• Home
  • ਪਾਕਿਸਤਾਨੀ ਸੰਸਦ ਮੈਂਬਰ ਬੀਬੀ ਨੂੰ ਚਿੰਤਾ ਹੈ ਬਾਬੇ ਦੇ ਖੇਤਾਂ ਦੀ-ਕਿਹਾ, ਉਥੇ ਅਨਾਜ ਪੈਦਾ ਕਰ ਕੇ ਭੁੱਖਿਆਂ ਦੇ ਢਿੱਡ ਭਰੋ

ਪਾਕਿਸਤਾਨੀ ਸੰਸਦ ਮੈਂਬਰ ਬੀਬੀ ਨੂੰ ਚਿੰਤਾ ਹੈ ਬਾਬੇ ਦੇ ਖੇਤਾਂ ਦੀ-ਕਿਹਾ, ਉਥੇ ਅਨਾਜ ਪੈਦਾ ਕਰ ਕੇ ਭੁੱਖਿਆਂ ਦੇ ਢਿੱਡ ਭਰੋ

ਇਸਲਾਮਾਬਾਦ : ਪਿਛਲੇ ਕੁਝ ਮਹੀਨਿਆਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਪਾਕਿ ਸਰਕਾਰ ਨੇ ਐਲਾਨ ਕੀਤਾ ਕਿ ਕਰਤਾਰਪੁਰ ਸਾਹਿਬ ਨੂੰ ਵਿਸ਼ਵ ਪੱਧਰ ਦਾ ਸ਼ਹਿਰ ਬਣਾਉਣ ਲਈ ਇਥੇ ਦੱਬ ਕੇ ਵਿਕਾਸ ਕਰਵਾਇਆ ਜਾਵੇਗਾ। ਪਾਕਿ ਸਰਕਾਰ ਨੇ ਐਲਾਨ ਕੀਤਾ ਕਿ ਇਥੇ ਕਈ ਪੰਜ ਤਾਰਾ ਹੋਟਲਾਂ ਦੀ ਉਸਾਰੀ ਕੀਤੀ ਜਾਵੇਗੀ। ਪਾਕਿ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਗੁਰਦਵਾਰਾ ਸਾਹਿਬ ਦੇ ਨੇੜੇ ਕੋਈ ਉਸਾਰੀ ਨਾ ਕਰਵਾਈ ਜਾਵੇ। 
ਹੁਣ ਪਾਕਿਸਤਾਨ ਦੀ ਇੱਕ ਬੀਬੀ ਵੀ ਸਿੱਧੂ ਦੀ ਰਾਇ ਨਾਲ ਇਤਫ਼ਾਕ ਰੱਖਦੀ ਹੈ। ਇਹ ਬੀਬੀ ਪਾਕਿ ਅਸੈਂਬਲੀ ਮੈਂਬਰ ਮੋਮਿਨਾ ਵਹੀਦ ਹੈ। ਮੋਮਿਨਾ ਵਹੀਦ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਵੱਡੇ ਪੱਧਰ ਉਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਜਿਸ ਨਾਲ ਗੁਰੂ ਨਾਨਕ ਦੇਵ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ। ਉਨਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਗੁਰੂ ਨਾਨਕ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ। ਉਥੇ ਹੀ ਅਸੈਂਬਲੀ ਮੈਂਬਰ ਮੋਮਿਨਾ ਵਹੀਦ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਥੇ 18 ਸਾਲਾਂ ਤਕ ਆਪ ਹਲ ਵਾਹ ਕੇ ਅਨਾਜ ਪੈਦਾ ਕੀਤਾ ਸੀ, ਉਥੇ ਅੱਜ ਵੀ ਅਨਾਜ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉਥੇ ਉਗਾਈਆਂ ਫ਼ਸਲਾਂ ਤੇ ਅਨਾਜ ਦਾ ਲੰਗਰ ਛਕਾਇਆ ਜਾਵੇ।ਬੀਬੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਬਾਬਾ ਭੁਖਿਆਂ ਨੂੰ ਰਜਾਉਂਦਾ ਸੀ ਤੇ ਉਸ ਦੇ ਘਰ ਆ ਕੇ ਹਰੇਕ ਰੱਜ ਕੇ ਜਾਵੇ।