• Home
  • ਕੈਪਟਨ ਦੀ ਏਸ਼ੀਅਨ ਵਿਕਾਸ ਬੈਂਕ ਨੂੰ ਅਪੀਲ-ਕਰਜ਼ੇ ਦੇ ਪ੍ਰਸਤਾਵਾਂ ਨੂੰ ਦਿਉ ਪ੍ਰਵਾਨਗੀ

ਕੈਪਟਨ ਦੀ ਏਸ਼ੀਅਨ ਵਿਕਾਸ ਬੈਂਕ ਨੂੰ ਅਪੀਲ-ਕਰਜ਼ੇ ਦੇ ਪ੍ਰਸਤਾਵਾਂ ਨੂੰ ਦਿਉ ਪ੍ਰਵਾਨਗੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ 3127 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਵਾਸਤੇ ਸੂਬੇ ਦੇ ਕਰਜ਼ ਪ੍ਰਸਤਾਵਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦਿਵਾਉਣ ਲਈ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ) ਦੇ ਕੰਟਰੀ ਡਾਇਰੈਕਟਰ ਕੇਨਿਚੀ ਯੋਕੋਯਾਮਾ ਨੂੰ ਅਪੀਲ ਕੀਤੀ ਹੈ।
ਇਨਾਂ ਪ੍ਰਾਜੈਕਟਾਂ ਵਿੱਚ ਜਲੰਧਰ ਅਤੇ ਪਟਿਆਲਾ ਲਈ 24x7 ਸਤਹੀ ਜਲ ਸਪਲਾਈ ਪ੍ਰਣਾਲੀ ਸਣੇ ਸੂਬੇ ਭਰ ਵਿੱਚ ਇਤਿਹਾਸਕ ਸਮਾਰਕਾਂ ਅਤੇ ਇਮਾਰਤਾਂ ਦੀ ਸਾਂਭ-ਸੰਭਾਲ ਸਬੰਧੀ ਪ੍ਰਾਜੈਕਟ ਸ਼ਾਮਲ ਹਨ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਯੋਕੋਯਾਮਾ ਨੂੰ ਦੱਸਿਆ ਕਿ ਪੰਜਾਬ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਨਾਂ ਦੇ ਚਾਰ ਪ੍ਰਮੁਖ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਜ਼ਿਆਦਾ ਹੈ। ਉਨਾਂ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਇਨ•ਾਂ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲਾ ਮਿਆਰੀ ਪਾਣੀ ਮੁਹਈਆ ਕਰਵਾਉਣ ਦੇ ਵਾਸਤੇ ਟਿਊਬਲ ਦੇ ਪਾਣੀ ਦੀ ਸਪਲਾਈ ਦੀ ਥਾਂ ਨਹਿਰਾਂ ਦੇ ਪਾਣੀ ਦੀ ਸਪਲਾਈ ਕਰਨ ਵਾਸਤੇ ਵਿਆਪਕ ਯੋਜਨਾ ਤਿਆਰ ਕੀਤੀ ਹੈ।
ਸੂਬੇ ਦੀ ਅਮੀਰ ਵਿਰਾਸਤ ਦੀ ਸਾਂਭ-ਸੰਭਾਲ ਅਤੇ ਸੈਰ-ਸਪਾਟੇ ਨੂੰ ਬੜ•ਾਵਾ ਦੇਣ ਦੀ ਮਹਤੱਤਾ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਇਤਿਹਾਸਕ ਸਮਾਰਕਾਂ ਅਤੇ ਇਮਾਰਤਾਂ ਦੀ ਬਹਾਲੀ ਅਤੇ ਸਾਂਭ-ਸੰਭਾਲ ਸਬੰਧੀ ਪ੍ਰਾਜੈਕਟ ਵਾਸਤੇ ਫੰਡ ਦਿੱਤੇ ਜਾਣ ਦੀ ਜ਼ਰੂਰਤ ਲਈ ਏ.ਡੀ.ਬੀ ਦੇ ਕੰਟਰੀ ਹੈਡ ਉੱਤੇ ਜ਼ੋਰ ਪਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਅਜਾਇਬ ਘਰ ਦੇ ਸਣੇ ਸੱਮੁਚਾ ਰਿਕਾਰਡ ਇਕ ਥਾਂ ਦੇ 'ਤੇ ਰੱਖਣ ਲਈ ਪਟਿਆਲਾ ਅਤੇ ਮੋਹਾਲੀ ਦੇ ਵਿਚਕਾਰ ਵਿਸ਼ਵ ਪੱਧਰੀ ਪੰਜਾਬ ਸਟੇਟ ਆਰਕਾਈਵਜ਼ ਐਂਡ ਲਾਈਬ੍ਰੇਰੀ ਵਿਕਸਿਤ ਕਰਨ ਦਾ ਪ੍ਰਸਤਾਵ ਕੀਤਾ ਹੈ।
ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਨੇ ਏ.ਡੀ.ਬੀ ਦੀ ਟੀਮ ਨੂੰ ਦੱਸਿਆ ਕਿ ਪਟਿਆਲਾ ਦੇ ਵਿਰਾਸਤੀ ਸ਼ਹਿਰ ਵਿੱਚ ਮੁੜ ਬਹਾਲੀ ਅਤੇ ਸਾਂਭ-ਸੰਭਾਲ ਦੇ ਪ੍ਰਾਜੈਕਟ 'ਤੇ 183 ਕਰੋੜ ਰੁਪਏ, ਕਪੂਰਥਲਾ ਵਿਖੇ 125 ਕਰੋੜ ਰੁਪਏ, ਮਲੇਰਕੋਟਲਾ ਵਿਖੇ 70 ਕਰੋੜ ਰੁਪਏ, ਫ਼ਰੀਦਕੋਟ ਵਿਖੇ 32 ਕਰੋੜ ਰੁਪਏ, ਨਾਭਾ ਵਿਖੇ 100 ਕਰੋੜ ਰੁਪਏ, ਬਠਿੰਡਾ ਵਿਖੇ 40 ਕਰੋੜ ਰੁਪਏ, ਦੋਰਾਹਾ ਦੀ ਮੁਗਲ ਸਰਾਏ ਦੀ ਬਹਾਲੀ 'ਤੇ 10 ਕਰੋੜ ਰੁਪਏ, ਹਰੀਕੇ ਪੱਤਣ ਵਿਖੇ ਈਕੋ-ਸੈਰ ਸਪਾਟੇ ਨੂੰ ਬੜਾਵਾ ਦੇਣ ਲਈ 150 ਕਰੋੜ ਰੁਪਏ, ਸ੍ਰੀ ਗੁਰੂ ਰਵੀ ਦਾਸ ਜੀ ਅਤੇ ਭਾਈ ਜੈਤਾ ਜੀ ਦੀਆਂ ਯਾਦਗਾਰਾਂ ਲਈ ਚਲ ਰਹੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ 65 ਕਰੋੜ ਰੁਪਏ ਖਰਚੇ ਜਾਣਗੇ।
ਇਸ ਤੋਂ ਇਲਾਵਾ ਮੁੱਦਕੀ, ਫਿਰੋਜ਼ਸ਼ਾਹ ਅਤੇ ਸਭਰਾਵਾਂ ਵਿਖੇ ਐਂਗਲੋ-ਸਿੱਖ ਜੰਗੀ ਯਾਦਗਾਰ 'ਤੇ 10 ਕਰੋੜ ਰੁਪਏ, ਮਹਾਨ ਸ਼ਹੀਦਾਂ ਉਧਮ ਸਿੰਘ, ਮਦਨ ਲਾਲ ਢੀਂਗਰਾ ਅਤੇ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਸਮਾਰਕਾਂ ਦੇ ਨਿਰਮਾਣ 'ਤੇ 10 ਕਰੋੜ ਰੁਪਏ, ਉੱਘੀਆ ਸਾਹਿਤਕ ਸਖਸ਼ੀਅਤਾਂ ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ ਅਤੇ ਸਾਹਿਰ ਲੁਧਿਆਣਵੀ ਦੇ ਜੱਦੀ ਘਰਾਂ ਦੀ ਸਾਂਭ-ਸੰਭਾਲ ਦੇ ਕਾਰਜ਼ ਵਾਸਤੇ 10 ਕਰੋੜ ਰੁਪਏ ਖਰਚੇ ਜਾਣਗੇ।
ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਐਮ ਐਸ ਜੱਗੀ, ਪ੍ਰਾਜੈਕਟ ਅਫਸਰ ਏ.ਡੀ.ਬੀ ਵਿਵੇਕ ਵਿਸ਼ਾਲ ਹਾਜ਼ਰ ਸਨ।