• Home
  • ਪਾਕਿਸਤਾਨ ਨੂੰ ਮੋੜਵਾਂ ਜਵਾਬ ਦੇਣ ਦੀ ਆੜ ਵਿੱਚ ਕੇਂਦਰ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਸਾਜਿਸ਼ ਘੜ ਰਿਹਾ ਹੈ – ਖਹਿਰਾ

ਪਾਕਿਸਤਾਨ ਨੂੰ ਮੋੜਵਾਂ ਜਵਾਬ ਦੇਣ ਦੀ ਆੜ ਵਿੱਚ ਕੇਂਦਰ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਸਾਜਿਸ਼ ਘੜ ਰਿਹਾ ਹੈ – ਖਹਿਰਾ

ਚੰਡੀਗੜ, 23 ਫਰਵਰੀ – ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਯੂਨੀਅਨ ਵਾਟਰ ਰਿਸੋਰਸ ਮੰਤਰੀ ਨਿਤੀਨ ਗਡਕਰੀ ਦੇ ਬਿਆਨ ਦੀ ਜੰਮ ਕੇ ਨਿਖੇਧੀ ਕੀਤੀ ਜਿਸ ਵਿੱਚ ਕਿ ਉਹਨਾਂ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਲਈ ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਨੂੰ ਯਮੁਨਾ ਨਦੀ ਵਿੱਚ ਮੋੜਣ ਬਾਰੇ ਆਖਿਆ ਸੀ।
ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਗਡਕਰੀ ਦਾ ਬਿਆਨ ਬਹੁਤ ਹੀ ਖਤਰਨਾਕ ਅਤੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲੋਂ ਇਸਦੇ ਹੱਕੀ ਪਾਣੀਆਂ ਨੂੰ ਖੋਹਣ ਲਈ ਇਹ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਹਰਿਆਣਾ ਨੂੰ ਪੰਜਾਬ ਦੇ ਪਾਣੀ ਸਪਲਾਈ ਕਰਨ ਲਈ ਐਸ.ਵਾਈ.ਐਲ ਨਹਿਰ ਦੀ ਉਸਾਰੀ ਕੀਤੀ ਜਾ ਰਹੀ ਹੈ। ਹੁਣ ਪਾਕਿਸਤਾਨ ਨੂੰ ਸਜ਼ਾ ਦੇਣ ਦੇ ਬਹਾਨੇ ਪੰਜਾਬ ਕੋਲੋਂ ਇਸ ਦੇ ਪਾਣੀਆਂ ਨੂੰ ਲੁੱਟਣ ਦੀ ਕੇਂਦਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਹੈਰਾਨੀ ਹੋਈ ਕਿ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਡਕਰੀ ਦੇ ਇਸ ਬਿਆਨ ਉੱਪਰ ਪ੍ਰਤੀਕਿਰਿਆ ਜਤਾਈ ਜਿਸ ਤੋਂ ਕਿ ਉਹਨਾਂ ਦੀ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਪੰਜਾਬ ਵਿਰੋਧੀ ਸਟੈਂਡ ਨਾਲ ਸਹਿਮਤ ਹੋਣ ਦਾ ਖੁਲਾਸਾ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਤਿੰਨਾਂ ਦਰਿਆਵਾਂ ਦਾ ਪਾਣੀ ਯਮੁਨਾ ਵੱਲ ਮੋੜ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਤਬਾਹ ਹੋ ਜਾਵੇਗਾ ਅਤੇ ਖੇਤੀਯੋਗ ਜਮੀਨ ਬੰਜਰ ਹੋ ਜਾਵੇਗੀ।
ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਵਿਚਲੀਆਂ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਹੀ ਗਲਤ ਸਮਝੋਤਿਆਂ ਤਹਿਤ ਪੰਜਾਬ ਦੇ ਦਰਿਆਵਾਂ ਵਿੱਚੋਂ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪਾਣੀਆਂ ਦਾ ਹਿੱਸਾ ਦਿੱਤਾ ਹੋਇਆ ਹੈ। ਉਹਨਾਂ ਕਿਹਾ ਕਿ ਤਿੰਨਾਂ ਦਰਿਆਵਾਂ ਦਾ ਪਾਣੀ ਮੋੜਣ ਦੇ ਕੇਂਦਰ ਦੇ ਕਦਮ ਨਾਲ ਪੰਜਾਬ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਪੰਜਾਬ ਦੇ ਕਿਸਾਨ ਪਹਿਲਾਂ ਹੀ ਸੂਬੇ ਵਿੱਚ ਲਗੇ ੧੪ ਲੱਖ ਟਿਊਬਵੈਲਾਂ ਨਾਲ ਜਮੀਨ ਹੇਠਲਾ ਪਾਣੀ ਕੱਢ ਰਹੇ ਹਨ। ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੇ ਪੰਜਾਬ ਨੂੰ ਲਾਲ ਨਿਸ਼ਾਨ ਨਾਲ ਦਿਖਾਇਆ ਹੈ ਜੋ ਕਿ ਜਮੀਨ ਹੇਠਲੇ ਪਾਣੀ ਦੇ ਚਿੰਤਾਜਨਕ ਹਾਲ ਦਰਸਾਉਂਦਾ ਹੈ।