• Home
  • ਪੰਜਾਬ ਤੇ ਹਰਿਆਣਾ ਦੇ ਪੁਲਿਸ ਵੱਲੋਂ ਸਾਂਝੀ ਰਣਨੀਤੀ ਬਣਾਉਣ ਲਈ ਅੰਤਰਰਾਜੀ ਮੀਟਿੰਗ-ਪਟਿਆਲਾ ਜ਼ਿਲ੍ਹੇ ਨੂੰ ਹਰਿਆਣਾ ਨਾਲ ਜੋੜਦੇ ਸਾਰੇ ਮਾਰਗਾਂ ‘ਤੇ ਵਿਸ਼ੇਸ਼ ਨਾਕੇ ਲੱਗਣਗੇ

ਪੰਜਾਬ ਤੇ ਹਰਿਆਣਾ ਦੇ ਪੁਲਿਸ ਵੱਲੋਂ ਸਾਂਝੀ ਰਣਨੀਤੀ ਬਣਾਉਣ ਲਈ ਅੰਤਰਰਾਜੀ ਮੀਟਿੰਗ-ਪਟਿਆਲਾ ਜ਼ਿਲ੍ਹੇ ਨੂੰ ਹਰਿਆਣਾ ਨਾਲ ਜੋੜਦੇ ਸਾਰੇ ਮਾਰਗਾਂ ‘ਤੇ ਵਿਸ਼ੇਸ਼ ਨਾਕੇ ਲੱਗਣਗੇ

ਪਟਿਆਲਾ, 14 ਮਾਰਚ:ਲੋਕ ਸਭਾ ਚੋਣਾਂ 2019 ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਲਈ ਅੱਜ ਪੰਜਾਬ ਤੇ ਹਰਿਆਣਾ ਦੀ ਹੱਦਾਂ ਨਾਲ ਲੱਗਦੇ ਜ਼ਿਲਿਆਂ ਦੇ ਪੁਲਿਸ ਮੁਖੀਆਂ ਵੱਲੋਂ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਸਾਂਝੀ ਰਣਨੀਤੀ 'ਤੇ ਵਿਚਾਰ-ਵਟਾਦਰਾ ਕੀਤਾ। ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਪਟਿਆਲਾ ਜ਼ਿਲ੍ਹੇ ਦੇ  ਸ਼ੰਭੂ ਸਰਾਏ ਵਿਖੇ ਹੋਈ ਸਾਂਝੀ ਮੀਟਿੰਗ 'ਚ ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਅੰਬਾਲਾ ਦੇ ਐਸ.ਐਸ.ਪੀ. ਸ੍ਰੀ ਮੋਹਿਤ ਹਾਂਡਾ, ਕੈਥਲ ਦੇ ਐਸ.ਐਸ.ਪੀ. ਸ੍ਰੀ ਵਸੀਮ ਅਕਰਮ, ਵਧੀਕ ਡਿਪਟੀ ਕਮਿਸ਼ਨਰ ਅੰਬਾਲਾ ਕੈਪਟਨ ਸ਼ਕਤੀ ਸਿੰਘ ਅਤੇ ਪੰਜਾਬ ਤੇ ਹਰਿਆਣਾ ਦੇ ਪੁਲਿਸ ਤੇ ਸਿਵਲ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।ਮੀਟਿੰਗ ਦੌਰਾਨ ਜਿਥੇ ਦੋਵਾਂ ਸੂਬਿਆਂ ਦੇ ਗਵਾਂਢੀ ਜ਼ਿਲਿਆਂ ਪਟਿਆਲਾ, ਅੰਬਾਲਾ ਤੇ ਕੈਥਲ ਦੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ 2019 ਦੌਰਾਨ ਜਿਥੇ ਚੋਣ ਅਮਲ 'ਤੇ ਪ੍ਰਭਾਵ ਪਾਉਣ ਵਾਲੇ ਮਾੜੇ ਅਨਸਰਾਂ ਸਬੰਧੀ ਸੂਚਨਾ ਦਾ ਆਦਾਨ ਪ੍ਰਦਾਨ ਕੀਤਾ। ਉਥੇ ਹੀ ਦੋਵਾਂ ਰਾਜਾਂ ਨੂੰ ਜੋੜਦੇ ਮਾਰਗਾਂ 'ਤੇ ਸਾਂਝੀ ਨਾਕੇਬੰਦੀ, ਪੈਟਰੋਲਿੰਗ ਅਤੇ ਅਚਨਚੇਤ ਨਾਕੇਬੰਦੀ ਕਰਨ ਸਬੰਧੀ ਵੀ ਰਣਨੀਤੀ ਬਣਾਈ।ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਦੋਵਾਂ ਸੂਬਿਆ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਦੋਵਾਂ ਸੂਬਿਆਂ ਦੀ ਪੁਲਿਸ ਵੱਲੋਂ ਸਾਂਝੀ ਰਣਨੀਤੀ ਉਲੀਕੀ ਗਈ ਹੈ ਜਿਸ ਤਹਿਤ ਦੋਵਾਂ ਸੂਬਿਆ ਦੇ ਨਾਲ ਲਗਦੇ ਜ਼ਿਲਿਆਂ ਪਟਿਆਲਾ, ਅੰਬਾਲਾ ਤੇ ਕੈਥਲ ਨੂੰ ਜੋੜਦੇ ਸਾਰੇ ਮਾਰਗਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਾਲ-ਨਾਲ ਨਜਾਇਜ਼ ਸ਼ਰਾਬ, ਪੈਸਾ, ਨਸ਼ਿਆ ਤੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਵੀ ਵਿਸ਼ੇਸ਼ ਟੀਮਾਂ ਦੇ ਗਠਨ ਦਾ ਫੈਸਲਾ ਕੀਤਾ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਤਿੰਨ ਪੜਾਵੀ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਦੋਵਾਂ ਸੂਬਿਆ ਨੂੰ ਜੋੜਦੇ ਮਾਰਗਾਂ 'ਤੇ ਜਿਥੇ ਦੋਵਾਂ ਸੂਬਿਆ ਦੀ ਪੁਲਿਸ ਵੱਲੋਂ ਪੱਕੀ ਨਾਕੇਬੰਦੀ ਕੀਤੀ ਜਾਵੇਗੀ ਉਥੇ ਹੀ ਪੈਟਰੋਲਿੰਗ ਦੇ ਨਾਲ-ਨਾਲ ਅਚਨਚੇਤ ਨਾਕੇ ਵੀ ਲਗਾਏ ਜਾਣਗੇ। ਐਸ.ਐਸ.ਪੀ. ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿਥੇ ਹਰਿਆਣਾ ਵਾਲੇ ਪਾਸਿਓ ਆਉਂਦੀ ਨਜਾਇਜ਼ ਸ਼ਰਾਬ ਨੂੰ ਰੋਕਣ ਲਈ ਵਿਚਾਰ ਵਟਾਂਦਰਾ ਹੋਇਆ ਉਥੇ ਹੀ ਸਹਾਰਨਪੁਰ, ਅੰਬਾਲਾ ਤੇ ਗੁਹਲਾ ਵਾਲੇ ਪਾਸਿਓ ਪੰਜਾਬ ਵਿਚ ਦਾਖਲ ਹੁੰਦੇ ਮੈਡੀਕਲ ਨਸ਼ੇ ਨੂੰ ਫੜਨ ਲਈ ਵੀ ਸਾਂਝੀ ਰਣਨੀਤੀ ਘੜੀ ਗਈ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਅਤੇ ਕਿਸੇ ਨੂੰ ਵੀ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਜਾ ਵਿਘਨ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਇਸ ਮੌਕੇ ਐਸ.ਐਸ.ਪੀ. ਅੰਬਾਲਾ ਸ੍ਰੀ ਮੋਹਿਤ ਹਾਂਡਾ, ਐਸ.ਐਸ.ਪੀ. ਕੈਥਲ ਸ੍ਰੀ ਵਸੀਮ ਅਕਰਮ ਅਤੇ ਵਧੀਕ ਡਿਪਟੀ ਕਮਿਸ਼ਨਰ ਅੰਬਾਲਾ ਕੈਪਟਨ ਸ਼ਕਤੀ ਸਿੰਘ ਨੇ ਦੱਸਿਆ ਕਿ ਇੰਨਾਂ ਚੋਣਾਂ ਦੌਰਾਨ ਦੋਵਾਂ ਸੂਬਿਆ ਦੇ ਗਵਾਂਢੀ ਜ਼ਿਲ੍ਹੇ ਇੱਕਜੁਟਤਾ ਨਾਲ ਕੰਮ ਕਰਨਗੇ।ਇਸ ਮੌਕੇ ਪਟਿਆਲਾ ਦੇ ਐਸ.ਪੀ. (ਸਥਾਨਕ) ਡਾ. ਰਵਜੋਤ ਕੌਰ, ਐਸ.ਪੀ. (ਡੀ) ਸ੍ਰੀ ਹਰਪ੍ਰੀਤ ਸਿੰਘ ਹੁੰਦਲ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ ਰਾਜਪੁਰਾ ਸ੍ਰੀ ਕ੍ਰਿਸ਼ਨ ਕੁਮਾਰ ਪੈਥੇ, ਇੰਚਾਰਜ ਸਪੈਸ਼ਲ ਬਰਾਂਚ ਇੰਸਪੈਕਟਰ ਸ਼ਵਿੰਦਰ ਸਿੰਘ, ਇੰਸਪੈਕਟਰ ਵਿਜੈ ਕੁਮਾਰ ਅਤੇ ਹਰਿਆਣਾ ਪੁਲਿਸ ਦੀ ਤਰਫ਼ੋ ਡੀ.ਐਸ.ਪੀ ਪ੍ਰਮੋਦ ਕੁਮਾਰ, ਡੀ.ਐਸ.ਪੀ. ਸੁਲਤਾਨ ਸਿੰਘ, ਡੀ.ਐਸ.ਪੀ ਅਜੀਤ ਕੁਮਾਰ ਸਮੇਤ ਦੋਵਾਂ ਰਾਜਾਂ ਦੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।