• Home
  • ਦਾਗ਼ੀਆਂ ਨੂੰ ਟਿਕਟਾਂ ਦੇਣ ਦੇ ਮੁੱਦੇ ਤੇ ਭਗਵੰਤ ਮਾਨ ਨੇ ਕਾਂਗਰਸ ਤੇ ਕੱਸਿਆ ਤੰਜ ,ਕਿਹਾ ਸਟਿੰਗ ਆਪਰੇਸ਼ਨ ਚ ਚੌਧਰੀ ਅਤੇ ਰੇਲਗੇਟ ਸਕੈਂਡਲ ‘ਚ ਫਸੇ ਬਾਂਸਲ ਕਿਵੇਂ ਦੁੱਧ ਧੋਤੇ ਹੋਏ ?

ਦਾਗ਼ੀਆਂ ਨੂੰ ਟਿਕਟਾਂ ਦੇਣ ਦੇ ਮੁੱਦੇ ਤੇ ਭਗਵੰਤ ਮਾਨ ਨੇ ਕਾਂਗਰਸ ਤੇ ਕੱਸਿਆ ਤੰਜ ,ਕਿਹਾ ਸਟਿੰਗ ਆਪਰੇਸ਼ਨ ਚ ਚੌਧਰੀ ਅਤੇ ਰੇਲਗੇਟ ਸਕੈਂਡਲ ‘ਚ ਫਸੇ ਬਾਂਸਲ ਕਿਵੇਂ ਦੁੱਧ ਧੋਤੇ ਹੋਏ ?

ਚੰਡੀਗੜ੍ਹ 3 ਅਪ੍ਰੈਲ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਅਤੇ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਨਾਲ ਨਿਵਾਜੇ ਜਾਣ ਉੱਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦੀਆਂ ਗੱਲਾਂ ਕਰਨ ਵਾਲੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੁਣ ਭ੍ਰਿਸ਼ਟਾਚਾਰ ਵਿਰੁੱਧ ਬੋਲਣ ਜੋਗੇ ਨਹੀਂ ਰਹੇ।
'ਆਪ' ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਵਾਂਗ ਕਾਂਗਰਸ ਦਾ ਵੀ ਭ੍ਰਿਸ਼ਟਾਚਾਰ ਨਾਲ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਪਵਨ ਬਾਂਸਲ ਅਤੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਨਾਲ ਨਿਵਾਜ ਕੇ ਰਾਹੁਲ ਗਾਂਧੀ ਨੇ ਵੀ ਕਾਂਗਰਸ ਦੀ ਭ੍ਰਿਸ਼ਟਾਚਾਰ ਵਿਰਾਸਤ ਨੂੰ ਅੱਗੇ ਵਧਾਇਆ ਹੈ। ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' (ਸਿਫ਼ਰ ਸਹਿਣਸ਼ੀਲਤਾ) ਦੀਆਂ ਗੱਲਾਂ ਕਰਨ ਵਾਲੇ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਨੇ ਕੰਮ ਕਰਾਉਣ ਬਦਲੇ ਸ਼ਰੇਆਮ ਪੈਸੇ ਮੰਗ ਰਹੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਅਤੇ ਡਾ. ਮਨਮੋਹਨ ਸਿੰਘ ਸਰਕਾਰ ਵਿੱਚ ਰੇਲ ਮੰਤਰੀ ਹੁੰਦਿਆਂ ਅਹੁਦੇ ਵੇਚਣ ਲਈ 90 ਲੱਖ ਰੁਪਏ ਦੇ 'ਰੇਲਗੇਟ' ਸਕੈਂਡਲ ਵਿੱਚ ਫਸੇ ਪਵਨ ਬਾਂਸਲ ਨੂੰ ਜਲੰਧਰ ਤੇ ਚੰਡੀਗੜ੍ਹ ਤੋਂ ਟਿਕਟਾਂ ਦੇ ਰਾਹੁਲ ਗਾਂਧੀ ਨੇ ਸਾਬਤ ਕਰ ਦਿੱਤਾ ਕਿ ਜੁਮਲੇਬਾਜ਼ੀ ਵਿੱਚ ਉਹ (ਰਾਹੁਲ) ਵੀ ਅਮਿਤ ਸ਼ਾਹ ਮੋਦੀ ਦੀ ਜੋੜੀ ਤੋਂ ਘੱਟ ਨਹੀਂ।
ਭਗਵੰਤ ਮਾਨ ਨੇ ਕਿਹਾ ਕਿ ਵਿਡੰਬਣਾ ਇਹ ਹੈ ਕਿ ਜਿਸ ਸਮੇਂ ਰਾਹੁਲ ਗਾਂਧੀ ਵੱਲੋਂ ਸੰਤੋਖ ਸਿੰਘ ਚੌਧਰੀ ਅਤੇ ਪਵਨ ਬਾਂਸਲ ਵਰਗੇ ਭ੍ਰਿਸ਼ਟਾਚਾਰੀ ਆਗੂਆਂ ਨੂੰ ਦਿੱਲੀ ਵਿੱਚ ਟਿਕਟਾਂ ਨਾਲ ਨਿਵਾਜਿਆ ਗਿਆ, ਠੀਕ ਉਸੇ ਦਿਨ ਟੈਕਸ ਚੋਰੀ ਅਤੇ ਵਿਦੇਸ਼ਾਂ ਵਿੱਚ ਕਈ ਚੱਲ-ਅਚੱਲ ਸੰਪਤੀਆਂ ਦੀ ਜਾਣਕਾਰੀ ਲੁਕਾਉਣ ਦੇ ਦੋਸ਼ਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 24 ਅਪ੍ਰੈਲ ਨੂੰ ਅਦਾਲਤ ਵਿੱਚ ਤਲਬ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਮੁੱਖ ਸੁਰੱਖੀਆ ਬਣੀਆਂ ਹੋਈਆਂ ਸਨ। ਇਸ ਤੋਂ ਇਹ ਸਾਬਤ ਹੋ ਗਿਆ ਕਿ ਕਾਂਗਰਸ ਲਈ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਹੈ ਅਤੇ ਨਾ ਹੀ ਕਾਂਗਰਸੀਆਂ ਨੂੰ ਭ੍ਰਿਸ਼ਟਾਚਾਰੀਆਂ ਤੋਂ ਕੋਈ ਐਲਰਜੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਵਨ ਬਾਂਸਲ ਦੇ 'ਰੇਲਗੇਟ' ਸਕੈਂਡਲ ਵਿੱਚ ਫਸਣ ਕਾਰਨ ਉਸ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਵਨ ਬਾਂਸਲ ਤੋਂ ਬਤੌਰ ਰੇਲ ਮੰਤਰੀ ਅਸਤੀਫ਼ਾ ਲੈਣਾ ਪਿਆ ਸੀ, ਜਦਕਿ ਅਜੇ ਕੁੱਝ ਦਿਨ ਪਹਿਲਾਂ ਹੀ ਟੀਵੀ ਦੇ ਸਟਿੰਗ ਆਪ੍ਰੇਸ਼ਨ ਦੌਰਾਨ ਸੰਤੋਖ ਚੌਧਰੀ ਕੰਮ ਕਰਾਉਣ ਬਦਲੇ ਸ਼ਰੇਆਮ ਪੈਸੇ ਮੰਗ ਰਹੇ ਸਨ। ਕਾਂਗਰਸ ਨੇ ਇਸ ਮੁੱਦੇ ਉੱਤੇ ਕੋਈ ਜਾਂਚ ਕਰਾਉਣ ਦੀ ਥਾਂ ਇਨ੍ਹਾਂ ਭ੍ਰਿਸ਼ਟਾਚਾਰੀ ਨੂੰ ਟਿਕਟਾਂ ਨਾਲ ਨਿਵਾਜ ਦਿੱਤਾ। ਮਾਨ ਨੇ ਪੁੱਛਿਆ ਕਿ ਕਾਂਗਰਸ ਦੱਸੇ ਉਸ ਦੇ ਇਹ ਭ੍ਰਿਸ਼ਟ ਆਗੂ ਪਾਕ ਸਾਫ਼ ਕਿਵੇਂ ਹੋ ਗਏ।