• Home
  • ਪਿੰਡ ਵਾਲਿਆਂ ਦੇ ਰੋਸ ਮੁਜ਼ਾਹਰੇ ਤੋਂ ਬਾਅਦ ਜੋਤੀ ਤੇ ਨਿਹੰਗ ਆਖ਼ਰ ਗ੍ਰਿਫ਼ਤਾਰ – ਗ੍ਰਿਫ਼ਤਾਰੀ ਦੀ ਕਾਰਵਾਈ ਮੁਕੰਮਲ ਹੋਣ ਬਾਅਦ ਹੀ ਪਿੰਡ ਵਾਸੀਆਂ ਨੇ ਘਰਾਂ ਨੂੰ ਚਾਲੇ ਪਾਏ

ਪਿੰਡ ਵਾਲਿਆਂ ਦੇ ਰੋਸ ਮੁਜ਼ਾਹਰੇ ਤੋਂ ਬਾਅਦ ਜੋਤੀ ਤੇ ਨਿਹੰਗ ਆਖ਼ਰ ਗ੍ਰਿਫ਼ਤਾਰ – ਗ੍ਰਿਫ਼ਤਾਰੀ ਦੀ ਕਾਰਵਾਈ ਮੁਕੰਮਲ ਹੋਣ ਬਾਅਦ ਹੀ ਪਿੰਡ ਵਾਸੀਆਂ ਨੇ ਘਰਾਂ ਨੂੰ ਚਾਲੇ ਪਾਏ

ਰਾਏਕੋਟ / ਗਿੱਲ
ਪਿੰਡ ਬਿੰਜਲ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਮੌਤ ਦੇ ਕੇਸ ਵਿਚ ਨਾਮਜ਼ਦ ਔਰਤ ਜੋਤੀ ਅਤੇ ਉਸ ਦੇ ਨਿਹੰਗ ਪਤੀ ਜਗਦੀਸ਼ ਸਿੰਘ ਦੀ ਦਹਿਸ਼ਤ ਵਿਰੁੱਧ ਅੱਜ ਪਿੰਡ ਵਾਸੀਆਂ ਦੀ ਬਗ਼ਾਵਤ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਤੋਂ ਬੇਖ਼ੌਫ ਜੋਤੀ ਅਤੇ ਨਿਹੰਗ ਵੱਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਲਗਾਤਾਰ ਜ਼ਲੀਲ ਕਰਨ ਤੋਂ ਦੁਖੀ ਪਿੰਡ ਦੀਆਂ ਔਰਤਾਂ ਨੇ ਅੱਜ ਮੋਰਚਾ ਸੰਭਾਲ ਲਿਆ। ਜਦੋਂ ਇਹ ਜੋੜੀ ਗਾਲ਼ੀ ਗਲੋਚ ਤੋਂ ਬਾਅਦ ਪਿੰਡੋਂ ਭੱਜਣ ਲੱਗੇ ਤਾਂ ਹੱਥਾਂ ਵਿਚ ਡੰਡੇ ਸੋਟੀਆਂ ਲੈ ਕੇ ਵੱਡੀ ਗਿਣਤੀ ਔਰਤਾਂ ਨੇ ਉਨ੍ਹਾਂ ਦੇ ਘਰ ਨੂੰ ਘੇਰ ਲਿਆ। ਇਸ ਮੌਕੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਪੰਜ ਦਿਨਾਂ ਤੋਂ ਲਗਾਤਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੂੰ ਕੀਤੇ ਜਾ ਰਹੇ ਫੋਨਾਂ ਨੂੰ ਅਣਸੁਣਿਆ ਕਰਨ ਵਾਲੀ ਲੁਧਿਆਣਾ ਦਿਹਾਤੀ ਪੁਲਿਸ ਅੱਜ ਮੁਲਜ਼ਮਾਂ ਦੇ ਬਚਾਅ ਲਈ ਪੱਬਾਂ ਭਾਰ ਦਿਖਾਈ ਦਿੱਤੀ।

ਸੂਚਨਾ ਮਿਲਦੇ ਸਾਰ ਜਗਰਾਉਂ ਤੋਂ ਸਿਖਲਾਈ ਅਧੀਨ ਤਾਇਨਾਤ ਮਹਿਲਾ ਸਬ ਇੰਸਪੈਕਟਰ ਅਵਨੀਤ ਕੌਰ, ਰਾਏਕੋਟ ਥਾਣੇ ਦੇ ਸਬ ਇੰਸਪੈਕਟਰ ਜਗਰੂਪ ਸਿੰਘ, ਸਹਾਇਕ ਥਾਣੇਦਾਰ ਲਖਬੀਰ ਸਿੰਘ ਅਤੇ ਦਿਹਾਤੀ ਇਲਾਕੇ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਵਾਲੇ ਦਸਤੇ ਦੇ ਇੰਚਾਰਜ ਸਬ ਇੰਸਪੈਕਟਰ ਨਾਜ਼ਰ ਸਿੰਘ ਹੋਰ ਪੁਲਿਸ ਅਮਲੇ ਸਮੇਤ ਮੌਕੇ 'ਤੇ ਪੁੱਜ ਗਏ। ਪਰ ਲੋਕਾਂ ਦੇ ਬਗ਼ਾਵਤੀ ਰੁੱਖ ਨੂੰ ਦੇਖਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਫ਼ੌਰੀ ਕਾਬੂ ਕਰ ਲਿਆ। ਪਰ ਪਿੰਡ ਵਾਸੀਆਂ ਨੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਬਾਹਰ ਲਿਜਾ ਕੇ ਛੱਡ ਦੇਣ ਦੇ ਖ਼ਦਸ਼ੇ ਕਾਰਨ ਪੁਲਿਸ ਦਾ ਥਾਣੇ ਤੱਕ ਪਿੱਛਾ ਜਾਰੀ ਰੱਖਿਆ ਅਤੇ ਉਦੋਂ ਤੱਕ ਥਾਣੇ ਦੇ ਬਾਹਰ ਹੀ ਬੈਠੇ ਰਹੇ ਜਦੋਂ ਤੱਕ ਮੁਲਜ਼ਮਾਂ ਦੀ ਬਕਾਇਦਾ ਗ੍ਰਿਫ਼ਤਾਰੀ ਦੀ ਸੂਚਨਾ ਥਾਣਾ ਮੁਖੀ ਵੱਲੋਂ ਲੋਕਾਂ ਨੂੰ ਦੇ ਨਾ ਦਿੱਤੀ ਗਈ। ਲੁਧਿਆਣਾ ਦਿਹਾਤੀ ਪੁਲਿਸ ਦੇ ਜਿੱਲ੍ਹਾ ਮੁਖੀ ਵਰਿੰਦਰ ਸਿੰਘ ਬਰਾੜ ਵੱਲੋਂ ਬਿੰਜਲ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਮੌਤ ਦੇ ਕੇਸ ਵਿਚ ਨਾਮਜ਼ਦ ਜੋਤੀ ਅਤੇ ਨਿਹੰਗ ਜਗਦੀਸ਼ ਸਿੰਘ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਦੀ ਅਸਲੀਅਤ ਵੀ ਅੱਜ ਉਸ ਸਮੇਂ ਜੱਗ ਜ਼ਾਹਿਰ ਹੋ ਗਈ ਜਦੋਂ ਪੱਤਰਕਾਰਾਂ ਦੇ ਸਵਾਲ ਦਾ ਉਤਰ ਦਿੰਦਿਆਂ ਥਾਣਾ ਸਦਰ ਦੇ ਮੁਖੀ ਗੁਰਇਕਬਾਲ ਸਿੰਘ ਸਿਕੰਦ ਨੇ ਕਿਹਾ ਕਿ ਮਹਿਲਾ ਪੁਲਿਸ ਨਾ ਹੋਣ ਕਾਰਨ ਪੁਲਿਸ ਹੁਣ ਤੱਕ ਛਾਪੇਮਾਰੀ ਨਹੀਂ ਕਰ ਸਕੀ ਸੀ। ਪਰ ਅੱਜ ਜਗਰਾਉਂ ਤੋਂ ਮਹਿਲਾ ਪੁਲਿਸ ਅਧਿਕਾਰੀ ਪੁੱਜਣ ਤੋਂ ਬਾਅਦ ਹੀ ਪੁਲਿਸ ਨੇ ਗ੍ਰਿਫ਼ਤਾਰੀ ਦਾ ਅਮਲ ਪੂਰਾ ਕੀਤਾ। ਥਾਣਾ ਮੁਖੀ ਗੁਰਇਕਬਾਲ ਸਿੰਘ ਸਿਕੰਦ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।