• Home
  • ਗੁਰੂ ਸਾਹਿਬਾਨ ਨੂੰ ਸਮਰਪਿਤ ਨਵੀਨਤਾ, ਖੋਜ ਤੇ ਵਿਕਾਸ ਕੇਂਦਰ ਖੋਲੇ ਜਾਣਗੇ: ਚੰਨੀ

ਗੁਰੂ ਸਾਹਿਬਾਨ ਨੂੰ ਸਮਰਪਿਤ ਨਵੀਨਤਾ, ਖੋਜ ਤੇ ਵਿਕਾਸ ਕੇਂਦਰ ਖੋਲੇ ਜਾਣਗੇ: ਚੰਨੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਤਕਨੀਕੀ ਸਿੱਖਿਆ ਤੇ ਹੁਨਰ ਵਿਕਾਸ ਨੂੰ ਪ੍ਰਫੁੱਲਿਤ ਕਰਨ ਲਈ ਟਾਟਾ ਟੈਕਨਾਲੌਜੀ ਤੇ ਆਈ.ਕੇ.ਪੀ.ਟੀ.ਯੂ. ਦੇ ਸਾਂਝੇ ਯਤਨਾਂ ਨਾਲ 5 ਨਵੇਂ ਸੀ.ਆਈ.ਆਈ.ਆਈ.ਟੀ. ਕੇਂਦਰ ਖੋਲੇ ਜਾਣਗੇ।।ਉਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੇਂਦਰ ਸੁਲਤਾਨਪੁਰ ਲੋਧੀ ਤੇ ਆਈ.ਕੇ.ਜੀ.ਪੀ.ਟੀ.ਯੂ. ਮੇਨ ਕੈਂਪਸ, ਕਪੂਰਥਲਾ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਰਪਿਤ ਕੇਂਦਰ ਚਮਕੌਰ ਸਾਹਿਬ ਤੇ ਆਈ.ਕੇ.ਜੀ.ਪੀ.ਟੀ.ਯੂ. ਕੈਂਪਸ ਲਾਡੋਵਾਲੀ, ਜਲੰਧਰ ਵਿੱਚ ਖੋਲਿਆ ਜਾਵੇਗਾ।
ਇਨਾਂ ਕੇਂਦਰਾਂ ਦੀ ਸਥਾਪਨਾ ਲਈ ਅੱਜ ਟਾਟਾ ਟੈਕਨਾਲੌਜੀ ਤੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵਿਚਕਾਰ ਸਮਝੌਤਾ ਆਨੰਦ ਭਾਦੇ, ਪ੍ਰਧਾਨ, ਏ.ਪੀ.ਏ.ਸੀ. ਸੇਲਜ਼, ਗਲੋਬਲ ਮਾਰਕਿਟਿੰਗ ਅਤੇ ਕਮਿਊਨੀਕੇਸ਼ਨਜ਼, ਟਾਟਾ ਟੈਕਨਾਲੌਜੀ ਅਤੇ ਪ੍ਰੋ (ਡਾ.) ਅਜੇ.ਕੇ. ਸ਼ਰਮਾ, ਉਪ ਕੁਲਪਤੀ, ਆਈ.ਕੇ.ਜੀ.ਪੀ.ਟੀ.ਯੂ. ਵੱਲੋਂ ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀ ਡੀ.ਕੇ. ਤਿਵਾੜੀ, ਸਕੱਤਰ, ਤਕਨੀਕੀ ਸਿੱਖਿਆ ਅਤੇ ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ ਤਕਨੀਕੀ ਸਿੱਖਿਆ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ।।
ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਤਕਨੀਕੀ ਖੇਤਰ ਵਿੱਚ ਅਜਿਹੀ ਭਾਈਵਾਲੀ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁਕੇਗੀ ਤਾਂ ਜੋ ਪੰਜਾਬ ਲਈ ਉਤਪਾਦਨ ਖੇਤਰ ਵਿੱਚ ਨਿਵੇਸ਼ ਦੇ ਰਾਹ ਨੂੰ ਪੱਧਰਾ ਕੀਤਾ ਜਾ ਸਕੇ।
ਆਈ.ਕੇ.ਪੀ.ਟੀ.ਯੂ. ਦੇ ਉਪ ਕੁਲਪਤੀ ਡਾ. ਅਜੇ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਖ਼ੁਸ਼ਨੁਮਾ ਮਾਹੌਲ ਸਿਰਜਣ ਦੇ ਸਾਡੇ ਸੁਪਨਿਆਂ ਲਈ ਇੰਜਨੀਅਰਿੰਗ ਦੇ ਖੇਤਰ ਵਿੱਚ ਮੋਹਰੀ ਟਾਟਾ ਟੈਕਨਾਲੌਜੀ ਸਭ ਤੋਂ ਸਹੀ ਕੰਪਨੀ ਹੈ। ਇਸ ਐਸੋਸੀਏਸ਼ਨ ਬਾਰੇ ਬੋਲਦਿਆਂ ਸ੍ਰੀ ਆਨੰਦ ਭਾਦੇ, ਪ੍ਰਧਾਨ, ਏ.ਪੀ.ਏ.ਸੀ. ਸੇਲਜ਼, ਗਲੋਬਲ ਮਾਰਕਿਟਿੰਗ ਅਤੇ ਕਮਿਊਨੀਕੇਸ਼ਨਜ਼, ਟਾਟਾ ਟੈਕਨਾਲੌਜੀ ਨੇ ਦੱਸਿਆ ਕਿ ਇਹ ਕੇਂਦਰ ਪੰਜਾਬ ਦੇ ਇੱਕ ਲੱਖ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਰੋਜ਼ਗਾਰ ਲੈਣ ਵਿੱਚ ਸਹਾਇਤਾ ਪ੍ਰਦਾਨ ਕਰਨਗੇ।