• Home
  • ਜਗਰਾਉਂ ਚ ਅਕਾਲੀ ਦਲ ਨੂੰ ਵੱਡਾ ਝਟਕਾ:-ਸਾਬਕਾ ਵਿਧਾਇਕ ਕਲੇਰ ਦੇ ਸਾਥੀ ਚੇਅਰਮੈਨ ਢਿੱਲੋਂ ਨੇ ਕੀਤੀ ਕਾਂਗਰਸ ਚ ਸ਼ਮੂਲੀਅਤ

ਜਗਰਾਉਂ ਚ ਅਕਾਲੀ ਦਲ ਨੂੰ ਵੱਡਾ ਝਟਕਾ:-ਸਾਬਕਾ ਵਿਧਾਇਕ ਕਲੇਰ ਦੇ ਸਾਥੀ ਚੇਅਰਮੈਨ ਢਿੱਲੋਂ ਨੇ ਕੀਤੀ ਕਾਂਗਰਸ ਚ ਸ਼ਮੂਲੀਅਤ

ਜਗਰਾਉਂ /ਲੁਧਿਆਣਾ ,19ਅਪਰੈਲ-- ਐੱਮ ਪੀ ਅਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਜਗਰਾਉਂ ਦੇ ਸੀਨੀਅਰ ਅਕਾਲੀ ਆਗੂ,ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਆਫ਼ੀਸਰਜ਼' ਕਲੱਬ ਦੇ ਸਕੱਤਰ ਮਨਜੀਤ ਇੰਦਰਪਾਲ ਸਿੰਘ ਢਿੱਲੋਂ ਵੱਡੀ ਗਿਣਤੀ ਵਿੱਚ ਹੋਰਨਾਂ ਸੀਨੀਅਰ ਅਕਾਲੀ ਆਗੂਆਂ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ: ਬਿੱਟੂ ਸਾਬਕਾ, ਐੱਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸੋਨੀ ਗਾਲਿਬ, ਗੁਰਦੇਵ ਸਿੰਘ ਲਾਪਰਾਂ ਪ੍ਰਸ਼ੋਤਮ ਖਲੀਫਾ ਅਤੇ ਮੇਜਰ ਸਿੰਘ ਭੈਣੀ ਦੀ ਹਾਜ਼ਰੀ ਵਿੱਚ ਜਗਰਾਉਂ ਸਥਿਤ ਆਪਣੇ ਗ੍ਰਹਿ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਨਵੇਂ ਸ਼ਾਮਿਲ ਹੋਏ ਆਗੂਆਂ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਸ: ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਨਾਲ ਪਾਰਟੀ ਨੂੰ ਜਗਰਾਉਂ ਹਲਕੇ ਵਿੱਚ ਹੋਰ ਵਧੇਰੇ ਮਜ਼ਬੂਤੀ ਮਿਲੇਗੀ ਅਤੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਅਤੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਦਾਅਵਾ ਕੀਤਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਉਪਲੱਬਧ ਰਹੇ ਹਨ ਅਤੇ ਸੰਸਦ ਵਿੱਚ ਸਾਰੇ ਹੀ ਮਹੱਤਵਪੂਰਨ ਮੁੱਦੇ ਉਠਾਉਣ ਦੇ ਨਾਲ-ਨਾਲ ਆਪਣੇ 25 ਕਰੋੜ ਰੁਪਏ ਦੇ ਸੰਸਦੀ ਫੰਡ ਦੀ ਵਰਤੋਂ ਹਲਕੇ ਦੇ ਵਿਕਾਸ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਸਹੀ ਤਰੀਕੇ ਨਾਲ ਕੀਤੀ। ਮੋਦੀ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਸ: ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਚੋਣਾਂ 'ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਸ ਨੇ ਕਿਸਾਨਾਂ, ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਸਮੇਤ ਸਾਰੇ ਵਰਗਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਣਨ ਜਾ ਰਹੀ ਕਾਂਗਰਸ ਸਰਕਾਰ 25 ਕਰੋੜ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਆਮਦਨ ਯਕੀਨੀ ਬਣਾਉਣ ਵਾਲੀ ਨਿਆਈ ਯੋਜਨਾ ਨੂੰ ਤਤਕਾਲ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕੀਤਾ।ਉਨ੍ਹਾਂ ਕਿਹਾ ਕਿ ਯੂ.ਪੀ.ਏ.ਸਰਕਾਰ ਬਣਦੇ ਹੀ ਖੇਤੀਬਾੜੀ ਖੇਤਰ ਲਈ ਇੱਕ ਵੱਖਰਾ ਬਜਟ ਬਜਟ ਲਿਆਂਦਾ ਜਾਵੇਗਾ। ਸ: ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਮੁਕਾਬਲੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਹੈ ਅਤੇ ਅਕਾਲੀ ਦਲ ਨੂੰ ਵੀ ਵੱਖ-ਵੱਖ ਮਾਫੀਆ ਰਾਹੀਂ ਭ੍ਰਿਸ਼ਟਾਚਾਰ ਵਧਾਉਣ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਉਸ ਦੇ ਲੀਡਰਾਂ ਦੀ ਸ਼ਮੂਲੀਅਤ ਕਾਰਨ ਲੋਕਾਂ ਦੇ ਰੋਹ ਦਾ ਸਖ਼ਤ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੰਤ ਸ: ਬਿੱਟੂ ਨੇ ਜਗਰਾਉਂ ਹਲਕੇ ਦੇ 16 ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਆਪਣੇ ਸੰਸਦੀ ਕਾਰਜਕਾਲ ਦੌਰਾਨ ਸੰਸਦ ਅਤੇ ਹਲਕੇ ਵਿੱਚ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ 'ਤੇ ਇਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ ।ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਕਾਮਯਾਬੀ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ।