• Home
  • ਸੁਖਬੀਰ ਬਾਦਲ ਨੇ ਜ਼ੈਡ ਪਲੱਸ ਸਕਿਊਰਟੀ ਦੀ ਦੁਰਵਰਤੋਂ ਕੀਤੀ : ਸੁਨੀਲ ਜਾਖੜ

ਸੁਖਬੀਰ ਬਾਦਲ ਨੇ ਜ਼ੈਡ ਪਲੱਸ ਸਕਿਊਰਟੀ ਦੀ ਦੁਰਵਰਤੋਂ ਕੀਤੀ : ਸੁਨੀਲ ਜਾਖੜ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਜਿਥੇ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ 'ਤੇ ਦੋਸ਼ ਲਾ ਰਹੇ ਹਨ ਕਿ ਸਰਕਾਰ ਜਾਣਬੁੱਝ ਕੇ ਅਕਾਲੀ ਦਲ ਪ੍ਰਧਾਨ ਨੂੰ ਨਿਸ਼ਾਨਾ ਬਣਾ ਰਹੀ ਹੈ। ਅਕਾਲੀ ਦਲ ਦੇ ਇਨਾਂ ਦੋਸ਼ਾਂ ਦਾ ਜਵਾਬ ਦੇਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤਾ ਜਿਸ ਵਿਚ ਉਨਾਂ ਉਹ ਐਫਆਈਆਰ ਪੜ ਕੇ ਸੁਣਾਈ ਜਿਸ ਦੇ ਤਹਿਤ ਸੁਖਬੀਰ ਬਾਦਲ ਵਿਰੁਧ ਮਾਮਲਾ ਦਰਜ ਹੋਇਆ ਹੈ। ਉਨਾਂ ਦਸਿਆ ਕਿ ਆਜ਼ਾਦ ਉਮੀਦਵਾਰ ਜਤਿੰਦਰਪਾਲ ਸਿੰਘ ਨੇ ਇਹ ਐਫਆਈਆਰ ਦਰਜ ਕਰਵਾਈ ਹੈ ਕਿ ਚੋਣਾਂ ਵਾਲੇ ਦਿਨ ਭਾਵ 19 ਸਤੰਬਰ ਨੂੰ ਕਿਲਿਆਂਵਾਲੀ ਦੇ ਸਕੂਲ ਕੋਲ ਸੁਖਬੀਰ ਬਾਦਲ ਦੇ ਕਾਫ਼ਲੇ ਨੇ ਉਸ ਨੂੰ ਘੇਰ ਉਸ ਦੀ ਕੁੱਟਮਾਰ ਕੀਤੀ ਤੇ ਉਹ ਉਥੋਂ ਜਾਨ ਬਚਾ ਕੇ ਭੱਜਿਆ।
ਜਾਖੜ ਨੇ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਰ ਕਿਸੇ ਤਰਾਂ ਦਾ ਦੋਸ਼ ਨਹੀਂ ਲੈਣਾ ਚਾਹੁੰਦੇ ਇਸ ਲਈ ਉਨਾਂ ਹਰ ਇਕ ਉਸ ਵਿਅਕਤੀ ਵਿਰੁਧ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨੇ ਕਾਨੂੰਨ ਆਪਣੇ ਹੱਥ 'ਚ ਲਿਆ ਤੇ ਉਹ ਵਿਅਕਤੀ ਭਾਵੇਂ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ।
ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਜ਼ੈਡ ਪਲੱਸ ਸਕਿਊਰਟੀ ਨਾਲ ਗੁੰਡਾਗਰਦੀ ਕਰ ਕੇ ਇਸ ਸਕਿਊਰਟੀ ਦੀ ਦੁਰਵਰਤੋਂ ਕੀਤੀ ਹੈ ਇਸ ਲਈ ਉਨਾਂ ਨੂੰ ਪੂਰੇ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।