• Home
  • ਨਵੇਂ ਬਿਜਲੀ ਮੰਤਰੀ ਨਵਜੋਤ ਸਿੱਧੂ ਨੂੰ ‘ਆਪ’ ਵਿਧਾਇਕ ਨੇ ਲਿਖਿਆ ਪੱਤਰ- ਨਿੱਜੀ ਥਰਮਲ ਪਲਾਂਟਾਂ ਨਾਲ ਬਾਦਲਾਂ ਸਮੇਂ ਹੋਏ ਸਮਝੌਤੇ ਤੁਰੰਤ ਰੱਦ ਕਰਨ

ਨਵੇਂ ਬਿਜਲੀ ਮੰਤਰੀ ਨਵਜੋਤ ਸਿੱਧੂ ਨੂੰ ‘ਆਪ’ ਵਿਧਾਇਕ ਨੇ ਲਿਖਿਆ ਪੱਤਰ- ਨਿੱਜੀ ਥਰਮਲ ਪਲਾਂਟਾਂ ਨਾਲ ਬਾਦਲਾਂ ਸਮੇਂ ਹੋਏ ਸਮਝੌਤੇ ਤੁਰੰਤ ਰੱਦ ਕਰਨ

ਚੰਡੀਗੜ, 7 ਜੂਨ 2019
    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਨਵ-ਨਿਯੁਕਤ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੇਕਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਸੱਚ-ਮੁੱਚ ਮੁੱਦਈ ਹਨ ਤਾਂ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਪੀਜ਼) ਨੂੰ ਤੁਰੰਤ ਰੱਦ ਕਰਨ ਜਾਂ ਨਵੀਆਂ ਜਾਇਜ਼ ਸ਼ਰਤਾਂ ਤਹਿਤ ਇਨਾਂ ਸਾਰੇ ਸਮਝੌਤਿਆਂ ਦੀ ਨਜ਼ਰਸਾਨੀ ਕਰਕੇ ਨਵੇਂ ਸਿਰਿਓਂ ਸਸਤੇ ਬਿਜਲੀ ਖ਼ਰੀਦ ਸਮਝੌਤੇ ਕੀਤੇ ਜਾਣ, ਤਾਂਕਿ ਉੱਚ ਪੱਧਰੀ ਮਿਲੀਭੁਗਤ ਨਾਲ ਸੂਬੇ ਦੇ ਸਰਕਾਰੀ ਖ਼ਜ਼ਾਨੇ ਅਤੇ ਹਰ ਵਰਗ ਦੇ ਬਿਜਲੀ ਖਪਤਕਾਰਾਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਹੋ ਸਕੇ। 
    ਪਾਰਟੀ ਹੈੱਡਕੁਆਟਰ ਰਾਹੀਂ ਜਾਰੀ ਚਿੱਠੀ ‘ਚ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਬਿਜਲੀ ਮੰਤਰੀ ਮਿਲੀ ਨਵੀਂ ਜ਼ਿੰਮੇਵਾਰੀ ‘ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਸਥਾਨਕ ਸਰਕਾਰਾਂ ਵਿਭਾਗ ‘ਚ ਬਤੌਰ ਮੰਤਰੀ ਭਿ੍ਰਸ਼ਟਾਚਾਰ ਵਿਰੁੱਧ ਕੀਤੀਆਂ ਕੋਸ਼ਿਸ਼ਾਂ ਦੀ ਸਰਹਾਣਾ ਕੀਤੀ। 
    ‘ਆਪ’ ਆਗੂ ਨੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਕਿ ਉਸ ਨੇ ਚੋਣਾਂ ਮੌਕੇ ‘ਫਰੈਂਡਲੀ ਮੈਚ’ ਵਾਲੀ ਬੇਬਾਕ  ਟਿੱਪਣੀ ਕਰਕੇ ਲੋਕਾਂ ਦੀ ਉਸ ਗੱਲ ‘ਤੇ ਮੋਹਰ ਲੱਗਾ ਦਿੱਤੀ ਸੀ ਕਿ ਬਾਦਲ-ਕੈਪਟਨ ਆਪਸ ‘ਚ ਰਲ ਕੇ ਖੇਡ ਰਹੇ ਹਨ। ਹਾਲਾਂਕਿ ਸਿੱਧੂ ਦਾ ਇਹ ਸੱਚ ਉਸ ਦੀ ਆਪਣੀ ਕਾਂਗਰਸ ਲੀਡਰਸ਼ਿਪ ਨੂੰ ਰਾਸ ਨਹੀਂ ਆਇਆ ਅਤੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਵਰਗਾਂ ਅਹਿਮ ਮੰਤਰਾਲਾ ਖੋਹ ਲਿਆ ਗਿਆ। 
    ਆਪਣੀ ਚਿੱਠੀ ‘ਚ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਲੋਟੂ ਸਮਝੌਤਿਆਂ ‘ਤੇ ਕੇਂਦਰਿਤ ਹੁੰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਸਮਝੌਤਿਆਂ ਦੌਰਾਨ ਬੇਹੱਦ ਨਜਾਇਜ਼ ਸ਼ਰਤਾਂ ਰਾਹੀਂ ਸੂਬਾ ਸਰਕਾਰ ਨੂੰ ਇੱਥੋਂ ਤੱਕ ਪਾਬੰਦ ਕਰ ਦਿੱਤਾ ਗਿਆ ਕਿ ਬੇਸ਼ੱਕ ਸਰਕਾਰ ਇਨਾਂ ਨਿੱਜੀ ਥਰਮਲ ਪਲਾਂਟਾਂ ਕੋਲੋਂ ਇੱਕ ਵੀ ਯੂਨਿਟ ਬਿਜਲੀ ਨਾ ਲਵੇ, ਫਿਰ ਵੀ 25 ਸਾਲਾਂ ਤੱਕ ਸਰਕਾਰ ਇਨਾਂ ਥਰਮਲ ਪਲਾਂਟਾਂ ਨੂੰ ਸਾਲਾਨਾ 2800 ਕਰੋੜ ਰੁਪਏ ਦੇਵੇਗੀ, ਜੋ ਨਿਰਧਾਰਿਤ 25 ਸਾਲਾਂ ‘ਚ ਕਰੀਬ 70 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। 
    ਅਮਨ ਅਰੋੜਾ ਨੇ ਸਿੱਧੂ ਨੂੰ ਯਾਦ ਕਰਵਾਇਆ ਕਿ ਸੂਬੇ ਦੀ ਇਸ ਤੋਂ ਵੱਡੀ ਅਤੇ ਖੁਲੱਮ-ਖੁੱਲੀ ਲੁੱਟ ਹੋਰ ਕੀ ਹੋ ਸਕਦੀ ਹੈ? ਜਿਸ ਨੂੰ ਰੋਕਣ ਦੀ ਹੁਣ ਬਤੌਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਬਣਦੀ ਹੈ। 
    ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਵੀ ਯਾਦ ਕਰਵਾਇਆ ਕਿ ਵਿਧਾਨ ਸਭਾ ਦੇ ਲੰਘੇ ਬਜਟ ਸੈਸ਼ਨ ਦੌਰਾਨ ਉਨਾਂ (ਅਮਨ ਅਰੋੜਾ) ਨੇ ਇਹ ਮੁੱਦਾ ਸਦਨ ‘ਚ ਉਠਾਇਆ ਸੀ ਅਤੇ ਉਸ ਸਮੇਂ ਤਤਕਾਲੀ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਤੋਂ ਪਹਿਲਾਂ ਬਿਜਲੀ ਮੰਤਰੀ ਰਹੇ ਰਾਣਾ ਗੁਰਜੀਤ ਸਿੰਘ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਲੋਟੂ ਬਿਜਲੀ ਖ਼ਰੀਦ ਸਮਝੌਤਿਆਂ ਦੀ ਗੱਲ ਮੰਨੀ ਸੀ, ਪਰੰਤੂ ਸਰਕਾਰ ਨੇ ਸਾਰੇ ਤੱਥ ਅਤੇ ਅਪੀਲਾਂ ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਅਤੇ ਚੁੱਪੀ ਧਾਰੀ ਰੱਖੀ। ਨਤੀਜੇ ਵਜੋਂ ਅੱਜ ਤੱਕ ਨਿੱਜੀ ਬਿਜਲੀ ਕੰਪਨੀਆਂ ਦੀ ਅੰਨੀ ਲੁੱਟ ਉਸੇ ਤਰਾਂ ਜਾਰੀ ਹੈ। ਜਿਸ ਵਿਰੁੱਧ ਆਮ ਆਦਮੀ ਪਾਰਟੀ ਬਿਜਲੀ ਅੰਦੋਲਨ-2 ਵੀ ਸ਼ੁਰੂ ਕਰਨ ਜਾ ਰਹੀ ਹੈ। 
    ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਉਹ ਬਾਦਲ ਸਰਕਾਰ ਵੱਲੋਂ ਕੀਤੇ ਗਏ ਗ਼ਲਤ, ਬੇਦਲੀਲੇ ਅਤੇ ਲੋਟੂ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਤੁਰੰਤ ਰੱਦ ਕਰਵਾ ਕੇ ਆਪਣੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ ਅਤੇ ਵਫ਼ਾਦਾਰੀ ‘ਤੇ ਖਰਾ ਉੱਤਰਨ।