• Home
  • ਮੋਹਾਲੀ ਜਬਰ ਜਨਾਹ ਮਾਮਲੇ ਚ ਦਰਿੰਦਾ ਕਾਬੂ :-ਲੜਕੀਆਂ ਨੂੰ ਕੈਬ ਚ ਲਿਫਟ ਦੇ ਕੇ ਬਣਾਉਂਦਾ ਸੀ ਹਵਸ ਦਾ ਸ਼ਿਕਾਰ :-ਪੜ੍ਹੋ -ਪ੍ਰੈੱਸ ਕਾਨਫਰੰਸ ਚ ਵੱਡਾ ਖੁਲਾਸਾ

ਮੋਹਾਲੀ ਜਬਰ ਜਨਾਹ ਮਾਮਲੇ ਚ ਦਰਿੰਦਾ ਕਾਬੂ :-ਲੜਕੀਆਂ ਨੂੰ ਕੈਬ ਚ ਲਿਫਟ ਦੇ ਕੇ ਬਣਾਉਂਦਾ ਸੀ ਹਵਸ ਦਾ ਸ਼ਿਕਾਰ :-ਪੜ੍ਹੋ -ਪ੍ਰੈੱਸ ਕਾਨਫਰੰਸ ਚ ਵੱਡਾ ਖੁਲਾਸਾ

ਐਸ. ਏ. ਐਸ. ਨਗਰ, 25 ਅਪ੍ਰੈਲ:- "ਖ਼ਬਰ ਬਾਰੇ ਡਾਟ ਕਾਮ " ਉਸ ਪੀੜਤ ਲੜਕੀ ਨੂੰ ਸਲੂਟ ਕਰਦਾ ਹੈ ,ਜਿਸ ਨੇ ਖੁਦ ਆਪਣੇ ਨਾਲ ਜਬਰ ਜਿਨਾਹ ਕਰਨ ਵਾਲੇ ਅਜਿਹੇ ਦਰਿੰਦੇ ਨੂੰ ਸਲਾਖਾਂ ਪਿੱਛੇ ਕਰਵਾਉਣ ਲਈ ਸਾਹਮਣੇ ਆ ਕੇ ਲੜਾਈ ਲੜੀ , ਜਿਸ ਨੇ ਇੱਕ ਨਹੀਂ ਸਗੋਂ ਅੱਧੀ ਦਰਜਨ ਤੋਂ ਵਧੇਰੇ ਲੜਕੀਆਂ ਨੂੰ ਸ਼ਿਕਾਰ ਬਣਾਇਆ ਸੀ , ਭਾਵੇਂ ਇਸ ਪੀੜਤਾਂ ਨੂੰ ਆਪਣੇ ਨਾਲ ਹੋਏ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਉਣ ਲਈ ਪੁਲਸ ਥਾਣਿਆਂ ਦੇ ਧੱਕੇ ਖਾਣੇ ਪਏ ।

ਕੁਝ ਦਿਨ ਪਹਿਲਾਂ ਕੈਬ (ਟੈਕਸੀ )ਦੇ ਡਰਾਈਵਰ ਵੱਲੋਂ ਮੁਹਾਲੀ ਦੇ ਕੁੰਭੜਾ ਚੌਕ ਤੋਂ ਲੈਫਟ ਦੇ ਕੇ ਬਿਠਾਈ ਲੜਕੀ ਨਾਲ ਮਿਊਸਪਲ ਕਾਰਪੋਰੇਸ਼ਨ ਭਵਨ ਮੋਹਾਲੀ ਦੇ ਨੇੜੇ ਸੁੰਨਸਾਨ ਥਾਂ ਤੇ ਕਾਰ ਵਿੱਚ ਹੀ ਜਬਰ ਜਨਾਹ ਕਰਨ ਦੇ ਮਾਮਲੇ ਤੋਂ ਮੁਹਾਲੀ ਪੁਲੀਸ ਨੇ ਪਰਦਾ ਚੁੱਕਦਿਆਂ ਇੱਕ ਅਜਿਹੇ ਦਰਿੰਦੇ ਨੂੰ ਕਾਬੂ ਕੀਤਾ ਹੈ ,ਜਿਸ ਨੇ ਇੱਕ ਨਹੀਂ ਸਗੋਂ ਅੱਧੀ ਦਰਜਨ ਤੋਂ ਵਧੇਰੇ ਲੜਕੀਆਂ ਨੂੰ ਕੈਬ ਚ ਲਿਫ਼ਟ ਦੇ ਬਹਾਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ।

ਇਸ ਸਬੰਧੀ ਇਥੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਆਈ. ਜੀ. ਰੂਪਨਗਰ ਰੇਂਜ ਸ਼੍ਰੀਮਤੀ ਵੀ. ਨੀਰਜਾ ਨੇ ਦੱਸਿਆ ਕਿ ਥਾਣਾ ਸੋਹਾਣਾ ਦੇ ਏਰੀਏ ਵਿੱਚ 15 ਅਪ੍ਰੈਲ 2019 ਨੂੰ ਇਕ ਕਾਰ ਸਵਾਰ ਵੱਲੋਂ ਕਾਲ ਸੈਂਟਰ ਦੀ ਮੁਲਾਜ਼ਮ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਸੋਹਾਣਾ ਵਿਖੇ 16 ਅਪ੍ਰੈਲ ਨੂੰ ਆਈ. ਪੀ. ਸੀ. ਧਾਰਾ 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਤਫਤੀਸ਼ ਲਈ ਜ਼ਿਲ੍ਹਾ ਪੁਲਿਸ ਮੁਖੀ ਐਸ. ਏ. ਐਸ. ਨਗਰ ਹਰਚਰਨ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਐਸ. ਪੀ. (ਜਾਂਚ) ਵਰੁਣ ਸ਼ਰਮਾ, ਐਸ. ਪੀ. (ਸਿਟੀ) ਮੁਹਾਲੀ ਸ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. (ਸਿਟੀ-2) ਮੁਹਾਲੀ. ਰਮਨਦੀਪ ਸਿੰਘ, ਡੀ. ਐਸ. ਪੀ. (ਜਾਂਚ ) ਗੁਰਦੇਵ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਟ ਖਰੜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਐਸ. ਆਈ. ਸੁਖਦੀਪ ਕੌਰ ਨੇ ਜਾਂਚ-ਪੜਤਾਲ ਕੀਤੀ।

ਆਈ. ਜੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਗਈ ਈਟੀਓਸ ਲੀਵਾ ਕਾਰ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਨਾਖਤੀ ਪਰੇਡ ਕਰਵਾਉਣ ਕਾਰਨ ਮੁਲਜ਼ਮ ਦਾ ਨਾਂ ਗੁਪਤ ਰੱਖਿਆ ਗਿਆ ਹੈ। ਮੁਲਜ਼ਮ ਨੇ ਚਾਰ ਹੋਰ ਲੜਕੀਆਂ ਨਾਲ ਛੇੜਛਾੜ ਅਤੇ ਚਾਰ ਲੜਕੀਆਂ ਨਾਲ ਜਬਰ-ਜਨਾਹ ਦਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ ਪੁਲਿਸ ਕੋਲ ਦਰਜ ਨਹੀਂ ਹੋਏ ਸਨ। ਹੁਣ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਕੇਸਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਸ਼੍ਰੀਮਤੀ ਵੀ. ਨੀਰਜਾ ਨੇ ਦੱਸਿਆ ਕਿ ਮੁਲਜ਼ਮ ਨੇ 12-13 ਅਕਤੂਬਰ 2018 ਦੀ ਰਾਤ ਨੂੰ ਫੇਜ਼-5 ਵਿਚੋਂ 13 ਸਾਲ ਦੀ ਲੜਕੀ ਨੂੰ ਅਗਵਾ ਕੀਤਾ ਸੀ। ਇਸ ਸਬੰਧੀ ਫੇਜ਼-1 ਦੇ ਥਾਣੇ ਵਿੱਚ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਭਲਕੇ ਮੁਲਜ਼ਮ ਦੀ ਸ਼ਨਾਖਤ ਪਰੇਡ ਕਰਵਾਈ ਜਾਵੇਗੀ।

ਆਈ. ਜੀ. ਵੀ. ਨੀਰਜਾ ਅਤੇ ਜ਼ਿਲ੍ਹਾ ਪੁਲਿਸ ਮੁਖੀ . ਹਰਚਰਨ ਸਿੰਘ ਭੁੱਲਰ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਣਜਾਨ ਵਿਅਕਤੀ ਕੋਲੋਂ ਲਿਫਟ ਨਾ ਲੈਣ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਪੁਲਸਿੰਗ ਵਿੰਗ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਮੋਬਾਇਲ ਐਪ 'ਸ਼ਕਤੀ' ਜਾਰੀ ਕੀਤਾ ਗਿਆ ਹੈ। ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੀ ਮਦਦ ਨਾਲ ਵਰਤੋਂਕਾਰ ਆਪਣੇ ਰਿਸ਼ਤੇਦਾਰਾਂ ਅਤੇ ਹੋਰ 10 ਨੰਬਰਾਂ 'ਤੇ ਮਦਦ ਲਈ ਇਕ ਬਟਨ ਦਬਾਉਣ ਨਾਲ ਸੰਦੇਸ਼ ਭੇਜ ਸਕਦਾ ਹੈ। ਇਸ ਐਪ ਰਾਹੀਂ ਵਰਤੋਂਕਾਰ ਨੂੰ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਦਾ ਪਤਾ ਲੱਗੇਗਾ ਅਤੇ ਸਬੰਧਤ ਐਸ. ਐਚ. ਓ. ਅਤੇ ਡੀ. ਐਸ. ਪੀ. ਦੇ ਫੋਨ ਨੰਬਰ ਮਿਲ ਜਾਣਗੇ।