• Home
  • ਸਪਾਈਸ ਜੈੱਟ ਚੰਡੀਗੜ ਹਵਾਈ ਅੱਡਾ ਛੱਡ ਕੇ ਭੱਜਣ ਨੂੰ ਤਿਆਰ

ਸਪਾਈਸ ਜੈੱਟ ਚੰਡੀਗੜ ਹਵਾਈ ਅੱਡਾ ਛੱਡ ਕੇ ਭੱਜਣ ਨੂੰ ਤਿਆਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਚੰਡੀਗੜੀਆਂ ਤੇ ਪੰਜਾਬੀਆਂ ਲਈ ਚੰਡੀਗੜ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਮਾੜੀ ਖ਼ਬਰ ਆਈ ਹੈ ਕਿਉਂਕਿ ਸਪਾਈਸ ਜੈੱਟ ਦੀਆਂ 6 ਅਕਤੂਬਰ ਤੋਂ ਬਾਅਦ ਇਸ ਹਵਾਈ ਅੱਡੇ ਤੋਂ ਕਈ ਉਡਾਣਾਂ ਉਡਾਣ ਨਹੀਂ ਭਰਨਗੀਆਂ। ਸਪਾਈਸ ਜੈੱਟ ਨੇ ਪੁਰਾਣੇ ਉਪਕਰਨਾਂ ਕਾਰਨ ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਨੂੰ ਵਾਪਸ ਲੈ ਲਿਆ ਹੈ।
ਦਸ ਦਈਏ ਕਿ ਇਕ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣ ਲਈ ਭਾਰਤੀ ਏਅਰ ਪੋਰਟ ਅਥਾਰਟੀ 'ਤੇ ਦਬਾਅ ਬਣਾ ਰਹੀ ਹੈ ਤੇ ਦੂਜੇ ਪਾਸੇ ਸਪਾਈਸ ਜੈੱਟ ਨੇ ਆਪਣੀਆਂ ਉਡਾਣਾਂ ਵਾਪਸ ਲੈ ਕੇ ਸੈਂਕੜੇ ਯਾਤਰੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਫ਼ੀਲਡ ਸ਼ਡਿਊਲ ਅਨੁਸਾਰ 6 ਅਕਤੂਬਰ ਤੋਂ ਬਾਅਦ ਸਪਾਈਸ ਜੈੱਟ ਦੀ ਕੋਈ ਵੀ ਉਡਾਣ ਨਹੀਂ ਹੋਵੇਗੀ।
ਦਸ ਦਈਏ ਕਿ ਸਪਾਈਸਜੈਟ ਦੀਆਂ ਚੰਡੀਗੜ ਤੋਂ ਦਿੱਲੀ ਲਈ ਤਿੰਨ ਉਡਾਣਾਂ ਅਤੇ ਜੰਮੂ, ਜੈਪੁਰ, ਸ੍ਰੀਨਗਰ ਅਤੇ ਹੈਦਰਾਬਾਦ ਲਈ ਇਕ-ਇਕ ਉਡਾਣ ਹੈ ਤੇ ਕੁੱਲ 7 ਉਡਾਣਾਂ ਹਨ।

ਦੂਜੇ ਪਾਸੇ ਇਸ ਕੇਸ 'ਚ ਭਾਰਤ ਸਰਕਾਰ ਵਲੋਂ ਵਕੀਲ ਵਿਵੇਕ ਸਿੰਗਲਾ ਨੇ ਦਸਿਆ ਕਿ ਸਪਾਈਸ ਜੈਟ ਨੇ ਉਡਾਣਾਂ ਨੂੰ ਇਸ ਲਈ ਰੱਦ ਨਹੀਂ ਕੀਤਾ ਕਿ ਹਵਾਈ ਅੱਡੇ ਦੇ ਉਪਕਰਨ ਪੁਰਾਣੇ ਹਨ ਬਲਕਿ ਇਸ ਲਈ ਰੱਦ ਕੀਤੀਆਂ ਹਨ ਕਿਉਂਕਿ ਇਥੋਂ ਯਾਤਰੀ ਬਹੁਤ ਘੱਟ ਸਫ਼ਰ ਕਰਦੇ ਸਨ ਜਿਸ ਕਾਰਨ ਕੰਪਨੀ ਨੂੰ ਵਿੱਤੀ ਨੁਕਸਾਨ ਹੋ ਰਿਹਾ ਸੀ।