• Home
  • ਬੁਢਲਾਡਾ ਦੇ ਮੁੰਡੇ ਨੂੰ ਮਹਿੰਗਾ ਪਿਆ ਫਿਲੀਪਾਈਨ ਦੀ ਕੁੜੀ ਨੂੰ ਸ਼ੋਸ਼ਲ ਮੀਡੀਆ ਤੇ ਤੰਗ ਕਰਨਾ-ਪੰਜਾਬ ਪੁਲਿਸ ਦੇ ਸ਼ੋਸ਼ਲ ਮੀਡੀਆ ਪੇਜ ਤੇ ਮਿਲੀ ਸੀ ਸਿ਼ਕਾਇਤ

ਬੁਢਲਾਡਾ ਦੇ ਮੁੰਡੇ ਨੂੰ ਮਹਿੰਗਾ ਪਿਆ ਫਿਲੀਪਾਈਨ ਦੀ ਕੁੜੀ ਨੂੰ ਸ਼ੋਸ਼ਲ ਮੀਡੀਆ ਤੇ ਤੰਗ ਕਰਨਾ-ਪੰਜਾਬ ਪੁਲਿਸ ਦੇ ਸ਼ੋਸ਼ਲ ਮੀਡੀਆ ਪੇਜ ਤੇ ਮਿਲੀ ਸੀ ਸਿ਼ਕਾਇਤ

ਮਾਨਸਾ ਪੁਲਿਸ ਨੇ ਕਾਰਵਾਈ ਕਰਦਿਆਂ ਵੀਡੀਓ ਕਾਲਿੰਗ ਦੇ ਜ਼ਰੀਏ ਮੰਗਵਾਈ ਮੁੰਡੇ ਕੋਲੋਂ ਮਾਫ਼ੀ

ਮਾਨਸਾ, (ਖ਼ਬਰ ਵਾਲੇ ਬਿਊਰੋ ): ਪੰਜਾਬ ਪੁਲਿਸ ਦੇ ਸ਼ੋਸ਼ਲ ਮੀਡੀਆ ਪੇਜ ਤੇ ਫਿਲੀਪਾਈਨ ਦੀ ਰਹਿਣ ਵਾਲੀ ਇਕ ਕੁੜੀ ਦੀ ਸਿ਼ਕਾਇਤ ਮਿਲਣ ਤੇ ਮਾਨਸਾ ਦੇ ਐਸ.ਐਸ.ਪੀ. ਸ੍ਰ. ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਭਾਲ ਕਰਕੇ ਵੀਡੀਓ ਕਾਨਫਰੰਸ ਰਾਹੀਂ ਮੁੰਡੇ ਕੋਲੋਂ ਮਾਫ਼ੀ ਮੰਗਵਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ (CITSU) ਸਾਈਬਰ ਇਨਵੈਸਟੀਗੈਸ਼ਨ ਟੈਕਨੀਕਲ ਸਪੋਰਟ ਯੂਨਿਟ ਦੇ ਇੰਚਾਰਜ ਸ੍ਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸ਼ੋਸ਼ਲ ਮੀਡੀਆ ਪੇਜ਼ ਤੇ ਫਿਲੀਪਾਈਨ ਦੀ ਰਹਿਣ ਵਾਲੀ ਸਟੈਫੀ ਅਮੀਸਟ ਮਾਰੀਜ਼ਲ ਅਜ਼ਾਜ਼ੋਂਗ ਨਾਮਕ ਇਕ ਲੜਕੀ ਨੇ ਸਿ਼ਕਾਇਤ ਕੀਤੀ ਸੀ ਕਿ ਬੁਢਲਾਡਾ ਦਾ ਵਸਨੀਕ ਇਕ ਲੜਕਾ ਸ਼ੋਸ਼ਲ ਮੀਡੀਆ ਤੇ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋ ਕਰ ਰਿਹਾ ਹੈ। ਉਕਤ ਸਿ਼ਕਾਇਤ ਇਸ ਲੜਕੀ ਨੇ ਪੰਜਾਬ ਪੁਲਿਸ ਦੇ ਫੇਸਬੁਕ ਪੇਜ ਤੇ ਕੀਤੀ ਸੀ। ਜਿਸ ਉਪਰੰਤ ਇਸ ਦਰਖ਼ਾਸਤ ਨੂੰ ਮਾਨਸਾ ਪੁਲਿਸ ਨੂੰ ਮਾਰਕ ਕਰ ਦਿੱਤਾ ਗਿਆ ਸੀ।
ਸਿ਼ਕਾਇਤ ਮਿਲਣ ਤੇ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਦੇ ਨਿਰਦੇਸ਼ਾਂ ਤੇ 2 ਦਿਨ ਦੀ ਸਾਈਬਰ ਇਨਵੈਸਟੀਗੈਸ਼ਨ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕਰਕੇ ਉਸ ਨੂੰ ਐਸ.ਐਸ.ਪੀ. ਦਫ਼ਤਰ ਵਿਖੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ ਉਪਰੰਤ ਫਿਲੀਪਾਈਨ ਦੀ ਰਹਿਣ ਵਾਲੀ ਲੜਕੀ ਨਾਲ ਮੁਲਜ਼ਮ ਦੀ ਵੀਡੀਓ ਕਾਲ ਕਰਵਾ ਕੇ ਮਾਫ਼ੀ ਮੰਗਵਾਈ ਗਈ, ਜਿਸ ਵਿਚ ਮੁਲਜ਼ਮ ਨੇ ਅਗਾਂਹ ਤੋਂ ਅਜਿਹੀ ਗਲਤੀ ਨਾ ਕਰਨ ਦਾ ਯਕੀਨ ਦਵਾਇਆ। ਮਾਫ਼ੀ ਉਪਰੰਤ ਉਸ ਲੜਕੀ ਨੇ ਕਿਹਾ ਕਿ ਉਹ ਲੜਕੇ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦੀ, ਜੇਕਰ ਅੱਗੇ ਤੋਂ ਉਹ ਅਜਿਹੀ ਗਲਤੀ ਕਰੇਗਾ ਤਾਂ ਉਹ ਦੁਬਾਰਾ ਪੰਜਾਬ ਪੁਲਿਸ ਨੂੰ ਸੂਚਿਤ ਕਰੇਗੀ।
ਸ੍ਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਿਸ ਪ੍ਰੈਕਟੀਕਲੀ ਕਾਰਗੁਜ਼ਾਰੀ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਵੀ ਐਕਟਿਵ ਹੈ। ਸ਼ੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਕੇ ਗਲਤ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਾਈਬਰ ਕਰਾਈਮ ਨੂੰ ਰੋਕਣ ਲਈ ਹਮੇਸ਼ਾ ਤਤਪਰ ਹੈ ਅਤੇ ਅਜਿਹੀਆਂ ਗਤੀਵਿਧੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।