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਾਂਗੇ ਪਾਰਟੀ- ਮੁਨੀਸ਼ ਸਿਸੋਦੀਆ

2019 ਤੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਾਂਗੇ ਪਾਰਟੀ- ਮੁਨੀਸ਼ ਸਿਸੋਦੀਆ

'ਆਪ' ਨੇ ਸ਼ਾਹਕੋਟ ਉਪ ਚੋਣ ਲਈ ਰਤਨ ਸਿੰਘ ਕੱਕੜ ਕਲਾਂ ਨੂੰ ਐਲਾਨਿਆ ਉਮੀਦਵਾਰ
ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਐਲਾਨ ਕੀਤਾ ਕਿ 'ਆਪ' ਪੰਜਾਬ ਅੰਦਰ 2019 ਦੀਆਂ ਲੋਕ ਸਭਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਢਾਂਚਾ ਬੂਥ ਪੱਧਰ ਤੱਕ ਉਸਾਰ ਕੇ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ।
ਮੁਨੀਸ਼ ਸਿਸੋਦੀਆ ਇੱਥੇ ਪਾਰਟੀ ਵਲੰਟੀਅਰਾਂ, ਅਹੁਦੇਦਾਰਾਂ, ਹਲਕਾ ਪ੍ਰਧਾਨਾਂ ਅਤੇ ਵਿਧਾਇਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁਨੀਸ਼ ਸਿਸੋਦੀਆ ਨੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਸੰਗਠਨਾਤਮਕ ਇੰਚਾਰਜ ਗੈਰੀ ਵੜਿੰਗ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਵਿਧਾਇਕ ਅਤੇ ਜ਼ੋਨ ਪ੍ਰਧਾਨਾਂ ਸਮੇਤ ਹੋਰ ਸੂਬਾ ਪੱਧਰੀ ਆਗੂ ਮੌਜੂਦ ਸਨ।
ਮੁਨੀਸ਼ ਸਿਸੋਦੀਆ ਨੇ ਇਕੱਤਰ ਵਲੰਟੀਅਰਾਂ ਦੇ ਜੋਸ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿਰਫ਼ ਪੰਜ ਸਾਲ ਪੁਰਾਣੀ ਪਾਰਟੀ ਅੱਜ ਦਿੱਲੀ 'ਚ ਸਰਕਾਰ ਅਤੇ ਪੰਜਾਬ 'ਚ ਮੁੱਖ ਵਿਰੋਧੀ ਧਿਰ ਹੈ। ਜਿੱਥੇ ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ 'ਚ ਬੇਮਿਸਾਲ ਕੰਮ ਕੀਤਾ। ਤਿੰਨ ਸਾਲਾਂ ਦੌਰਾਨ ਬਿਜਲੀ ਦੇ ਮੁੱਲ ਨਹੀਂ ਵਧਣ ਦਿੱਤੇ, ਪਾਣੀ ਦੇ ਬਿਲ ਮਾਫ਼ ਕੀਤੇ, ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਨੂੰ ਨੱਥ ਪਾਈ ਅਤੇ ਫ਼ਸਲਾਂ ਦੀ ਬਰਬਾਦੀ ਹੋਣ 'ਤੇ ਕਿਸਾਨਾਂ ਨੂੰ ਅੱਜ ਤੱਕ ਦਾ ਸਭ ਤੋਂ ਵੱਧ ਮੁਆਵਜ਼ਾ ਦਿੱਤਾ ਗਿਆ। ਉੱਥੇ ਪੰਜਾਬ 'ਚ ਵਿਰੋਧੀ ਧਿਰ ਦੀ ਬਾਖ਼ੂਬੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇੱਕ ਸਾਲ 'ਚ ਹੀ ਕਾਂਗਰਸ ਦੇ ਭ੍ਰਿਸ਼ਟ ਮੰਤਰੀ (ਰਾਣਾ ਗੁਰਜੀਤ ਸਿੰਘ) ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ।
ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਦਿੱਲੀ ਸਰਕਾਰ ਬਣੀ ਸੀ ਉਦੋਂ ਦਿੱਲੀ ਦਾ ਬਜਟ 32 ਹਜ਼ਾਰ ਕਰੋੜ ਸੀ ਅੱਜ 53 ਹਜ਼ਾਰ ਕਰੋੜ ਤੱਕ ਪਹੁੰਚਾ ਦਿੱਤਾ ਹੈ। ਪਾਰਦਰਸ਼ਤਾ ਨਾਲ ਇਕੱਠੇ ਹੋਏ ਪੈਸੇ ਨੂੰ ਕੇਜਰੀਵਾਲ ਸਰਕਾਰ ਲੋਕ ਹਿਤਾਂ ਲਈ ਖੁੱਲ ਕੇ ਵਰਤ ਰਹੀ ਹੈ।
ਸਿਸੋਦੀਆ ਨੇ ਕਿਹਾ ਕਿ 'ਆਪ' ਦੀ ਰਾਜਨੀਤੀ ਦੂਸਰੀਆਂ ਰਿਵਾਇਤੀ ਪਾਰਟੀਆਂ ਤੋਂ ਇਸ ਕਰ ਕੇ ਨਿਆਰੀ ਹੈ ਕਿ ਅਸੀ ਕੇਵਲ ਆਪਣੇ ਵੋਟਰਾਂ ਲਈ ਹੀ ਨਹੀਂ ਸਗੋਂ ਹਰੇਕ ਨਾਗਰਿਕ ਦੇ ਹੱਕਾਂ ਅਤੇ ਹਿਤਾਂ ਲਈ ਕੰਮ ਕਰਦੇ ਹਾਂ। ਇਸ ਲਈ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਪੰਜਾਬ, ਦੇਸ਼ ਅਤੇ ਸਮੁੱਚੇ ਸਮਾਜ ਦੀ ਜ਼ਰੂਰਤ ਹੈ। ਇਸ ਲਈ ਪਿਛਲੀਆਂ ਗ਼ਲਤੀਆਂ ਅਤੇ ਛੋਟੇ-ਮੋਟੇ ਮਤਭੇਦਾਂ ਨੂੰ ਭੁੱਲ-ਭੁਲਾਕੇ ਹੌਸਲੇ ਨਾਲ ਅੱਗੇ ਵਧਣ ਦੀ ਲੋੜ ਹੈ।
ਸਿਸੋਦੀਆ ਨੇ ਪਾਰਟੀ ਨੂੰ ਪਿੰਡਾਂ, ਮੁਹੱਲਿਆਂ ਅਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ਼ ਕਰਨ ਦਾ ਸੱਦਾ ਦਿੱਤਾ।
ਇਸ ਦੌਰਾਨ ਹੀ ਡਾ. ਬਲਵੀਰ ਸਿੰਘ ਨੇ ਮੁਨੀਸ਼ ਸਿਸੋਦੀਆ ਅਤੇ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ 'ਚ ਸ਼ਾਹਕੋਟ ਉਪ ਚੋਣ ਲਈ ਰਤਨ ਸਿੰਘ ਕੱਕੜ ਕਲਾਂ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ।