• Home
  • ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਪਾਣੀ ਕਿਤੇ ਪੰਜਾਬ ਖਿਲਾਫ ਰਿਕਾਰਡ ਤਿਆਰ ਕੀਤੇ ਜਾਣ ਦੀ ਚਾਲ ਤਾਂ ਨਹੀਂ ..?

ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਪਾਣੀ ਕਿਤੇ ਪੰਜਾਬ ਖਿਲਾਫ ਰਿਕਾਰਡ ਤਿਆਰ ਕੀਤੇ ਜਾਣ ਦੀ ਚਾਲ ਤਾਂ ਨਹੀਂ ..?

ਚੰਡੀਗੜ:- ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਦੀਆਂ ਸਾਰੀਆਂ ਨਹਿਰਾਂ ਸੁੱਕੀਆਂ ਹੋਣ ਅਤੇ ਕਿਸਾਨਾਂ ਵੱਲੋਂ ਪਾਣੀ ਦੀ ਘਾਟ ਕਾਰਨ ਸਰਕਾਰ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਸਰਕਾਰ ਵੱਲੋਂ ਰੋਜਾਨਾ ਵੱਡੇ ਪੱਧਰ ਉੱਪਰ ਪਾਕਿਸਤਾਨ ਨੂੰ ਪਾਣੀ ਰਿਲੀਜ ਕੀਤੇ ਜਾਣ ਉੱਪਰ ਸਵਾਲ ਖੜੇ ਕੀਤੇ। ਖਹਿਰਾ ਨੇ ਕਿਹਾ ਕਿ ਉਹਨਾਂ ਨੇ ਚੰਦ ਦਿਨ ਪਹਿਲਾਂ ਹਰੀਕੇ ਹੈਡਵਰਕਸ ਦਾ ਮੂਆਇਨਾ ਕੀਤਾ ਸੀ ਜਿਥੇ ਉਹਨਾਂ ਨੇ ਪਾਇਆ ਕਿ ਰੋਜਾਨਾ ਪਾਕਿਸਤਾਨ ਨੂੰ ਲਗਭਗ 15 ਤੋਂ 20 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਜਦਕਿ ਭਾਖੜਾ ਡੈਮ ਦੇ ਵਾਟਰ ਲੈਵਲ ਦੇ ਵੱਧਣ ਦਾ ਕੋਈ ਵੀ ਖਤਰਾ ਨਹੀਂ ਹੈ ਤਾਂ ਇੰਨੇ ਵੱਡੇ ਪੱਧਰ ਉੱਪਰ ਪਾਣੀ ਛੱਡਿਆ ਜਾਣਾ ਸਮਝ ਤੋਂ ਪਰੇ ਹੈ। ਖਹਿਰਾ ਨੇ ਕਿਹਾ ਕਿ ਜਿਥੇ ਇੰਨੇ ਵੱਡੇ ਪੱਧਰ ਉੱਪਰ ਪਾਕਿਸਤਾਨ ਨੂੰ ਸਾਡਾ ਬੇਸ਼ਕੀਮਤੀ ਪਾਣੀ ਛੱਡਿਆ ਜਾ ਰਿਹਾ ਹੈ ਉਥੇ ਸਾਡੀਆਂ ਮੁੱਖ ਨਹਿਰਾਂ ਅਤੇ ਸੂਏ ਲਗਭਗ ਸੁੱਕੇ ਪਏ ਹਨ ਜਿਸ ਕਾਰਨ ਸਾਡੇ ਕਿਸਾਨਾਂ ਅਤੇ ਸਧਾਰਨ ਨਾਗਰਿਕਾਂ ਦੇ ਦੁੱਖਾਂ ਵਿੱਚ ਵਾਧਾ ਹੋ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਦੋਆਬਾ ਅਤੇ ਮਾਝਾ ਦੀਆਂ ਮੁੱਖ ਨਹਿਰਾਂ ਬਿਸਤ ਦੋਆਬ ਨਹਿਰ ਅਤੇ ਅੱਪਰ ਬਾਰੀ ਦੋਆਬ ਨਹਿਰ ਵਿੱਚ ਸਿੰਚਾਈ ਲਈ ਬਿਲਕੁਲ ਵੀ ਪਾਣੀ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਸਾਡੀਆਂ ਮਾਲਵਾ ਦੀਆਂ ਮੁੱਖ ਨਹਿਰਾਂ ਜਾਂ ਤਾਂ ਬਿਲਕੁਲ ਸੁੱਕੀਆਂ ਚੱਲ ਰਹੀਆਂ ਹਨ ਜਾਂ ਫਿਰ ਉਹਨਾਂ ਵਿੱਚ ਨਾਂਮਾਤਰ ਪਾਣੀ ਹੈ। ਮਿਸਾਲ ਦੇ ਤੋਰ ਉੱਤੇ ਮੁਕਤਸਰ ਅਤੇ ਫਿਰੋਜਪੁਰ ਨੂੰ ਪਾਣੀ ਦੇਣ ਵਾਲੀ ੩੦੦੦ ਕਿਊਸਿਕ ਸਮੱਰਥਾ ਵਾਲੀ ਈਸਟਰਨ ਨਹਿਰ ਪੂਰੀ ਤਰਾਂ ਨਾਲ ਸੁੱਕੀ ਹੈ। ਇਸੇ ਤਰਾਂ ਹੀ ਗੋਲੇਵਾਲਾ ਮਾਈਨਰ ਅਤੇ ਫਰੀਦਕੋਟ ਦੀਆਂ ਛੋਟੀਆਂ ਨਹਿਰਾ ਸੂਏ ਮੁਕੰਮਲ ਤੋਰ ਉੱਪਰ ਸੁੱਕੇ ਹੋਏ ਹਨ, 500 ਕਿਊਸਿਕ ਸਮੱਰਥਾ ਵਾਲਾ ਲਾਧੂ ਕੇ ਵਾਲਾ ਮਾਈਨਰ ਵੀ ਸੁੱਕਾ ਪਿਆ ਹੈ, ਪਾਕਿਸਤਾਨ ਬਾਰਡਰ ਦੇ ਨਾਲ ਨਾਲ ਵੱਗਣ ਵਾਲੀ 250 ਕਿਊਸਿਕ ਸਮੱਰਥਾ ਵਾਲੀ ਲਛਮਣ ਨਹਿਰ ਪੂਰੀ ਤਰਾਂ ਨਾਲ ਸੁੱਕੀ ਪਈ ਹੈ, 250 ਕਿਊਸਿਕ ਸਮੱਰਥਾ ਵਾਲੇ ਬੋਹਾ ਰਜਵਾਹੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ, 2300 ਕਿਊਸਿਕ ਵਾਲੀ ਬਠਿੰਡਾ ਨਹਿਰ ਵਿੱਚ ਸਿਰਫ 250 ਕਿਊਸਿਕ ਪਾਣੀ ਹੈ, 600 ਕਿਊਸਿਕ ਵਾਲੀ ਫਰੀਦਕੋਟ ਨਹਿਰ ਵੀ ਸੁੱਕੀ ਪਈ ਹੈ।
ਖਹਿਰਾ ਨੇ ਕਿਹਾ ਕਿ ਹੈਰਾਨੀਜਨਕ ਢੰਗ ਨਾਲ 9000 ਕਿਊਸਿਕ ਵਾਲਾ ਰਾਜਸਥਾਨ ਫੀਡਰ ਅਤੇ 2500 ਕਿਊਸਿਕ ਵਾਲੀ ਗੰਗ ਨਹਿਰ ਵਿੱਚ ਸਮੱਰਥਾ ਤੋਂ ਵੱਧ ਪਾਣੀ ਹੈ ਅਤੇ ਅੋਵਰ ਫਲੋਅ ਹੈ। ਰਾਜਸਥਾਨ ਨੂੰ ਇੰਨੇ ਵੱਡੇ ਪੱਧਰ ਉੱਪਰ ਪਾਣੀ ਕਿਉਂ ਭੇਜਿਆ ਜਾ ਰਿਹਾ ਹੈ ਜਦਕਿ ਪੰਜਾਬ ਦੀਆਂ ਨਹਿਰਾਂ ਸੁੱਕੀਆ ਪਈਆਂ ਹਨ?
ਖਹਿਰਾ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਸਿੱਖਰਾਂ ਉੱਪਰ ਗਰਮੀ ਹੋਣ ਦੇ ਸਮੇਂ ਨਹਿਰੀ ਪਾਣੀ ਦੀ ਵੱਡੀ ਘਾਟ ਕਾਰਨ ਕਿਸਾਨਾਂ ਵਿੱਚ ਚੀਖ ਚਿਹਾੜਾ ਮੱਚਿਆ ਹੋਇਆ ਹੈ ਜਿਸ ਕਾਰਨ ਮਾਨਸਾ ਅਤੇ ਬਰਨਾਲਾ ਵਰਗੇ ਅਨੇਕਾਂ ਜਿਲਾ ਹੈਡਕੁਆਟਰਾਂ ਵਿੱਚ ਧਰਨੇ ਲੱਗ ਰਹੇ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਟੇਲ ਉੱਪਰ ਰਹਿਣ ਵਾਲੇ ਮਾਲਵੇ ਦੇ ਲੋਕ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਹਨ।
ਖਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਇਜ ਹੱਕੀ ਦਰਿਆਈ ਪਾਣੀਆਂ ਦੇ ਮਾਮਲਿਆਂ ਵਿੱਚ ਪਹਿਲਾਂ ਹੀ ਪੰਜਾਬ ਨਾਲ ਪੱਖਪਾਤ ਅਤੇ ਧੋਖਾ ਕੀਤਾ ਗਿਆ ਹੈ ਜਦ ਇਸ ਦੇ ਕੀਮਤੀ ਪਾਣੀ ਭਾਰਤ ਦੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨਾਂ ਨੂੰ ਛਿੱਕੇ ਉੱਤੇ ਟੰਗ ਕੇ ਰਾਜਸਥਾਨ ਅਤੇ ਹਰਿਆਣਾ ਨੂੰ ਦੇ ਦਿੱਤੇ ਗਏ ਸਨ। ਖਹਿਰਾ ਨੇ ਕਿਹਾ ਕਿ ਇਹ ਸੱਭ ਜਾਣਦੇ ਹਨ ਕਿ ਪੀ.ਏ.ਯੂ ਦੇ ਖੇਤੀਬਾੜੀ ਮਾਹਿਰਾਂ ਦੇ ਅੰਦਾਜੇ ਅਨੁਸਾਰ ਪਿਛਲੇ ਅਨੇਕਾਂ ਦਹਾਕਿਆਂ ਵਿੱਚ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਤਰੀਕੇ ਨਾਲ ਮਿਲੇ ਪਾਣੀ ਦਾ ਇਕੱਲੇ ਰਾਜਸਥਾਨ ਨੇ ਪੰਜਾਬ ਦਾ ਲਗਭਗ 16 ਲੱਖ ਕੋਰੜ ਰੁਪਏ ਦੇਣਾ ਹੈ।
ਖਹਿਰਾ ਨੇ ਕਿਹਾ ਕਿ ਰਫ ਅੰਦਾਜੇ ਅਨੁਸਾਰ 31 ਮਈ 2019 ਰੋਜਾਨਾ ਪਾਕਿਸਤਾਨ ਨੂੰ ਵੱਗ ਰਹੇ ਲਗਭਗ 18 ਹਜਾਰ ਕਿਊਸਿਕ ਪਾਣੀ ਦਾ 1 ਰੁਪਏ ਫੀ ਲੀਟਰ ਦੇ ਹਿਸਾਬ ਨਾਲ ਪੰਜਾਬ ਨੂੰ ਹਰ ਰੋਜ 4400 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। 
ਖਹਿਰਾ ਨੇ ਕਿਹਾ ਕਿ ਇਹ ਵੀ ਪੂਰੀ ਤਰਾਂ ਨਾਲ ਸੰਭਵ ਹੈ ਕਿ  ਇੰਨੇ ਵੱਡੇ ਉੱਪਰ ਪਾਕਿਸਤਾਨ ਨੂੰ ਪਾਣੀ ਛੱਡੇ ਜਾਣ ਨੂੰ ਮੰਨਜੂਰੀ ਦੇ ਕੇ ਭਾਰਤ ਸਰਕਾਰ ਸੁਪਰੀਮ ਕੋਰਟ ਵਿੱਚ ਪਾਣੀਆਂ ਦੇ ਚੱਲ ਰਹੇ ਅਨੇਕਾਂ ਮਾਮਲਿਆਂ ਵਿੱਚ ਪੰਜਾਬ ਖਿਲਾਫ ਰਿਕਾਰਡ ਇਕੱਠਾ ਕਰ ਰਹੀ ਹੋਵੇ।
ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਰੀਗੇਸ਼ਨ ਮੰਤਰੀ ਵੀ ਹਨ ਕੋਲੋਂ ਮੰਗ ਕੀਤੀ ਕਿ ਉਹ ਡੂੰਘੀ ਨੀਂਦ ਵਿੱਚੋਂ ਜਾਗਣ ਅਤੇ ਪਾਕਿਸਤਾਨ ਨੂੰ ਵੱਡੇ ਪੱਧਰ ਉੱਪਰ ਜਾ ਰਹੇ ਪਾਣੀ ਨੂੰ ਰੋਕਣ ਅਤੇ ਇਸ 15 ਤੋਂ 20ਹਜਾਰ ਕਿਊਸਿਕ ਪਾਣੀ ਨੂੰ ਸੁਬੇ ਦੇ ਨਹਿਰੀ ਨੈਟਵਰਕ ਵਿੱਚ ਸਹੀ ਢੰਗ ਨਾਲ ਵੰਡਣ ਤਾਂ ਜੋ ਕਿ ਕਿਸਾਨ ਆਪਣੀਆਂ ਮੋਜੂਦਾ ਫਸਲਾਂ ਦੀ ਸਿੰਚਾਈ ਕਰ ਸਕਣ, ਝੋਨੇ ਦੀ ਬਿਜਾਈ ਲਈ ਵੀ ਤਿਆਰ ਹੋ ਸਕਣ ਅਤੇ ਜਮੀਨ ਹੇਠਲਾ ਪਣੀ ਵੱਧ ਤੋਂ ਵੱਧ ਰਿਚਾਰਜ ਹੋ ਸਕੇ।