• Home
  • ਮੋਹਾਲੀ ਚ ਹੋਈ ਮੈਰਾਥਨ :-ਸਰੀਨੂ ਨੇ ਫੁੱਲ ਮੈਰਾਥਨ ਤੇ ਕਾਲੀਦਾਸ ਨੇ ਹਾਫ ਮੈਰਾਥਨ ਜਿੱਤੀ -ਗਵਰਨਰ ਮੁੱਖ ਮਹਿਮਾਨ ਵਜੋਂ ਪੁੱਜੇ

ਮੋਹਾਲੀ ਚ ਹੋਈ ਮੈਰਾਥਨ :-ਸਰੀਨੂ ਨੇ ਫੁੱਲ ਮੈਰਾਥਨ ਤੇ ਕਾਲੀਦਾਸ ਨੇ ਹਾਫ ਮੈਰਾਥਨ ਜਿੱਤੀ -ਗਵਰਨਰ ਮੁੱਖ ਮਹਿਮਾਨ ਵਜੋਂ ਪੁੱਜੇ

ਐਸ.ਏ.ਐਸ. ਨਗਰ/ਚੰਡੀਗੜ੍ਹ, 31 ਮਾਰਚ :

ਪੰਜਾਬ ਦੇ ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਡੇਲੀ ਵਰਲਡ ਨੇ ਅੱਜ ਇੱਥੇ ਕੌਮਾਂਤਰੀ ਮਾਪਦੰਡਾਂ ਉਤੇ ਆਧਾਰਤ ਮੈਰਾਥਨ ਕਰਵਾਈ। ਇਸ ਵਿੱਚ 42 ਕਿਲੋਮੀਟਰ (ਫੁੱਲ ਮੈਰਾਥਨ), 21 ਕਿਲੋਮੀਟਰ (ਹਾਫ ਮੈਰਾਥਨ), 10 ਕਿਲੋਮੀਟਰ ਤੇ ਪੰਜ ਕਿਲੋਮੀਟਰ ਦੇ ਮੁਕਾਬਲੇ ਸ਼ਾਮਲ ਸਨ। ਇਸ ਮੈਰਾਥਨ ਦਾ ਵਿਸ਼ਾ ਨੌਜਵਾਨਾਂ ਨੂੰ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਦੇ ਨਾਲ ਨਾਲ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

             ਇਸ ਮੌਕੇ ਸ੍ਰੀ ਬਦਨੌਰ ਨੇ ਕਿਹਾ ਕਿ ਇਸ ਦੌੜ ਦਾ ਮਕਸਦ ਲੋਕਾਂ ਨੂੰ ਆਗਾਮੀ ਆਮ ਚੋਣਾਂ ਵਿੱਚ ਵੋਟ ਪਾਉਣ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।

ਰਾਜਪਾਲ ਨੇ ਇਸਨੂੰ ਇੱਕ ਸਾਕਾਰਾਤਮਕ ਸੰਕੇਤ ਕਰਾਰ ਦਿੱਤਾ ਕਿ ਪੰਜਾਬ ਡੇਲੀ ਵਰਲਡ ਮੈਰਾਥਨ ਵਿੱਚ ਤਕਰੀਬਨ 60,000 ਲੋਕਾਂ ਨੇ ਭਾਗ ਲਿਆ ਜੋ ਸੂਬੇ ਦੇ ਸਮੂਹ 22 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਕਰਵਾਈ ਗਈ। ਇਕੱਲੇ ਮੋਹਾਲੀ ਵਿੱਚ 10,000 ਤੋਂ ਵੱਧ ਲੋਕਾਂ ਨੇ ਇਸ ਮੈਰਾਥਨ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਉਨ੍ਹਾਂ ਇਸ ਮੈਰਾਥਨ ਨੂੰ ਚੋਣ ਕਮਿਸ਼ਨ ਦੀ ਆਈ ਵੋਟ ਮੁਹਿੰਮ ਨਾਲ ਜੋੜਨ ਲਈ ਸੂਬਾ ਸਰਕਾਰ ਅਤੇ ਡੇਲੀ ਵਰਲਡ ਅਖ਼ਬਾਰ ਦੀ ਸ਼ਲਾਘਾ ਕੀਤੀ।

ਇਸ ਮੌਕੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੁੱਲ 20.12 ਲੱਖ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ।

ਕੌਮਾਂਤਰੀ ਮੈਰਾਥਨ ਰਨਰਜ਼, ਜੋ ਮੁੱਖ ਤੌਰ 'ਤੇ ਕੀਨੀਆ ਅਤੇ ਇਥੋਪੀਆ ਤੋਂ ਸਨ, ਨੇ ਇਸ ਮੈਰਾਥਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਇਨਾਮ ਜਿੱਤੇ।

ਪਹਿਲੀ ਦੌੜ ਅਤੇ ਦੂਜੀ ਦੌੜ ਨੂੰ ਵਧੀਕ ਮੁੱਖ ਸਕੱਤਰ ਖੇਡਾਂ ਸ੍ਰੀ ਸੰਜੇ ਕੁਮਾਰ ਅਤੇ ਤੀਜੀ ਦੌੜ ਨੂੰ ਡੀ.ਜੀ.ਪੀ- ਕਮ-ਚੇਅਰਮੈਨ ਸ੍ਰੀ ਹਰਦੀਪ ਢਿੱਲੋਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਆਖ਼ਰੀ 5 ਕਿਲੋਮੀਟਰ ਦੇ ਮੁਕਾਬਲੇ ਵਿੱਚ ਰਾਜਪਾਲ ਨੇ ਹਰੀ ਝੰਡੀ ਦਿਖਾ ਕੇ ਖਿਡਾਰੀਆਂ ਨੂੰ ਰਵਾਨਾ ਕੀਤਾ। 

ਡੇਲੀ ਵਰਲਡ ਦੇ ਸੀ.ਈ.ਓ. ਸ੍ਰੀ ਐਚ.ਐਸ. ਗੁਜਰਾਲ ਨੇ ਕਿਹਾ ਕਿ ਫੁੱਲ ਮੈਰਾਥਨ ਸਰੀਨੂ ਨੇ ਜਿੱਤੀ, ਜਦੋਂ ਕਿ ਮਿਕੀਅਨ ਯੇਮਾਤਾ ਨੂੰ ਦੂਜਾ ਤੇ ਰਸ਼ਪਾਲ ਸਿੰਘ ਨੂੰ ਤੀਜਾ ਸਥਾਨ ਮਿਲਿਆ। ਮਹਿਲਾ ਵਰਗ ਵਿੱਚ ਜਯੋਤੀ ਗਵਾਟੇ ਜੇਤੂ ਰਹੀ, ਜਦੋਂ ਕਿ ਜ਼ਿਨਾਹਵੋਰਕ ਯੇਨੇਥ ਨੂੰ ਦੂਜੀ ਤੇ ਬਰਟੂਕਾਨ ਅਡੇਵਾ ਨੂੰ ਤੀਜੀ ਪੁਜੀਸ਼ਨ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਹਾਫ ਮੈਰਾਥਨ ਕਾਲੀਦਾਸ ਹਿਰਾਵੇ ਨੇ ਜਿੱਤੀ ਅਤੇ ਅਰਜੁਨ ਪ੍ਰਧਾਨ ਦੂਜੇ ਤੇ ਇਸਾਕ ਨਡੂਰੋ ਤੀਜੇ ਸਥਾਨ ਉਤੇ ਰਿਹਾ। ਹੋਰ ਵੇਰਵੇ ਦਿੰਦਿਆਂ ਸ੍ਰੀ ਗੁਜਰਾਲ ਨੇ ਕਿਹਾ ਕਿ ਹਾਫ ਮੈਰਾਥਨ ਦੇ ਮਹਿਲਾ ਵਰਗ ਡਵੱਚ ਕੋਰੇਟ ਜੇਬੇਟ ਮਾਇਓ, ਕਿਰਨਜੀਤ ਕੌਰ ਤੇ ਜਯੋਤੀ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। 10 ਕਿਲੋਮੀਟਰ ਦੀ ਫਨ ਰਨ ਵਿੱਚ ਕ੍ਰਮਵਾਰ ਰੋਹਿਤ ਕੁਮਾਰ, ਵਿਸ਼ਨੂ ਵੀਰ ਸਿੰਘ ਤੇ ਦਿਨੇਸ਼ ਕੁਮਾਰ ਜੇਤੂ ਰਹੇ। ਮਹਿਲਾ ਵਰਗ ਵਿੱਚ ਅਰਪਿਤਾ ਪਹਿਲੇ, ਨੰਦਿਨੀ ਗੁਪਤਾ ਦੂਜੇ ਤੇ ਰੀਨੂ ਤੀਜੇ ਸਥਾਨ ਉਤੇ ਰਹੀ।

         ਡੇਲੀ ਵਰਲਡ ਦੇ ਮੁੱਖ ਸੰਪਾਦਕ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਰਾਥਨ ਤੋਂ ਇਕ ਪਾਸੇ ਸੱਭਿਆਚਾਰਕ ਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਦਾ ਦਰਸ਼ਕਾਂ ਨੇ ਖ਼ੂਬ ਲੁਤਫ਼ ਲਿਆ। ਇਸ ਸਮਾਰੋਹ ਦੌਰਾਨ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੈ ਕੁਮਾਰ, ਡਾਇਰੈਕਟਰ ਖੇਡ ਵਿਭਾਗ ਸ੍ਰੀਮਤੀ ਅੰਮ੍ਰਿਤ ਗਿੱਲ, ਚੇਅਰਮੈਨ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਹਰਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ, ਉੱਘੀ ਦੌੜਾਕ ਮਾਨ ਕੌਰ, ਬ੍ਰਿਗੇਡੀਅਰ ਹਰਚਰਨ ਸਿੰਘ, ਬਲਦੇਵ ਸਿੰਘ, ਰਾਜਿੰਦਰ ਸਿੰਘ ਸੀਨੀਅਰ, ਅਜੀਤ ਸਿੰਘ, ਬਲਵਿੰਦਰ ਸ਼ੰਮੀ (ਸਾਰੇ ਓਲੰਪੀਅਨ), ਗੁਰਬਖ਼ਸ਼ ਸਿੰਘ (ਦਰੋਣਾਚਾਰੀਆ ਐਵਾਰਡੀ), ਰਣਧੀਰ ਸਿੰਘ ਧੀਰਾ (ਅਰਜੁਨਾ ਐਵਾਰਡੀ), ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਡਾ. ਸੇਨੂ ਦੁੱਗਲ, ਵਧੀਕ ਡਾਇਰੈਕਟਰ ਓਪਿੰਦਰ ਸਿੰਘ ਲਾਂਬਾ, ਡਿਪਟੀ ਡਾਇਰੈਕਟਰ ਅਜੀਤ ਕੰਵਲ ਸਿੰਘ, ਡਿਪਟੀ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਸਹਾਇਕ ਕਮਿਸ਼ਨਰ (ਜ), ਐਸ.ਡੀ.ਐਮ. ਜਗਦੀਪ ਸਹਿਗਲ, ਸਹਾਇਕ ਡਾਇਰੈਕਟਰ ਖੇਡਾਂ ਕਰਤਾਰ ਸਿੰਘ, ਅਤੇ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।