• Home
  • ਕੈਨੇਡੀਅਨ ਨਾਗਰਿਕ ‘ਤੇ ਮਾਮਲਿਆਂ ਦੀ ਲੱਗੀ ਝੜੀ-ਤਿੰਨ ਸਾਲਾਂ ‘ਚ ਅੱਧੀ ਦਰਜਨ ਮਾਮਲਿਆਂ ਨਾਲ ਜੁੜਿਆ ਇੱਕ ਹੋਰ ਠੱਗੀ ਦਾ ਮਾਮਲਾ

ਕੈਨੇਡੀਅਨ ਨਾਗਰਿਕ ‘ਤੇ ਮਾਮਲਿਆਂ ਦੀ ਲੱਗੀ ਝੜੀ-ਤਿੰਨ ਸਾਲਾਂ ‘ਚ ਅੱਧੀ ਦਰਜਨ ਮਾਮਲਿਆਂ ਨਾਲ ਜੁੜਿਆ ਇੱਕ ਹੋਰ ਠੱਗੀ ਦਾ ਮਾਮਲਾ

ਰਾਏਕੋਟ (ਲੁਧਿਆਣਾ):- (ਗਿੱਲ): ਧੋਖਾਧੜੀ, ਨਜਾਇਜ਼ ਕਬਜੇ ਕਰਨ ਅਤੇ ਭੰਨਤੋੜ ਦੇ ਅਨੇਕਾਂ ਕੇਸਾਂ ਦਾ ਸਾਹਮਣਾ ਕਰ ਰਹੇ ਕਨੇਡੀਅਨ ਨਾਗਰਿਕ ਰਾਏਕੋਟ ਵਾਸੀ ਭੁਪਿੰਦਰ ਸਿੰਘ ਗਰੇਵਾਲ ਵਿਰੁਧ ਥਾਣਾ ਸਿਟੀ ਜਗਰਾਉਂ ਵਿੱਚ ਰਹਾਇਸ਼ੀ ਅਤੇ ਵਪਾਰਕ ਜਾਇਦਾਦ ਧੋਖੇ ਨਾਲ ਹੜੱਪ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਕੇਸ ਦਰਜ ਹੋਣ ਨਾਲ ਤਿੰਨ ਸਾਲ ਦੇ ਅਰਸੇ ਵਿੱਚ ਮੁਕੱਦਮਿਆਂ ਦੀ ਫ੍ਹਰਿਸਤ ਅੱਧੀ ਦਰਜਣ ਤੱਕ ਪੁੱਜ ਗਈ ਹੈ।ਕਨੇਡੀਅਨ ਨਾਗਰਿਕ ਭੁਪਿੰਦਰ ਸਿੰਘ ਗਰੇਵਾਲ ਹਾਲ ਵਾਸੀ ਗਰੀਨ ਸਿਟੀ ਰਾਏਕੋਟ ਦੇ ਕਾਰੋਬਾਰੀ ਭਾਈਵਾਲ ਅਨਿਲ ਜੈਨ ਦੀ ਸ਼ਿਕਾਇਤ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 420, 406 ਤਹਿਤ ਮੁਕੱਦਮਾਂ ਨੰਬਰ 283 ਥਾਣਾ ਸਿਟੀ ਜਗਰਾਉਂ ਵਿੱਚ ਦਰਜ ਕੀਤਾ ਗਿਆ ਹੈ।ਇਸ ਸਬੰਧੀ ਜਿਲ੍ਹਾ ਪੁਲਿਸ ਮੁੱਖੀ ਵਰਿੰਦਰ ਸਿੰਘ ਬਰਾੜ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਇਸ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਕਿਹਾ ਕਿ ਮਾਮਲਾ ਗੰਭੀਰ ਹੈ, ਐਸ.ਪੀ (ਜਾਂਚ) ਤਰੁਣ ਰਤਨ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਸਹਾਇਕ ਜਿਲ੍ਹਾ ਅਟਾਰਨੀ ਦੀ ਕਾਨੂੰਨੀ ਰਾਏ ਹਾਸਲ ਕਰਨ ਉਪਰੰਤ ਇਹ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਅਨਿਲ ਜੈਨ ਅਨੁਸਾਰ ਪਿਛਲੇ ਕਰੀਬ ਗਿਆਰਾਂ ਸਾਲਾਂ ਤੋਂ ਉਹ ਅਤੇ ਭੁਪਿੰਦਰ ਸਿੰਘ ਗਰੇਵਾਲ ਮਿਲ ਕੇ ਪ੍ਰਾਪਰਟੀ ਦਾ ਸਾਂਝਾ ਕਾਰੋਬਾਰ ਕਰਦੇ ਸੀ, ਪਰ ਸਾਲ 2015 ਵਿੱਚ ਹਿਸਾਬ ਕਿਤਾਬ ਵਿੱਚ ਗੜਬੜ ਹੋਣ ਤੋਂ ਬਾਅਦ ਭਾਈਵਾਲੀ ਵਿੱਚ ਦਰਾੜ ਪੈ ਗਈ ਅਤੇ ਕਾਰੋਬਾਰੀ ਰਿਸ਼ਤੇ ਖਰਾਬ ਹੋ ਗਏ ਸਨ।ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਕੋਲੋਂ ਪਿਸਤੌਲ ਦੀ ਨੋਕ ‘ਤੇ ਕਈ ਖਾਲੀ ਕਾਗਜਾਂ ਉਪਰ ਦਸਖਤ ਕਰਵਾ ਲਏ ਸਨ।ਉਨ੍ਹਾਂ ਦੱਸਿਆ ਕਿ ਰਾਏਕੋਟ ਤੋਂ ਇਲਾਵਾ ਜਗਰਾਉਂ ਵਿੱਚ ਵੀ ਗਰੀਨ ਵੈਲੀ ਕਲੋਨੀ ਵਿੱਚ ਵਪਾਰਕ ਅਤੇ ਰਿਹਾਇਸ਼ੀ ਜਾਇਦਾਦ ਧੋਖੇ ਨਾਲ ਭੁਪਿੰਦਰ ਸਿੰਘ ਨੇ ਆਪਣੀ ਪਤਨੀ, ਪੁੱਤਰ, ਮਾਤਾ, ਸੱਸ, ਸਹੁਰੇ ਤੋਂ ਇਲਾਵਾ ਹੋਰ ਨਜਦੀਕੀ ਰਿਸ਼ਤੇਦਾਰਾਂ ਦੇ ਨਾਮ ‘ਤੇ ਰਜਿਸਟਰੀਆਂ ਕਰਵਾ ਕੇ ਕਥਿਤ ਠੱਗੀ ਮਾਰੀ ਹੈ।ਸਹਾਇਕ ਜਿਲ੍ਹਾ ਅਟਾਰਨੀ ਨੇ ਆਪਣੀ ਕਾਨੂੰਨੀ ਰਾਏ ਜਾਹਰ ਕਰਦੇ ਹੋਏ ਲਿਖਿਆ ਹੈ ਕਿ ਜਾਂਚ ਦੌਰਾਨ ਜੇਕਰ ਕੋਈ ਹੋਰ ਜੁਰਮ ਜਾਂ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਤਾਂ ਜਾਬਤੇ ਅਨੁਸਾਰ ਦੋਸ਼ੀਆਂ ਅਤੇ ਜੁਰਮ ਵਿੱਚ ਵਾਧਾ ਕਰਕੇ ਕੇਸ ਦਾ ਨਿਪਟਾਰਾ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਥਾਣਾ ਸਿਟੀ ਰਾਏਕੋਟ ਵਿੱਚ ਨਜਾਇਜ ਕਬਜੇ, ਭੰਨਤੋੜ ਅਤੇ ਹਮਲਾ ਕਰਨ ਅਤੇ ਖੁੱਦ ਨੂੰ ਭਾਰਤੀ ਨਾਗਰਿਕ ਦੱਸਦੇ ਹੋਏ ਅਸਲਾ ਲਾਇਸੰਸ ਰੱਖਣ ਦੇ ਚਾਰ ਮੁਕੱਦਮਿਆਂ ਤੋਂ ਇਲਾਵਾ ਐਨ.ਆਰ.ਆਈ ਥਾਣਾ ਜਗਰਾਉਂ ਵਿੱਚ ਵੀ ਮੁਲਜਮ ਭੁਪਿੰਦਰ ਸਿੰਘ ਗਰੇਵਾਲ ਵਿਰੁਧ ਧੌਖਾਧੜੀ ਦਾ ਇੱਕ ਮੁਕੱਦਮਾਂ ਦਰਜ ਹੈ। ਭੁਪਿੰਦਰ ਗਰੇਵਾਲ਼ ਦਾ ਪੱਖ ਜਾਨਣ ਲਈ ਅਨੇਕਾਂ ਵਾਰ ਫ਼ੋਨ ਕੀਤੇ, ਪਰ ਫ਼ੋਨ ਬੰਦ ਹੀ ਮਿਲਿਆ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ੀ ਨਾਗਰਿਕ ਹੁੰਦਿਆਂ ਖੁੱਦ ਨੂੰ ਭਾਰਤੀ ਨਾਗਰਿਕ ਦੱਸਦੇ ਹੋਏ ਬਿਨ੍ਹਾਂ ਕਿਸੇ ਯੋਗ ਪ੍ਰਵਾਨਗੀ ਤੋਂ ਭਾਰਤ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਕਰਨ ਦੇ ਮਾਮਲੇ ਸਬੰਧੀ ਈ.ਡੀ ਸਮੇਤ ਹੋਰ ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।