• Home
  • ਸਿੱਖਿਆ ਮੰਤਰੀ ਨੂੰ ਮਿਲੇ 5178 ਅਧਿਆਪਕ, ਰੋਸ ਪੱਤਰ ਦੇ ਯਾਦ ਕਰਵਾਇਆ ਵਾਅਦਾ

ਸਿੱਖਿਆ ਮੰਤਰੀ ਨੂੰ ਮਿਲੇ 5178 ਅਧਿਆਪਕ, ਰੋਸ ਪੱਤਰ ਦੇ ਯਾਦ ਕਰਵਾਇਆ ਵਾਅਦਾ

ਸੰਘਰਸ਼ ਕਮੇਟੀ ਦੀ 9 ਫਰਵਰੀ ਦੀ ਪਟਿਆਲਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹੋਣਗੇ ਸ਼ਾਮਿਲ

ਅੰਮ੍ਰਿਤਸਰ:-ਅੱਜ 5178 ਮਾਸਟਰ ਕਾਡਰ ਯੂਨੀਅਨ, ਪੰਜਾਬ ਦਾ ਵਫਦ *ਸੂਬਾ ਮੀਤ ਪ੍ਰਧਾਨ ਵਿਕਰਮਜੀਤ ਮਲੇਰਕੋਟਲਾ* ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਉਹਨਾਂ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਮਿਲਿਆ। ਇਸ ਵਫਦ ਵਿੱਚ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਜ਼ਿਲਾ ਪ੍ਰਧਾਨ ਅਤੇ ਆਗੂ ਸ਼ਾਮਿਲ ਸਨ। ਇਸ ਮੌਕੇ ਵਫਦ ਨੇ ਸਿੱਖਿਆ ਮੰਤਰੀ ਨੂੰ ਉਹਨਾਂ ਵਲੋਂ ਸਮੂਹ 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਨ ਤੇ ਜਨਵਰੀ 2019 ਤੋਂ ਪੁਰੀ ਤਨਖਾਹ ਦੇਣ ਦੇ ਕੀਤੇ ਵਾਅਦੇ ਬਾਰੇ ਯਾਦ ਕਰਵਾਇਆ ਅਤੇ ਸਿੱਖਿਆ ਮੰਤਰੀ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਣ ਕਰਕੇ ਯੂਨੀਅਨ ਵਲੋਂ ਸਿੱਖਿਆ ਮੰਤਰੀ ਨੂੰ ਰੋਸ ਪੱਤਰ ਵੀ ਦਿੱਤਾ ਗਿਆ। ਗੱਲਬਾਤ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਕਾਰਨ ਕਰਕੇ 29 ਜਨਵਰੀ ਦੀ ਕੈਬਨਿਟ ਮੀਟਿੰਗ ਵਿੱਚ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਪਾਸ ਨਹੀਂ ਹੋ ਸਕਿਆ ਪਰ ਅਗਲੀ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ 5178 ਅਧਿਆਪਕਾਂ ਦਾ ਰੈਗੂਲਰ ਦਾ ਮੁੱਦਾ ਹਰ ਹਾਲਤ ਵਿੱਚ ਪਾਸ ਕੀਤਾ ਜਾਵੇਗਾ। ਇਸ ਤੋਂ ਬਾਅਦ 5178 ਅਧਿਆਪਕ ਯੂਨੀਅਨ ਦੇ ਸਮੂਹ ਆਗੂਆਂ ਦੀ ਮੀਟਿੰਗ ਸਥਾਨਕ ਸ਼ਿਵਾਜੀ ਪਾਰਕ, ਅੰਮ੍ਰਿਤਸਰ ਵਿਖੇ ਕੀਤੀ ਗਈ ਅਤੇ ਇਸ ਵਿਚ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਜੇਕਰ ਅਗਲੀ ਕੈਬਿਨੇਟ ਮੀਟਿੰਗ ਜਾਂ 8 ਫਰਵਰੀ ਨੂੰ ਅਧਿਆਪਕ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਮੂਹ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਨਾ ਲਿਆ ਗਿਆ ਤਾਂ 5178 ਯੂਨੀਅਨ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ 9 ਫਰਵਰੀ ਨੂੰ ਅਧਿਆਪਕ ਸੰਘਰਸ਼ ਕਮੇਟੀ ਦੀ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਪਰਿਵਾਰਾਂ ਸਮੇਤ ਸਮੂਲੀਅਤ ਕੀਤੀ ਜਾਵੇਗੀ ।ਇਸ ਮੀਟਿੰਗ ਮੌਕੇ ਸਮੂਹ ਜ਼ਿਲ੍ਹਾ ਅਤੇ ਬਲਾਕ ਪ੍ਰਧਾਨ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਡੀ.ਟੀ.ਐਫ ਅਤੇ ਸੰਘਰਸ਼ ਕਮੇਟੀ ਵੱਲੋਂ ਮੰਗਲ ਟਾਂਡਾ, ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ ਹਾਜ਼ਰ ਸਨ।