• Home
  • 1 ਤੋਂ 10 ਜੂਨ ਤੱਕ ਕਿਸਾਨ ਸ਼ਹਿਰ ਦੀਆਂ ਮੰਡੀਆਂ ਵਿਚ ਨਹੀਂ ਵੇਚਣਗੇ ਸਬਜ਼ੀ, ਫਰੂਟ ਅਤੇ ਦੁੱਧ

1 ਤੋਂ 10 ਜੂਨ ਤੱਕ ਕਿਸਾਨ ਸ਼ਹਿਰ ਦੀਆਂ ਮੰਡੀਆਂ ਵਿਚ ਨਹੀਂ ਵੇਚਣਗੇ ਸਬਜ਼ੀ, ਫਰੂਟ ਅਤੇ ਦੁੱਧ

ਚੰਡੀਗੜ੍ਹ- (ਖ਼ਬਰ ਵਾਲੇ ਬਿਊਰੋ) ਪੰਜਾਬ ਵਿਚ ਆਏ ਦਿਨ ਕਿਸਾਨਾਂ ਵੱਲੋਂ ਕਰਜ਼ੇ ਦੀ ਮਾਰ ਨਾ ਝੱਲਦਿਆਂ ਹੋਏ ਕੀਤੀਆਂ ਜਾ ਰਹੀਆਂ ਆਤਮ ਹੱਤਿਆ ਉੱਤੇ ਦੁੱਖ ਜ਼ਾਹਿਰ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੂਰੇ ਦੇਸ ਵਿਚ ਕੋਈ ਵੀ ਕਿਸਾਨ 1 ਤੋਂ 10 ਜੂਨ ਤੱਕ ਸ਼ਹਿਰ ਦੀਆਂ ਮੰਡੀਆਂ ਵਿਚ ਸਬਜ਼ੀ, ਫਰੂਟ ਅਤੇ ਦੁੱਧ ਵੇਚਣ ਲਈ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਵਾਰ ਸੜਕਾਂ ਰੋਕ ਕੇ ਪ੍ਰਦਰਸ਼ਨ ਆਦਿ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੀ ਅੱਜ ਕਿਸਾਨ ਆਏ ਦਿਨ ਆਤਮ ਹੱਤਿਆ ਦੇ ਰਾਹ ਵੱਲ ਨੂੰ ਤੁਰ ਪਿਆ ਹੈ। ਇਸ ਦੌਰਾਨ ਖੇਤੀ ਅਰਥ ਸ਼ਾਸਤਰੀ ਦੇ ਮਾਹਿਰ ਡਾ. ਸੁਖਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੰਜਾਬ ਦੇ ਕਿਸਾਨਾਂ ਉੱਤੇ ਕਰੀਬ 80000 ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਪੰਜਾਬ ਦੇ 20 ਫ਼ੀਸਦੀ ਕਿਸਾਨ ਕਿਸਾਨੀ ਦਾ ਧੰਦਾ ਛੱਡ ਚੁੱਕੇ ਹਨ ਅਤੇ ਪੰਜਾਬ ਵਿਚ ਰੋਜ਼ਾਨਾ ਔਸਤਨ ਤਿੰਨ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 16 ਸਾਲਾਂ ਵਿਚ 16000 ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ।