• Home
  • ਇਲੈਕਸ਼ਨ ਨੂੰ ਹਊਆ ਨਾ ਸਮਝੇ ਚੋਣ ਅਮਲਾ-ਡਿਪਟੀ ਕਮਿਸ਼ਨਰ-ਚੋਣਾਂ ਸਬੰਧੀ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੇ ਆਦੇਸ਼

ਇਲੈਕਸ਼ਨ ਨੂੰ ਹਊਆ ਨਾ ਸਮਝੇ ਚੋਣ ਅਮਲਾ-ਡਿਪਟੀ ਕਮਿਸ਼ਨਰ-ਚੋਣਾਂ ਸਬੰਧੀ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੇ ਆਦੇਸ਼

ਬਠਿੰਡਾ, : 19 ਮਈ ਨੂੰ ਹੋਣ ਵਾਲੀਆਂ ਆਮ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਅੱਜ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਉਨਾਂ ਹੁਣ ਤੱਕ ਚੋਣਾਂ ਸਬੰਧੀ ਕੀਤੇ ਗਏ 'ਤੇ ਹੋਰ ਕੀਤੇ ਜਾਣ ਵਾਲੇ ਕੰਮਾਂ ਦਾ ਰੀਵਿਊ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਲੈਕਸ਼ਨ ਨੂੰ ਹਊਆ ਨਾ ਸਮਝਿਆ ਜਾਵੇ, ਸਗੋਂ ਜੋ ਵੀ ਉਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇ।   ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਕੰਮਾਂ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਚੋਣਾਂ ਨੂੰ ਕਿਹਾ ਕਿ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਮੂਹ ਪ੍ਰੋਜਾਈਡਿੰਗ ਅਫ਼ਸਰਾਂ ਅਤੇ ਸਹਾਇਕ ਪ੍ਰੋਜਾਈਡਿੰਗ ਅਫ਼ਸਰਾਂ ਦੀ ਟੇ੍ਰਨਿੰਗ ਮੁਕੰਮਲ ਕਰਵਾਈ ਜਾਵੇ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਬਾਰੇ ਪੂਰੀ ਤਰਾਂ ਜਾਣੂ ਕਰਵਾਇਆ ਜਾਵੇ ਤਾਂ ਜੋ ਇਲੈਕਸ਼ਨ ਦੌਰਾਨ ਸਬੰਧਤ ਚੋਣ ਅਮਲੇ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।   ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਪ੍ਰਨੀਤ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜ਼ਾਬਤੇ ਦੀ ਇੰਨ-ਬਿਨ ਪਾਲਣਾ ਕੀਤੀ ਜਾਵੇ। ਇਸ ਦੌਰਾਨ ਐਸ.ਡੀ.ਐਮ ਬਠਿੰਡਾ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਰਾਜਨੀਤਿਕ ਪਾਰਟੀ ਦੇ ਹੋਰਡਿੰਗ ਜਾਂ ਬੈਨਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ।  ਮੀਟਿੰਗ ਦੌਰਾਨ ਈਵੀਐਮਜ਼, ਵੀਵੀਪੈਟਜ਼, ਇਲੈਕਸ਼ਨ ਮਟੀਰੀਅਲ, ਖ਼ਰਚਾ ਕਮੇਟੀ, ਲਾਅ ਐਂਡ ਆਰਡਰ, ਬੈਲਟ ਪੇਪਰ, ਡੱਮੀ ਬੈਲਟ ਪੇਪਰ, ਐਮ.ਸੀ.ਐਮ.ਸੀ., ਹੈਲਪ ਲਾਇਨ ਅਤੇ ਸ਼ਿਕਾਇਤਾਂ, ਹੈਲਪ ਲਾਇਨ ਨੰਬਰ 1950 ਆਦਿ ਨਾਲ ਸਬੰਧਤ ਗਤੀਵਿਧੀਆਂ ਬਾਰੇ ਹੁਣ ਤੱਕ ਕੀਤੇ ਕੰਮਾਂ ਅਤੇ ਹੋਰ ਹੋਣ ਵਾਲੇ ਲੋੜੀਂਦੇ ਕੰਮਾਂ ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਚੋਣਾਂ ਸਬੰਧੀ ਚੱਲ ਰਹੀ ਸਵੀਪ ਮੁਹਿੰਮ ਦੀ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ ਗਈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਸੈਕਟਰੀ ਰਿਜਨਲ ਟ੍ਰਾਂਸਪੋਰਟ ਅਥਾਰਟੀ ਸ਼੍ਰੀ ਉਦੇਦੀਪ ਸਿੰਘ, ਤਹਿਸੀਲਦਾਰ ਚੋਣਾਂ ਸ਼੍ਰੀ ਭਾਰਤ ਭੂਸ਼ਣ, ਡੀ.ਡੀ.ਪੀ.ਓ ਸ. ਹਰਜਿੰਦਰ ਸਿੰਘ ਜੱਸਲ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਬਲਜੀਤ ਕੁਮਾਰ, ਪ੍ਰਿੰਸੀਪਲ ਆਈ.ਟੀ.ਆਈ. ਸ਼੍ਰੀਮਤੀ ਰੁਪਿੰਦਰ ਕੌਰ ਤੇ ਜ਼ਿਲਾ ਸੂਚਨਾ ਅਫ਼ਸਰ ਸ਼੍ਰੀ ਸੰਦੀਪ ਗੁਪਤਾ ਤੋਂ ਇਲਾਵਾ ਹੋਰ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।